ਪਟਿਆਲਾ ਦੀ ਇੱਕ ਅਦਾਲਤ ਨੇ ਅੱਜ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਵੱਲੋਂ ਦਰਜ ਇੱਕ ਮੁਕੱਦਮੇ ਦਾ ਫੈਸਲਾ ਸੁਣਾਉਂਦਿਆਂ ਦੋਸ਼ੀ ਸੁਖਵਿੰਦਰ ਸਿੰਘ ਪਟਵਾਰੀ ਹਲਕਾ ਸਮਾਣਾ, ਜ਼ਿਲ੍ਹਾ ਪਟਿਆਲਾ ਸਮੇਤ ਸੱਤ ਹੋਰ ਵਿਅਕਤੀਆਂ ਨੂੰ ਭ੍ਰਿਸ਼ਟਾਚਾਰ ਅਤੇ ਜਾਅਲਸਾਜ਼ੀ ਦੇ ਦੋਸਾਂ ਤਹਿਤ ਤਿੰਨ-ਤਿੰਨ ਸਾਲ ਦੀ ਕੈਦ ਅਤੇ ਤਿੰਨ-ਤਿੰਨ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬਿਊਰੋ ਦੀ ਪਟਿਆਲਾ ਰੇਂਜ ਵੱਲੋਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਡੀ), 13(2) ਅਤੇ ਭਾਰਤੀ ਦੰਡਾਵਲੀ ਦੀ ਧਾਰਾ 416, 420, 467, 468, 471, 120-ਬੀ ਤਹਿਤ ਮੁਕੱਦਮਾ ਨੰਬਰ 03 ਮਿਤੀ 10-01-2008 ਨੂੰ ਸੁਖਵਿੰਦਰ ਸਿੰਘ ਪਟਵਾਰੀ, ਰਸ਼ਮਿੰਦਰ ਸਿੰਘ ਵਾਸੀ ਖੇੜੀ ਫੱਤਣ, ਸੁਖਵਿੰਦਰ ਸਿੰਘ ਉਰਫ਼ ਸੁੱਖਾ ਸਾਬਕਾ ਸਰਪੰਚ ਪਿੰਡ ਖੇੜੀ ਫੱਤਣ, ਜਰਨੈਲ ਸਿੰਘ ਨੰਬਰਦਾਰ ਵਾਸੀ ਖੇੜੀ ਫੱਤਣ, ਮਸ਼ਹੂਰ ਸਿੰਘ, ਬੂਟਾ ਸਿੰਘ, ਤਾਜਵਿੰਦਰ ਸਿੰਘ, ਰਵਿੰਦਰ ਕੁਮਾਰ ਵਾਸੀ ਸਮਾਣਾ ਅਤੇ ਸ੍ਰੀਮਤੀ ਸਤਵਿੰਦਰ ਕੌਰ ਵਾਸੀ ਦਿੜ੍ਹਬਾ, ਜ਼ਿਲ੍ਹਾ ਸੰਗਰੂਰ ਵਿਰੁੱਧ ਦਰਜ ਕੀਤਾ ਗਿਆ ਸੀ ਕਿਉਂਕਿ ਸੁਖਵਿੰਦਰ ਸਿੰਘ ਪਟਵਾਰੀ ਨੇ ਸਰਕਾਰੀ ਕਰਮਚਾਰੀ ਹੁੰਦੇ ਹੋਏ ਮਾਲ ਮਹਿਕਮੇ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣਦਿਆਂ ਜਾਅਲੀ ਫਰਦ ਤਿਆਰ ਕਰਕੇ ਉਕਤ ਦੋਸ਼ੀਆਂ ਨਾਲ ਮਿਲਕੇ 107 ਕਨਾਲ 10 ਮਰਲੇ ਜ਼ਮੀਨ ਦੀ ਜਾਅਲੀ ਰਜਿਸਟਰੀ ਕਰਵਾ ਕੇ ਕੇਵਲ 48 ਲੱਖ ਰੁਪਏ ਵਿਚ ਇਹ ਜ਼ਮੀਨ ਵੇਚ ਦਿੱਤੀ ਸੀ ਜਦਕਿ ਉਸ ਜ਼ਮੀਨ ਦੀ ਅਸਲ ਕੀਮਤ ਇੱਕ ਕਰੋੜ 72 ਲੱਖ ਰੁਪਏ ਸੀ।ਉਨਾਂ ਦੱਸਿਆ ਕਿ ਇਹ ਮੁਕੱਦਮਾ ਸ੍ਰੀ ਰਵਦੀਪ ਸਿੰਘ ਹੁੰਦਲ, ਐਡੀਸ਼ਨਲ ਸੈਸ਼ਨ ਜੱਜ ਪਟਿਆਲਾ ਦੀ ਅਦਾਲਤ ਵਿਚ ਸੁਣਵਾਈ ਅਧੀਨ ਸੀ। ਅੱਜ ਅਦਾਲਤ ਨੇ ਇਸ ਕੇਸ ਦਾ ਫੈਸਲਾ ਸੁਣਾਉਂਦਿਆਂ ਸਮੂਹ ਦੋਸ਼ੀਆਂ ਨੂੰ ਤਿੰਨ-ਤਿੰਨ ਸਾਲ ਦੀ ਕੈਦ ਅਤੇ ਤਿੰਨ-ਤਿੰਨ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ ਜਦਕਿ ਸੁਖਵਿੰਦਰ ਸਿੰਘ ਪਟਵਾਰੀ ਨੂੰ 13000/- ਰੁਪਏ ਜੁਰਮਾਨਾ ਕੀਤਾ ਹੈ। ਇਸ ਕੇਸ ਵਿੱਚ ਰਵਿੰਦਰ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਹੈ।