ਡਿਪਟੀ ਕਮਿਸ਼ਨਰ ਰਜਤ ਅਗਰਵਾਲ ਦੀ ਅਗਵਾਈ ਵਿੱਚ ਟ੍ਰੈਫਿਕ ਵਿਵਸਥਾ ਨੂੰ ਦਰੁਸਤ ਕਰਨ ਅਤੇ ਆਵਾਜਾਈ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਲਗਾਏ ਗਏ ਵਿਸ਼ੇਸ਼ ਸਾਂਝੇ ਪੁਲਿਸ ਨਾਕੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਹੁਣ ਕਮਿਸ਼ਨਰੇਟ ਪੁਲਿਸ ਲੁਧਿਆਣਾ ਅਤੇ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਦੀ ਸਖ਼ਤੀ ਤੋਂ ਖ਼ੌਫ ਆਉਣ ਲੱਗਾ ਹੈ। ਅੱਜ ਲਗਾਏ ਗਏ ਪੁਲਿਸ ਨਾਕੇ ਦੌਰਾਨ 55 ਤੋਂ ਵਧੇਰੇ ਚਾਲਾਨ ਕੱਟੇ ਗਏ, ਜਦ ਕਿ ਕਾਰਵਾਈ ਅਜੇ ਜਾਰੀ ਹੈ।ਅੱਜ ਸ਼ਾਮ 5 ਵਜੇ ਸਥਾਨਕ ਮਲਹਾਰ ਰੋਡ 'ਤੇ ਪੀ.ਵੀ.ਆਰ.ਮਾਲਜ਼ ਦੇ ਬਾਹਰ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਵੱਡੀ ਗਿਣਤੀ ਵਿੱਚ ਪੁਲਿਸ ਪਾਰਟੀ ਤਾਇਨਾਤ ਕੀਤੀ ਗਈ ਸੀ, ਜਿਸ ਦੀ ਅਗਵਾਈ ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਟਰੈਫਿਕ) ਸ੍ਰ. ਗੁਰਦੀਪ ਸਿੰਘ ਅਤੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀ ਅਨਿਲ ਗਰਗ ਨੇ ਕੀਤੀ। ਜਦਕਿ ਪੁਲਿਸ ਪਾਰਟੀ ਦੀ ਅਗਵਾਈ ਇੰਸਪੈਕਟਰ ਸ੍ਰ. ਗਗਨਦੀਪ ਸਿੰਘ ਕਰ ਰਹੇ ਸਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਕੀਤੇ ਗਏ ਜਿਆਦਾਤਰ ਚਲਾਨਾਂ 'ਚ ਕਾਲੀ ਫਿਲਮ, ਕਾਗਜਾਤ ਪੂਰੇ ਨਾ ਹੋਣ ਵਾਲੇ ਵਾਹਨ ਅਤੇ ਸੀਟ ਬੈਲਟ ਨਾ ਲਗਾ ਕੇ ਸਫ਼ਰ ਕਰਨ ਨਾਲ ਸੰਬੰਧਤ ਸਨ।
ਜ਼ਿਕਰਯੋਗ ਹੈ ਕਿ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੇ ਸਾਰਥਿਕ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹਨ। ਹੁਣ ਤੱਕ ਮੀਡੀਆ, ਵਕੀਲ ਭਾਈਚਾਰੇ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਮੈਂਂਬਰਾਂ ਦੇ ਸਹਿਯੋਗ ਨਾਲ ਲਗਾਏ ਜਾ ਚੁੱਕੇ ਵਿਸ਼ੇਸ਼ ਪੁਲਿਸ ਨਾਕਿਆਂ ਦੌਰਾਨ ਮੌਜੂਦਾ ਸੰਸਦ ਮੈਂਬਰ, ਵਿਧਾਇਕ, ਨਿਆਂਇਕ ਅਧਿਕਾਰੀ, ਰਾਜਸੀ ਅਹੁਦੇਦਾਰਾਂ ਦੇ ਵੱਡੀ ਗਿਣਤੀ ਵਿੱਚ ਚਾਲਾਨ ਕੱਟੇ ਜਾ ਚੁੱਕੇ ਹਨ, ਇਨ੍ਹਾਂ ਨਾਕਿਆਂ ਦੀ ਵਿਸ਼ੇਸ਼ਤਾ ਇਹੀ ਰਹੀ ਹੈ ਕਿ ਇਨ੍ਹਾਂ ਨਾਕਿਆਂ ਦੌਰਾਨ ਕਿਸੇ ਵੀ ਰਾਜਸੀ ਜਾਂ ਰਸੂਖ਼ਦਾਰ ਵਿਅਕਤੀ ਦੀ ਸਿਫ਼ਾਰਸ਼ ਨਹੀਂ ਸੁਣੀ ਜਾਂਦੀ ਅਤੇ ਹਰੇਕ ਗਲਤ ਵਿਅਕਤੀ ਨੂੰ ਚਾਲਾਨ ਕਟਾਉਣਾ ਹੀ ਪੈਂਦਾ ਹੈ। ਇਸ ਨਾਕੇ ਦੌਰਾਨ ਵੱਡੀ ਗਿਣਤੀ ਵਿੱੱਚ ਮੀਡੀਆ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਮੈਂਬਰ ਵੀ ਸ਼ਾਮਿਲ ਸਨ।