ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਦਿੱਤੇ ਗਏ ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ. ਚਰਨਦੇਵ ਸਿੰਘ ਮਾਨ ਅਤੇ ਐਸ.ਪੀ. ਹਰਬੀਰ ਸਿੰਘ ਅਟਵਾਲ ਵੱਲੋਂ ਮਾਈਨਿੰਗ ਸਾਈਟਾਂ ਅਤੇ ਉਨ੍ਹਾਂ ਥਾਵਾਂ ਦੀ ਚੈਕਿੰਗ ਕੀਤੀ ਗਈ, ਜਿੱਥੇ ਨਾਜਾਇਜ਼ ਖਣਿਜ ਪਦਾਰਥ ਰੱਖੇ ਹੋਏ ਹਨ। ਇਸ ਦੌਰਾਨ ਨਾਜਾਇਜ਼ ਮਾਈਨਿੰਗ ਲਈ ਵਰਤੀ ਜਾ ਰਹੀ ਮਸ਼ੀਨਰੀ ਜ਼ਬਤ ਵੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ. ਮਾਨ ਨੇ ਦੱਸਿਆ ਕਿ ਪਿੰਡ ਕਕਰਾਲੀ ਵਿਖੇ ਇੱਕ ਪੈਲੇਸ ਨੇੜੇ ਭਾਰੀ ਮਾਤਰਾ 'ਚ ਨਾਜਾਇਜ਼ ਖਣਿਜ ਪਦਾਰਥਾਂ ਦਾ ਭੰਡਾਰ ਰੱਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਰੇਤਾ ਤੇ ਬੱਜਰੀ ਹਰਿਆਣਾ ਅਤੇ ਪੰਜਾਬ ਦੋਵਾਂ ਵਿੱਚੋਂ ਕੱਢੀ ਗਈ ਸੀ। ਇਸ ਸਬੰਧੀ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਜਿਹੜੇ ਵਿਅਕਤੀਆਂ ਵੱਲੋਂ ਇਹ ਪਦਾਰਥ ਇੱਥੇ ਰਖਵਾਏ ਗਏ ਹਨ, ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਸ. ਮਾਨ ਨੇ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਮੁਬਾਰਕਪੁਰ ਵਿਖੇ ਵੀ ਗ਼ੈਰਕਾਨੂੰਨੀ ਮਾਈਨਿੰਗ ਸਬੰਧੀ ਪੜਤਾਲ ਕੀਤੀ ਗਈ ਤੇ ਮੌਕੇ 'ਤੇ ਦੌਰਾ ਕਰਨ 'ਤੇ ਪਾਇਆ ਗਿਆ ਕਿ ਤਕਰੀਬਨ ਦਸ ਏਕੜ ਜ਼ਮੀਨ ਵਿੱਚੋਂ ਤਾਜ਼ਾ ਨਿਕਾਸੀ ਕੀਤੀ ਗਈ ਹੈ। ਇਸ ਸਬੰਧੀ ਨਾਇਬ ਤਹਿਸੀਲਦਾਰ ਤੇ ਹਲਕਾ ਪਟਵਾਰੀ ਨੂੰ ਮੌਕਾ ਦਾ ਨਕਸ਼ਾ ਤਿਆਰ ਕਰਨ ਅਤੇ ਮਾਲ ਕਾਰਡ ਅਨੁਸਾਰ ਰਿਪੋਰਟ ਤਿਆਰ ਕਰਨ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।
ਇਸੇ ਤਰ੍ਹਾਂ ਪਿੰਡ ਨੱਗਲਾ ਦੀਆਂ ਗ਼ੈਰਕਾਨੂੰਨੀ ਨਿਕਾਸੀ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਜ਼ਿਲ੍ਹ੍ਰਾ ਮਾਈਨਿੰਗ ਅਫ਼ਸਰ ਅਤੇ ਸਬੰਧਤ ਥਾਣਾ ਮੁਖੀ ਨੂੰ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ੀਰਕਪੁਰ ਵਿਖੇ ਇੱਕ ਹਸਪਤਾਲ ਦੀ ਸਾਈਟ 'ਤੇ ਬਿਨਾਂ ਕਿਸੇ ਪ੍ਰਵਾਨਗੀ ਤੋਂ ਨਿਕਾਸੀ ਲਈ ਚੱਲ ਰਹੀ ਜੇਸੀਬੀ ਨੂੰ ਪੁਲੀਸ ਵੱਲੋਂ ਕਬਜ਼ੇ ਵਿੱਚ ਲਿਆ ਗਿਆ ਅਤੇ ਜ਼ਿਲ੍ਹਾ ਮਾਈਨਿੰਗ ਅਫ਼ਸਰ ਨੂੰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲਦ ਹੀ ਵੱਡੇ ਪੱਧਰ 'ਤੇ ਟੀਮਾਂ ਬਣਾ ਕੇ ਸਕਰੀਨਿੰਗ ਪਲਾਂਟਾਂ ਤੇ ਕਰੱਸ਼ਰਾਂ ਦੀ ਪੜਤਾਲ ਕਰਵਾਈ ਜਾਵੇਗੀ ਤੇ ਜੇਕਰ ਗ਼ੈਰਕਾਨੂੰਨੀ ਨਿਕਾਸੀ ਦਾ ਕੋਈ ਵੀ ਮਾਮਲਾ ਸਾਹਮਣੇ ਆਇਆ ਤਾਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਐਸ.ਪੀ. ਹਰਬੀਰ ਸਿੰਘ ਅਟਵਾਲ ਵੱਲੋਂ ਪੁਲੀਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਸਾਰੇ ਜ਼ਿਲ੍ਹੇ ਵਿੱਚ ਲਗਾਏ ਗਏ ਅੰਤਰ-ਵਿਭਾਗੀ ਨਾਕਿਆਂ ਨੂੰ ਪ੍ਰਭਾਵੀ ਢੰਗ ਨਾਲ ਚਲਾ ਕੇ ਗ਼ੈਰਕਾਨੂੰਨੀ ਮਾਈਨਿੰਗ ਨੂੰ ਨੱਥ ਪਾਈ ਜਾਵੇ। ਚੈਕਿੰਗ ਦੌਰਾਨ ਜ਼ਿਲ੍ਹਾ ਮਾਈਨਿੰਗ ਅਫ਼ਸਰ ਸਿਮਰਨਪ੍ਰੀਤ ਕੌਰ ਢਿੱਲੋਂ, ਬੀ.ਐਲ.ਈ.ਓ. ਬਲਜੀਤ ਸਿੰਘ, ਨਾਇਬ ਤਹਿਸੀਲਦਾਰ ਡੇਰਾਬੱਸੀ ਕਰਮਜੀਤ ਸਿੰਘ ਤੇ ਵੱਡੀ ਗਿਣਤੀ ਵਿੱਚ ਪੁਲੀਸ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਸਨ।