ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ਵਿੱਚ 9 ਥਾਵਾਂ ਤੋਂ ਦਸਵੀਂ ਜਮਾਤ ਦੇ ਵਿਗਿਆਨ ਦੀ ਪੰਜਾਬੀ ਮਾਧਿਅਮ ਦੀ ਜਾਅਲੀ ਪੁਸਤਕਾਂ ਬਰਾਮਦ ਕੀਤੀਆਂ ਗਈਆਂ। ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਤੇ ਬੋਰਡ ਦੀ ਚੇਅਰਪਰਸਨ ਡਾ.ਤੇਜਿੰਦਰ ਕੌਰ ਧਾਲੀਵਾਲ ਦੀਆਂ ਹਦਾਇਤਾਂ ਤਹਿਤ ਬੋਰਡ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਕੀਤੀ ਅਚਨਚੇਤੀ ਚੈਕਿੰਗ ਦੌਰਾਨ ਇਹ ਮਾਮਲੇ ਸਾਹਮਣੇ ਆਇਆ ਜਿੱਥੇ ਕਪੂਰਥਲਾ ਦੇ 'ਕਾਲਜ ਬੁੱਕ ਸਟੋਰ' ਅਤੇ 5 ਜ਼ਿਲ੍ਹਿਆਂ ਦੇ ਵੱਖ-ਵੱਖ 8 ਸਕੂਲਾਂ ਤੋਂ ਇਹ ਜਾਅਲੀ ਪੁਸਤਕਾਂ ਬਰਾਮਦ ਕੀਤੀਆਂ ਗਈਆਂ।ਇਸ ਸਬੰਧੀ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਬੋਰਡ ਦੇ ਸਕੱਤਰ ਸ੍ਰੀ ਜੇ.ਆਰ.ਮਹਿਰੋਕ ਨੇ ਦੱਸਿਆ ਕਿ ਬੋਰਡ ਵੱਲੋਂ ਕੀਤੀ ਇਸ ਕਾਰਵਾਈ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਰੋਕਣ ਅਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਤੋਂ ਰੋਕਣ ਲਈ ਮੁਹਾਲੀ ਦੇ ਐਸ.ਐਸ.ਪੀ. ਨੂੰ ਪੱਤਰ ਲਿਖ ਕੇ ਇਸ ਸਬੰਦੀ ਜਾਣਕਾਰੀ ਦਿੰਦਿਆਂ ਐਫ.ਆਈ.ਆਰ. ਦਰਜ ਕਰ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਪੁਲਿਸ ਨੂੰ ਵੱਖ-ਵੱਖ ਥਾਵਾਂ ਤੋਂ ਬਰਾਮਦ ਜਾਅਲੀ ਪੁਸਤਕਾਂ ਦੀ ਇਕ-ਇਕ ਕਾਪੀ ਵੀ ਭੇਜੀ ਗਈ ਹੈ।ਬੋਰਡ ਦੇ ਸਕੱਤਰ ਨੇ ਅਗਾਂਹ ਦੱਸਿਆ ਕਿ ਫੀਲਡ ਵਿੱਚ ਜਾਅਲੀ ਪੁਸਤਕਾਂ ਦੀ ਵਿਕਰੀ ਦਾ ਮਾਮਲੇ ਸਬੰਧੀ ਸਿੱਖਿਆ ਮੰਤਰੀ ਡਾ.ਚੀਮਾ ਦੇ ਧਿਆਨ ਵਿੱਚ ਮਾਮਲਾ ਆਇਆ ਸੀ ਜਿਸ ਨੂੰ ਸਿੱਖਿਆ ਮੰਤਰੀ ਨੇ ਗੰਭੀਰਤਾ ਨਾਲ ਲੈਂਦਿਆਂ ਬੋਰਡ ਦੀ ਚੇਅਰਪਰਸਨ ਡਾ.ਧਾਲੀਵਾਲ ਨਾਲ ਗੱਲ ਕਰ ਕੇ ਇਸ ਮਾਮਲੇ ਸਬੰਧੀ ਜਲਦ ਤੋਂ ਜਲਦ ਕਾਰਵਾਈ ਕਰਨ ਲਈ ਕਿਹਾ।
ਚੇਅਰਪਰਸਨ ਦੀਆਂ ਹਦਾਇਤਾਂ 'ਤੇ ਬੋਰਡ ਵੱਲੋਂ ਵਿਸ਼ੇਸ਼ ਟੀਮਾ ਬਣਾ ਕੇ ਸੂਬੇ ਭਰ ਵਿੱਚ ਸਮੂਹ 22 ਜ਼ਿਲ੍ਹਿਆਂ ਦੇ ਡਿਪੂਆਂ ਅਤੇ 326 ਸਕੂਲਾਂ ਦੀ ਅਚਨਚੇਤੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਕਪੂਰਥਲਾ ਵਿੱਚ ਕਾਲਜ ਬੁੱਕ ਸਟੋਰ ਤੋਂ ਜਾਅਲੀ ਪੁਸਤਕ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਸੂਬੇ ਦੇ 5 ਜ਼ਿਲ੍ਹਿਆਂ ਵਿੱਚ 8 ਸਕੂਲਾਂ ਤੋਂ ਵੀ ਜਾਅਲੀ ਪੁਸਤਕਾਂ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਸੈਣੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੁਰੂ ਨਾਨਕ ਦੇਵ ਨਗਰ ਹੈਬੋਵਾਲ ਕਲਾਂ (ਲੁਧਿਆਣਾ), ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਾਵਰ ਹਾਊਸ ਕਲੋਨੀ ਪਟਿਆਲਾ, ਸੁਮਨ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਲੱਧੇਵਾਲੀ ਜਲੰਧਰ, ਸੀਨੀਅਰ ਮਾਡਲ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ, ਪਸਸਬ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਖਟਕੜ ਕਲਾਂ (ਨਵਾਂਸ਼ਹਿਰ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਮ ਨਗਰ (ਮੋਗਾ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਡਾਲਾ (ਮੋਗਾ) ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਡਾਲਾ (ਮੋਗਾ) ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਫੜੀਆ ਗਈਆਂ ਇਨ੍ਹਾਂ ਜਾਅਲੀ ਪੁਸਤਕਾਂ ਵਿੱਚ ਬੋਰਡ ਦਾ ਲੋਗੋ ਸਮੇਤ ਅਸਲ ਪੁਸਤਕ ਵਾਲੀ ਸਾਰੀ ਸਮੱਗਰੀ ਲਗਾਈ ਗਈ ਹੈ। ਇਨ੍ਹਾਂ ਪੁਸਤਕਾਂ ਦੀ ਜਾਅਲੀ ਹੋਣ ਦੀ ਪੁਸ਼ਟੀ ਇਨ੍ਹਾਂ ਦੀ ਪ੍ਰਿਟਿੰਗ ਵਿੱਚ ਲੱਗੇ ਰਾਜਸਥਾਨ ਬੋਰਡ ਦੇ ਵਾਟਰ ਮਾਰਕ ਤੋਂ ਹੋਈ ਹੈ। ਇਸ ਤੋਂ ਇਲਾਵਾ ਇਸ ਦਾ ਅਕਾਰ ਵੀ ਛੋਟਾ ਹੈ ਅਤੇ ਰੰਗ ਵਿੱਚ ਵੀ ਫਰਕ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਰੋਕਣ ਅਤੇ ਬੋਰਡ ਨੂੰ ਵਿੱਤੀ ਨੁਕਸਾਨ ਪਹੁੰਚਾਣ ਲਈ ਕੀਤੀ ਇਹ ਕਾਰਵਾਈ ਨੂੰ ਅੱਗੇ ਵਾਸਤੇ ਰੋਕਣ ਲਈ ਪੁਲੀਸ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਲਈ ਕਿਹਾ ਗਿਆ ਹੈ।