ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਖੇਡ ਵਿਭਾਗ ਰੂਪਨਗਰ ਦੇ ਚੱਲ ਰਹੇ ਹੈਂਡਬਾਲ ਖੇਡ ਦੇ ਕੋਚਿੰਗ ਸੈਂਟਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਇੰਟਰਾਮਊਰਲ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਖੇਡ ਵਿਭਾਗ ਦੇ ਵੱਖ-ਵੱਖ ਕੋਚਿੰਗ ਖੇਡ ਸੈਂਟਰਾਂ ਦੇ ਲਗਭਗ 350 ਦੇ ਕਰੀਬ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ। ਇਸ ਮੌਕੇ ਕੁਲਵਿੰਦਰ ਸਿੰਘ ਪ੍ਰਿੰਸੀਪਲ ਖਾਲਸਾ ਸੀ. ਸੈ. ਸਕੂਲ ਰੂਪਨਗਰ ਨੇ ਖਿਡਾਰੀਆਂ ਨਾਲ ਜਾਣ- ਪਹਿਚਾਣ ਕੀਤੀ ਅਤੇ ਉਹਨਾਂ ਨੇ ਖਿਡਾਰੀਆਂ ਨੂੰ ਨਸ਼ਾ ਮੁਕਤ ਹੋ ਕੇ ਖੇਡਣ ਲਈ ਪ੍ਰੇਰਿਤ ਕੀਤਾ। ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਸ: ਸੁਰਜੀਤ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਨ ਲਈ ਪਹੁੰਚੇ ਅਤੇ ਉਹਨਾਂ ਨੇ ਖਿਡਾਰੀਆਂ ਨੂੰ ਖੇਡਾਂ ਦੇ ਨਾਲ-ਨਾਲ ਆਪਣੀ ਸਿਹਤ ਅਤੇ ਪੜ੍ਹਾਈ ਦਾ ਖਾਸ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ। ਇਨ੍ਹਾਂ ਮੁਕਾਬਲਿਆਂ ਦੌਰਾਨ ਲੜਕਿਆਂ ਦੇ ਕਰਵਾਏ ਗਏ ਮੈਚਾਂ ਵਿੱਚ ਕੋਚਿੰਗ ਸੈਂਟਰ ਵਾਲੀਬਾਲ ਨੇ ਪਹਿਲਾ ਸਥਾਨ, ਕੋਚਿੰਗ ਸੈਂਟਰ ਕੈਕਿੰਗ ਅਤੇ ਕੈਨੋਇੰਗ ਨੇ ਦੂਜਾ ਸਥਾਨ ਅਤੇ ਕੋਚਿੰਗ ਸੈਂਟਰ ਕੁਸ਼ਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਲੜਕੀਆਂ ਦੇ ਮੁਕਾਬਲਿਆਂ ਵਿੱਚ ਕੋਚਿੰਗ ਸੈਂਟਰ ਬਾਸਕਟਬਾਲ ਨੇ ਪਹਿਲਾ ਸਥਾਨ, ਕੋਚਿੰਗ ਸੈਂਟਰ ਵਾਲੀਬਾਲ ਨੇ ਦੂਜਾ ਸਥਾਨ, ਕੋਚਿੰਗ ਸੈਂਟਰ ਕੈਕਿੰਗ ਅਤੇ ਕੈਨੋਇੰਗ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਹੈਂਡਬਾਲ ਕੋਚਿੰਗ ਸੈਂਟਰ ਵੱਲੋਂ ਟਰਾਫੀਆਂ ਦਿੱਤੀਆਂ ਗਈਆਂ ਅਤੇ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਖੇਡ ਵਿਭਾਗ ਵੱਲੋਂ ਰਿਫਰੈਸ਼ਮੈਂਟ ਵੀ ਦਿੱਤੀ ਗਈ।ਇਸ ਮੌਕੇ ਸੁਖਦੇਵ ਸਿੰਘ ਫੁੱਟਬਾਲ ਕੋਚ, ਇੰਦਰਜੀਤ ਸਿੰਘ ਹਾਕੀ ਕੋਚ, ਤੁਲਸੀ ਰਾਮ ਹੈਂਡਬਾਲ ਕੋਚ, ਤੇਜਵੀਰ ਸਿੰਘ ਹੈਂਡਬਾਲ ਕੋਚ, ਹਰਿੰਦਰ ਸਿੰਘ ਕੁਸ਼ਤੀ ਕੋਚ, ਹਰਵਿੰਦਰ ਕੌਰ ਵਾਲੀਬਾਲ ਕੋਚ, ਵੰਦਨਾ ਬਾਹਰੀ ਬਾਸਕਟਬਾਲ ਕੋਚ, ਜਗਜੀਵਨ ਸਿੰਘ ਰੋਇੰਗ ਕੋਚ, ਸ਼ੀਲ ਭਗਤ ਬੈਡਮਿੰਟਨ ਕੋਚ, ਸ਼ੈਰਿਨਪ੍ਰੀਤ ਸਿੰਘ ਤੈਰਾਕੀ ਕੋਚ, ਰੁਪੇਸ਼ ਕੁਮਾਰ ਬਾਸਕਟਬਾਲ ਕੋਚ, ਹਰਿੰਦਰ ਕੌਰ ਹਾਕੀ ਕੋਚ, ਹਰਵਿੰਦਰ ਕੌਰ ਕਬੱਡੀ ਕੋਚ ਅਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਹੋਏ।