ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਜਸਥਾਨ ਵਿਚ ਭੁੱਕੀ ਦੇ ਠੇਕਿਆਂ ਦਾ ਮੁੜ ਖੁੱਲਣਾ ਮੰਦਭਾਗਾ ਹੈ ਜਦੋਕਿ ਉਚ ਅਦਾਲਤ ਵਲੋਂ ਪਹਿਲਾਂ ਸੂਬੇ ਵਿਚ ਇਨ੍ਹਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਇਕ ਲੋਕਤੰਤਰਿਕ ਦੇਸ਼ ਵਿਚ ਇਕ ਮੁੱਦੇ 'ਤੇ ਦੋ ਵਖਰੇ ਕਾਨੂੰਨ ਨਹੀਂ ਹੋ ਸਕਦੇ ਅਤੇ ਪੰਜਾਬ ਸਰਕਾਰ ਇਸ ਸਬੰਧ ਵਿਚ ਕਾਨੂੰਨੀ ਚਾਰਾਜੋਈ ਕਰਨ ਦਾ ਵਿਚਾਰ ਕਰ ਰਹੀ ਹੈ।ਬਠਿੰਡਾ ਦੇ ਘੁੱਦਾ ਪਿੰਡ ਵਿਖੇ ਕੇਂਦਰੀ ਯੂਨੀਵਰਸਿਟੀ ਦੇ ਨੀਂਹ ਪੱਥਰ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਦੇਸ਼ ਵਿਚ ਨਸ਼ਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਅਪਣਾਈਆਂ ਗਲਤ ਨੀਤੀਆਂ ਦਾ ਸ਼ਿਕਾਰ ਪੰਜਾਬ ਨੂੰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਿਸੇ ਰੂਪ ਵਿਚ ਵੀ ਨਸ਼ੇ ਦਾ ਉਤਪਾਦਨ ਨਹੀਂ ਹੁੰਦਾ। ਉਨ੍ਹਾਂ ਸੂਬੇ ਵਿਚ ਨਸ਼ਿਆਂ ਖਿਲਾਫ ਇਕ ਸਾਰ ਨੀਤੀ ਅਪਣਾਏ ਜਾਣ ਦੀ ਲੋੜ 'ਤੇ ਵੀ ਜੋਰ ਦਿੱਤਾ।
ਮਾਲਵਾ ਖੇਤਰ ਵਿਚ ਨਰਮੇ ਦੀ ਫਸਲ 'ਤੇ ਚਿੱਟੀ ਮੱਖੀ ਦੇ ਹੋਏ ਹਮਲੇ ਬਾਰੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪ੍ਰਭਾਵਿਤ ਨਰਮਾ ਕਾਸ਼ਤਕਾਰਾਂ ਨੂੰ ਇਸ ਕਾਰਨ ਹੋਏ ਨੁਕਸਾਨ ਲਈ ਛੇਤੀ ਹੀ ਮੁਆਵਜਾ ਮਿਲੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਨਕਲੀ ਕੀੜੇਮਾਰ ਦਵਾਈਆਂ ਦੀ ਵਿਕਰੀ ਕਰਨ ਵਾਲੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।ਉਨ੍ਹਾਂ ਇਹ ਜਾਣਕਾਰੀ ਵੀ ਦਿੱਤੀ ਕਿ ਸੂਬਾ ਸਰਕਾਰ ਵਲੋਂ ਛੇਤੀ ਹੀ ਵੱਖ-ਵੱਖ ਵਿਭਾਗਾਂ ਵਿਚ ਇਕ ਲੱਖ ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ, ਜਿਸ ਨਾਲ ਸੂਬੇ ਦੇ ਵਿਕਾਸ ਵਿਚ ਤੇਜੀ ਆਉਣ ਦੇ ਨਾਲ ਹੀ ਨੌਜਵਾਨਾਂ ਨੂੰ ਰੁਜਗਾਰ ਵੀ ਮਿਲੇਗਾ। ਸ. ਬਾਦਲ ਨੇ ਐਲਾਨ ਕੀਤਾ ਕਿ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਲਈ ਖੋਲੇ ਮੇਰੀਟੋਰੀਅਸ ਸਕੂਲਾਂ ਦੀ ਤਰਜ਼ 'ਤੇ ਮੈਰੀਟੋਰੀਅਸ ਕਾਲਜ ਵੀ ਖੋਲੇ ਜਾਣਗੇ ਤਾਂ ਜੋ ਵਿਦਿਆਰਥੀ ਉਚੇਰੀ ਸਿੱਖਿਆ ਹਾਸਲ ਕਰ ਸਕਣ।ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਜਿਲਾ ਪੁਲਿਸ ਮੁਖੀ ਇੰਦਰ ਮੋਹਨ ਸਿੰਘ ਭੱਟੀ, ਏ.ਡੀ.ਸੀ (ਜਨਰਲ) ਸੁਮਿਤ ਜਾਰੰਗਲ, ਏ.ਡੀ.ਸੀ (ਵਿਕਾਸ) ਵਰਿੰਦਰ ਸ਼ਰਮਾ, ਐਸ.ਡੀ.ਐਮ ਬਠਿੰਡਾ ਦਮਨਜੀਤ ਮਾਨ ਵੀ ਮੌਜੂਦ ਸਨ।