ਆਪ ਦੇ ਐੱਮ ਪੀ ਵੱਲੋਂ ਖਹਿਰੇ ਨੂੰ 'ਮਰਦ ਅਗੰਮੜਾ' ਕਹਿਣ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਪਹੁੰਚਿਆ
ਪੰਥਕ ਆਗੂਆਂ ਨੇ ਮੰਗ ਪੱਤਰ ਰਾਹੀਂ ਦੋਹਾਂ ਨੂੰ ਸਿੱਖ ਪਰੰਪਰਾ ਅਨੁਸਾਰ ਸਜਾ ਦੇਣ ਦੀ ਕੀਤੀ ਅਪੀਲ
Web Admin
5 Dariya News (ਕੁਲਜੀਤ ਸਿੰਘ)
ਅੰਮ੍ਰਿਤਸਰ , 03 Jan 2018
Last updated on: Jan 03, 2018, 00:00 IST
ਆਮ ਆਦਮੀ ਪਾਰਟੀ ਦੇ ਸੰਸਦ ਸਾਧੂ ਸਿੰਘ ਵੱਲੋਂ ਵਿਰੋਧੀ ਧਿਰ ਦੇ ਨੇਤਾ ਅਤੇ ਆਪ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਖੁਸ਼ਾਮਦ 'ਚ ਉਹਨਾਂ ਨੂੰ 'ਮਰਦ ਅਗੰਮੜਾ ' ਕਹਿਣ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਗਿਆ ਹੈ। ਪੰਥਕ ਆਗੂਆਂ ਨੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਮੰਗ ਪੱਤਰ ਦਿੰਦਿਆਂ ਦੋਹਾਂ ਵਿਰੁੱਧ ਬਣਦੀ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।ਪੰਥ ਆਗੂ ਸ਼੍ਰੋਮਣੀ ਕਮੇਟੀ ਮੈਂਬਰਾਂ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ: ਹਰਜਾਪ ਸਿੰਘ ਸੁਲਤਾਨਵਿੰਡ, ਮੰਗਵਿੰਦਰ ਸਿੰਘ ਖਾਪੜਖੇੜੀ, ਭਾਈ ਅਜਾਇਬ ਸਿੰਘ ਅਭਿਆਸੀ ਅਤੇ ਪ੍ਰੋ: ਸਰਚਾਂਦ ਸਿੰਘ ਨੇ ਮੰਗ ਪੱਤਰ ਵਿੱਚ ਕਿਹਾ ਕਿ ਸਿੱਖ ਸਾਹਿੱਤ, ਇਤਿਹਾਸ ਅਤੇ ਪਰੰਪਰਾ ਵਿੱਚ ਮਰਦ ਅਗੰਮੜਾ ਸਿਰਫ਼ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਹੀ ਕਿਹਾ ਜਾਂਦਾ ਹੈ।ਜਿਨ੍ਹਾਂ ਨੇ ਸਿੱਖੀ ਸਿਧਾਂਤ ਅਤੇ ਫ਼ਲਸਫ਼ੇ ਨੂੰ ਮੁਕੰਮਲ ਕਰਨ ਲਈ ਜਬਰ ਜ਼ੁਲਮ ਨਾਲ ਲੋਹਾ ਲਿਆ। ਆਪਣਾ ਸਾਰਾ ਸਰਬੰਸ ਕੁਰਬਾਨ ਕੀਤਾ। ਖ਼ਾਲਸਾ ਸਾਜਦਿਆਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਉਪਰੰਤ ਉਹਨਾਂ ਤੋਂ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਜਿਸ ਕਾਰਨ ਉਹਨਾਂ ਨੂੰ ਮਰਦ ਅਗੰਮੜਾ ਕਿਹਾ ਜਾਂਦਾ ਹੈ। ਉਹਨਾਂ ਕਿਹਾ ਕਿ ਸਿੱਖ ਸੰਸਕਾਰਾਂ ਤੇ ਰਹੂ ਰੀਤਾਂ ਤੋਂ ਜਾਣੂ ਹੋਣ ਦੇ ਬਾਵਜੂਦ ਬੀਤੇ ਦਿਨੀਂ ਇੱਕ ਸਮਾਗਮ ਦੌਰਾਨ ਸਾਧੂ ਸਿੰਘ ਐੱਮ ਪੀ ਨੇ ਸੁਖਪਾਲ ਸਿੰਘ ਖਹਿਰਾ ਦੀ ਖੁਸ਼ਾਮਦ ਸਮੇਂ ਸਭ ਹੱਦਾਂ ਪਾਰ ਕਰਦਿਆਂ ਉਸ ਨੂੰ ਮਰਦ ਅਗੰਮੜਾ ਕਿਹਾ ਜਿਸ ਪ੍ਰਤੀ ਖਹਿਰਾ ਵੱਲੋਂ ਵੀ ਕੋਈ ਖੰਡਨ ਨਾ ਕਰਦਿਆਂ ਗੁਰੂ ਸਾਹਿਬ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਨੇ ਕਿ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪਹੁੰਚਾਈ ਹੈ। ਜੋ ਕਿ ਨਾ ਬਖ਼ਸ਼ਣ ਯੋਗ ਅਪਰਾਧ ਹੈ, ਇਸ ਲਈ ਉਕਤ ਦੋਹਾਂ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਦਿਆਂ ਸਿੱਖ ਧਰਮ ਦੀਆਂ ਪਰੰਪਰਾਵਾਂ ਮੁਤਾਬਿਕ ਸਜਾ ਦਿੱਤੀ ਜਾਵੇ। ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਉਕਤ ਆਗੂਆਂ ਖ਼ਿਲਾਫ਼ ਯੋਗ ਕਾਰਵਾਈ ਕਰਨ ਦਾ ਪੰਥਕ ਆਗੂਆਂ ਨੂੰ ਭਰੋਸਾ ਦਿੱਤਾ ਹੈ।ਇਸ ਮੌਕੇ ਅਰਜਨ ਸਿੰਘ ਸੁਰ ਸਿੰਘ, ਭਗਵੰਤ ਸਿੰਘ ਕੋਟ ਖ਼ਾਲਸਾ, ਹਰਦੇਵ ਸਿੰਘ ਸਰਾਂ, ਸਰਪੰਚ ਸੰਤੋਖ ਸਿੰਘ ਆਦਿ ਵੀ ਮੌਜੂਦ ਸਨ।