ਮਿਸ਼ਨ ਤੰਦਰੁਸਤ ਪੰਜਾਬ ਅਧੀਨ ਖੇਤੀਬਾੜੀ ਵਿਕਾਸ ਅਫਸਰ, ਬਸੀ ਪਠਾਣਾ ਡਾ. ਸੁਨਿੰਦਰ ਸਿੰਘ ਨੇ ਕਿਰਨ ਐਗਰੋ ਸੈਂਟਰ ਬਸੀ ਪਠਾਣਾ ਦੁਕਾਨ ਤੋਂ ਸਲਫਰ 90 ਫੀਸਦੀ ਖਾਦ ਦਾ ਸੈਂਪਲ ਭਰਿਆ ਅਤੇ ਸੇਲ ਚੈਕ ਕੀਤੀ। ਇਸੇ ਤਰ੍ਹਾਂ ਉਨ੍ਹਾਂ ਐਸ.ਐਸ. ਫਰਟੀਲਾਈਜ਼ਰ, ਨੰਦਪੁਰ ਕਲੌੜ ਤੋਂ ਡੀ.ਏ.ਪੀ. ਖਾਦ ਦਾ ਸੈਂਪਲ ਭਰਿਆ ਅਤੇ ਸਰਦਾਰ ਪੈਸਟੀਸਾਈਡਜ਼ ਐਂਡ ਸੀਡ ਸਟੋਰ ਤੋਂ ਪੋਟਾਸ਼ ਖਾਦ ਦਾ ਸੈਂਪਲ ਭਰਿਆ ਗਿਆ। ਡਾ. ਸੁਨਿੰਦਰ ਸਿੰਘ ਨੇ ਇਨ੍ਹਾਂ ਦੁਕਾਨਾਂ ਦੀ ਸੇਲ ਵੀ ਚੈਕ ਕੀਤੀ।ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਵੱਛ ਵਾਤਾਵਰਣ, ਪੀਣ ਵਾਲਾ ਸਾਫ ਸੁਥਰਾ ਪਾਣੀ ਅਤੇ ਬਿਨਾਂ ਮਿਲਾਵਟ ਖਾਣ ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਪੰਜਾਬ ਦਾ ਹਰੇਕ ਨਾਗਰਿਕ ਤੰਦਰੁਸਤ ਤੇ ਸਿਹਤਮੰਦ ਰਹਿ ਸਕੇ। ਉਨ੍ਹਾਂ ਖਾਦਾਂ ਤੇ ਕੀਟ ਨਾਸ਼ਕ ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਸਖਤ ਹਦਾਇਤ ਕੀਤੀ ਕਿ ਪਹਿਲਾਂ ਤੋਂ ਹੀ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਸਿਰਫ ਮਿਆਰੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਵਾਨਤ ਕੀਤੀਆਂ ਦਵਾਈਆਂ ਤੇ ਖਾਦਾਂ ਹੀ ਵੇਚੀਆਂ ਜਾਣ ਅਤੇ ਵੇਚੀ ਜਾਣ ਵਾਲੀ ਦਵਾਈ ਦਾ ਪੱਕਾ ਬਿਲ ਜਰੂਰ ਕੱਟਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੁਕਾਨਦਾਰ ਵੱਲੋਂ ਕਿਸਾਨਾਂ ਨੂੰ ਘਟੀਆ ਜਾਂ ਘੱਟ ਮਿਆਰੀ ਖਾਦ ਜਾਂ ਕੀਟਨਾਸ਼ਕ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਡਾ. ਸੁਨਿੰਦਰ ਸਿੰਘ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਖਰੀਦੀ ਗਈ ਖਾਦ ਤੇ ਦਵਾਈ ਦਾ ਪੱਕਾ ਬਿਲ ਜਰੂਰ ਲੈਣ ਤਾਂ ਜੋ ਖਾਦ ਜਾਂ ਕੀਟ ਨਾਸ਼ਕ ਦਵਾਈ ਵੱਲੋਂ ਅਸਰ ਨਾ ਵਿਖਾਉਣ 'ਤੇ ਸਬੰਧਤ ਦੁਕਾਨਦਾਰ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕੇ।