ਪੰਜਾਬ ਸਰਕਾਰ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਦਮ ਸਦਕਾ ਗੁਰੂ ਸਾਹਿਬਾਨਾਂ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਾਉਣ ਲਈ ਆਰੰਭੀ ਧਾਰਮਿਕ ਦਰਸ਼ਨ ਦੀਦਾਰ ਯਾਤਰਾ ਜੋ ਕਿ ਫਤਹਿਗੜ੍ਹ ਸਾਹਿਬ ਤੋਂ ਐਸ.ਏ.ਐਸ.ਨਗਰ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਗੁਰੂਦੁਆਰਾ ਅੰਬ ਸਾਹਿਬ ਵਿਖੇ ਪੁੱਜੀ ਸੀ ਅਤੇ ਰਾਸਤੇ ਵਿੱਚ ਇਨ੍ਹਾਂ ਪਵਿੱਤਰ ਨਿਸ਼ਾਨੀਆਂ ਦੇ ਹਜ਼ਾਰਾ ਸੰਗਤਾਂ ਨੇ ਦਰਸ਼ਨ ਕੀਤੇ ਸਨ ਅਤੇ ਹੁਣ ਇਹ ਧਾਰਮਿਕ ਦਰਸ਼ਨ ਦੀਦਾਰ ਯਾਤਰਾ ਚੰਡੀਗੜ੍ਹ ਦੀਆਂ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਗੁਰੂਦੁਆਰਾ ਅੰਬ ਸਾਹਿਬ ਤੋਂ ਚੰਡੀਗੜ੍ਹ ਲਈ ਰਵਾਨਾ ਕੀਤੀ ਗਈ। ਇਸ ਮੋਕੇ ਜ਼ਿਲ੍ਹਾ ਪੁਲਿਸ ਵੱਲੋਂ ਡੀ.ਐਸ.ਪੀ ਰਾਜਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ ਅਤੇ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਸ੍ਰ: ਬਲਵੰਤ ਸਿੰਘ ਰਾਮੂਵਾਲੀਆ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸ਼ਨ ਬੀਬੀ ਅਮਨਜੋਤ ਕੋਰ ਰਾਮੂਵਾਲੀਆ , ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਸ੍ਰ: ਜੋਗਿੰਦਰ ਸਿੰਘ ਸਲੈਚ, ਜਥੇਬੰਦਕ ਸਕੱਤਰ ਜਥੇਦਾਰ ਅਮਰੀਕ ਸਿੰਘ ਮੋਹਾਲੀ, ਚੇਅਰਮੈਨ ਮਾਰਕੀਟ ਖਰੜ ਜਥੇਦਾਰ ਬਲਜੀਤ ਸਿੰਘ ਕੁੰਬੜਾ, ਕੌਂਸਲਰ ਗੁਰਮੁੱਖ ਸਿੰਘ ਸੋਹਲ, ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਸ੍ਰ: ਜੋਗਾ ਸਿੰਘ, ਸ੍ਰੀ ਜਤਿੰਦਰ ਪਾਲ ਸਿੰਘ ਜੇ.ਪੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ, ਐਸ.ਐਸ.ਪੀ ਸ੍ਰੀ ਗੁਰਪੀ੍ਰਤ ਸਿੰਘ ਭੁੱਲਰ, ਐਸ.ਪੀ ਸ੍ਰੀ ਹਰਪਾਲ ਸਿੰਘ ਸੰਧੂ, ਐਸ.ਡੀ.ਐਮ ਸ੍ਰੀ ਲਖਮੀਰ ਸਿੰਘ ਵੀ ਸੰਗਤ ਰੂਪ ਵਿੱਚ ਸਾਮਲ ਹੋਏ ਅਤੇ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਵੀ ਕੀਤੇ ।
ਧਾਰਮਿਕ ਦਰਸ਼ਨ ਦੀਦਾਰ ਯਾਤਰਾ ਦੇ ਸ਼ੁਰੂ ਹੋਣ ਤੋਂ ਪਹਿਲਾ ਗੁਰੂਦੁਆਰਾ ਅੰਬ ਸਾਹਿਬ ਵਿਖੇ ਅਰਦਾਸ ਕੀਤੀ ਗਈ ਅਤੇ ਪੰਜ ਪਿਆਰਿਆਂ ਨੂੰ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ, ਸਾਬਕਾ ਕੇਂਦਰੀ ਮੰਤਰੀ ਸ੍ਰ: ਬਲਵੰਤ ਸਿੰਘ ਰਾਮੂਵਾਲੀਆ, ਬੀਬੀ ਅਮਨਜੋਤ ਕੌਰ ਰਾਮੂਵਾਲੀਆ ਅਤੇ ਐਸ.ਜੀ.ਪੀ.ਸੀ ਮੈਂਬਰ ਬੀਬੀ ਹਰਜਿੰਦਰ ਕੌਰ ਨੇ ਸਿਰੋਪਾਓ ਭੇਟ ਕੀਤੇ। ਗੁਰੂਦੁਆਰਾ ਅੰਬ ਸਾਹਿਬ ਵਿਖੇ ਦੇਰ ਰਾਤ ਪੁੱਜੀ ਧਾਰਮਿਕ ਦਰਸ਼ਨ ਦੀਦਾਰ ਯਾਤਰਾ ਲਈ ਸੰਗਤਾਂ ਵਿੱਚ ਬਹੁਤ ਵੱਡਾ ਉਤਸਾਹ ਦੇਖਣ ਨੂੰ ਮਿਲਿਆ ਅਤੇ ਸੰਗਤਾਂ ਨੇ ਗੁਰੂ ਗੋਬਿੰਦ ਸਾਹਿਬ ਦੇ ਚੋਲਾ ਸਾਹਿਬ, ਲੋਹੇ ਦੇ ਤੀਰ, ਅਰਥ ਲਿਖਤ ਬਾਣੀ, ਸ੍ਰੀ ਸਾਹਿਬ, ਲਕੜ ਦੇ ਦਸਤੇ ਵਾਲਾ ਬਰਛਾ, ਕੇਸ, ਕੰਗਾ ਤੇ ਦਸਤਾਰ, ਰਾਏ ਕੱਲਾ ਜੀ ਨੂੰ ਦਿੱਤੀ ਸ੍ਰੀ ਸਾਹਿਬ, ਪੰਜ ਤੀਰ, ਕਿਰਪਾਨਾ ਤੋਂ ਇਲਾਵਾ ਛੇਵੇਂ ਪਾਤਸਾਹ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਤੇ ਸ੍ਰੀ ਗੁਰੂ ਤੇਗ ਬਾਹਦਰ ਸਾਹਿਬ ਜੀ ਦੀਆਂ ਪਵਿੱਤਰ ਪਾਵਨ ਨਿਸ਼ਾਨੀਆਂ ਦੇ ਦਰਸ਼ਨ ਕੀਤੇ। ਇਹ ਦਰਸ਼ਨ ਦੀਦਾਰ ਯਾਤਰਾ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਤੋਂ ਹੁੰਦੀ ਹੋਈ ਮੁੜ ਗੁਰੂਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਪੁੱਜੇਗੀ ਅਤੇ ਰਾਤ ਦੇ ਠਹਿਰ ਤੋਂ ਭਲਕੇ ਅਗਲੇ ਪੜਾਅ ਲਈ ਰਵਾਨਾ ਹੋਵੇਗੀ।