ਕੇਂਦਰੀ ਵਿੱਤ ਅਤੇ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਇਰਾਕ ਦੇ ਗ੍ਰਹਿ ਯੁੱਧ ਦੌਰਾਨ ਬਾਗੀਆਂ ਕੋਲ ਫਸੇ 41 ਪੰਜਾਬੀ ਨੌਜਵਾਨ ਸਹੀ ਸਲਾਮਤ ਹੋਣ ਦੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਭਾਰਤ ਸਰਕਾਰ ਉਨ੍ਹਾਂ ਦੀ ਜਲਦ ਘਰ ਵਾਪਸੀ ਲਈ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਨੂੰ ਜਲਦ ਸਫਲਤਾ ਮਿਲੇਗੀ ।ਉਕਤ ਵਿਚਾਰ ਸ੍ਰੀ ਅਰੁਣ ਜੇਤਲੀ ਨੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਹਦਾਇਤ 'ਤੇ ਉਨ੍ਹਾਂ ਦੇ ਮੀਡੀਆ ਸਲਾਹਕਾਰ ਪ੍ਰੋ ਸਰਚਾਂਦ ਸਿੰਘ ਅਤੇ ਸਿਆਸੀ ਸਕੱਤਰ ਐਡਵੋਕੇਟ ਰਾਕੇਸ਼ ਪਰਾਸ਼ਰ ਦੀ ਅਗਵਾਈ ਵਿੱਚ ਇਰਾਕ ਵਿੱਚ ਫਸੇ 41 ਚੋਂ 20 ਨੌਜਵਾਨਾਂ ਦੇ ਪੀੜਤ ਪਰਿਵਾਰਕ ਮੈਂਬਰਾਂ ਦੇ ਵਫ਼ਦ ਨਾਲ ਮੁਲਾਕਾਤ ਦੌਰਾਨ ਉਹਨਾਂ ਨੂੰ ਦਿਲਾਸਾ ਦਿੰਦਿਆਂ ਪ੍ਰਗਟਾਵਾ ਕੀਤਾ।ਇਸ ਮੌਕੇ ਵਫ਼ਦ ਦੇ ਆਗੂ ਪ੍ਰੋ ਸਰਚਾਂਦ ਸਿੰਘ, ਐਡਵੋਕੇਟ ਪ੍ਰਾਸ਼ਰ, ਪੰਜਾਬ ਭਾਜਪਾ ਦੇ ਮੀਡੀਆ ਕੋ ਆਰਡੀਨੇਟਰ ਜਨਾਦਨ ਸ਼ਰਮਾ ਅਤੇ ਪੀੜਤ ਪਰਿਵਾਰ ਦੇ ਮੈਂਬਰ ਬੀਬੀ ਗੁਰਪਿੰਦਰ ਕੌਰ ਨੇ ਕਿਹਾ ਕਿ ਵਿਦੇਸ਼ ਮੰਤਰੀ ਬੀਬੀ ਸੁਸ਼ਮਾ ਸਵਰਾਜ ਵੱਲੋਂ ਕੀਤੇ ਜਾ ਰਹੇ ਯਤਨ ਬੇਸ਼ਕ ਤਸੱਲੀ ਬਖ਼ਸ਼ ਤਾਂ ਹਨ ਪਰ ਉਹ ਸ੍ਰੀ ਅਰੁਣ ਜੇਤਲੀ ਜੋ ਕਿ ਅੰਮ੍ਰਿਤਸਰ ਦੇ ਨੁਮਾਇੰਦੇ ਵੀ ਹਨ ਤੋਂ ਇਹ ਆਸ ਰੱਖਦੇ ਹਨ ਕਿ ਉਹ ਆਪਣੇ ਸਿਆਸੀ ਰੁਤਬੇ ਅਤੇ ਪਹੁੰਚ ਦੀ ਵਰਤੋ ਕਰਦਿਆਂ ਪੰਜਾਬੀ ਨੌਜਵਾਨਾਂ ਦੀ ਜਲਦ ਰਿਹਾਈ ਅਤੇ ਘਰ ਵਾਪਸੀ ਲਈ ਬਣਦਾ ਯੋਗਦਾਨ ਪਾਉਣਗੇ । ਉਕਤ ਅਪੀਲ 'ਤੇ ਸ੍ਰੀ ਅਰੁਣ ਜੇਤਲੀ ਨੇ ਵਫ਼ਦ ਨੂੰ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਵੱਲੋਂ ਇਰਾਕ ਵਿੱਚ ਫਸੇ ਨੌਜਵਾਨਾ ਦੀ ਰਿਹਾਈ ਲਈ ਚੁੱਕੇ ਜਾ ਰਹੇ ਠੋਸ ਕਦਮਾਂ ਸਬੰਧੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਬੀਬੀ ਸੁਸ਼ਮਾ ਸਵਰਾਜ ਅਤੇ ਵਿਦੇਸ਼ ਵਿਭਾਗ ਵੱਲੋਂ ਨੌਜਵਾਨਾਂ ਦੀ ਘਰ ਵਾਪਸੀ ਸਬੰਧੀ ਚੁੱਕੇ ਜਾ ਰਹੇ ਕਦਮਾਂ ਨੂੰ ਭਾਰਤ ਸਰਕਾਰ ਵੱਲੋਂ ਪੂਰਨ ਸਹਿਮਤੀ ਹਾਸਲ ਹੈ। ਜੇ ਕੋਈ ਕਮੀ ਪੇਸ਼ੀ ਹੋਈ ਤਾਂ ਉਹ ਵੀ ਨਹੀਂ ਰਹਿਣ ਦਿੱਤੀ ਜਾਵੇਗੀ, ਤੇ ਇਸ ਸਬੰਧੀ ਉਹ ਕੱਲ੍ਹ ਨੂੰ ਬੀਬੀ ਸੁਸ਼ਮਾ ਸਵਰਾਜ ਨਾਲ ਗੱਲ ਕਰਨਗੇ। ਪੀੜਤ ਪਰਿਵਾਰਾਂ ਨੇ ਸਰਕਾਰ ਵਲ਼ੋਂ ਕੀਤੇ ਜਾ ਰਹੇ ਯਤਨਾਂ 'ਤੇ ਤਸੱਲੀ ਦਾ ਪ੍ਰਗਟਾਵਾ ਵੀ ਕੀਤਾ। ਇਸ ਮੌਕੇ ਪੰਜਾਬ ਭਾਜਪਾ ਦੇ ਮੀਡੀਆ ਕੋ ਆਰਡੀਨੇਟਰ ਜਨਾਦਨ ਸ਼ਰਮਾ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਵਫ਼ਦ ਨੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ ਕੇ ਅਤੇ ਉਨ੍ਹਾਂ ਦੀ ਟੀਮ ਨਾਲ ਨੌਜਵਾਨਾਂ ਦੀ ਘਰ ਵਾਪਸੀ ਲਈ ਕੀਤੇ ਜਾ ਰਹੇ ਯਤਨਾਂ ਸਬੰਧੀ ਡੂੰਘੀਆਂ ਵਿਚਾਰਾਂ ਕੀਤੀਆਂ। ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਦਿਲੀ ਕਮੇਟੀ ਪੀੜਤ ਪਰਿਵਾਰਾਂ ਦੀ ਹਰ ਪ੍ਰਕਾਰ ਸਹਾਇਤਾ ਕਰੇਗੀ । ਇਸੇ ਦੌਰਾਨ ਨੌਜਵਾਨਾਂ ਦੀ ਘਰ ਵਾਪਸੀ ਸਬੰਧੀ ਗੁਰੂ ਦਾ ਓਟ ਆਸਰਾ ਲੈਂਦਿਆਂ ਦਿੱਲੀ ਕਮੇਟੀ ਤੇ ਸੰਗਤਾਂ ਦੀ ਤਰਫ਼ੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੱਜ ਦੂਜੀ ਵਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਇਆ ਗਿਆ, ਇਸ ਮੌਕੇ ਪੀੜਤ ਪਰਿਵਾਰਕ ਮੈਂਬਰ ਬੀਬੀ ਗੁਰਪਿੰਦਰ ਕੌਰ, ਸਰਦਾਰਾ ਸਿੰਘ, ਹਰਭਜਨ ਕੌਰ, ਹਰਭਜਨ ਸਿੰਘ, ਬੀਬੀ ਰਣਜੀਤ ਕੌਰ, ਬੀਬੀ ਸੀਮਾ, ਰਾਜੇਸ਼, ਮੁਨੀਸ਼ ਕੁਮਾਰ ਸਮੇਤ 18 ਪਰਿਵਾਰਾਂ ਦੇ ਮੈਂਬਰ ਮੌਜੂਦ ਸਨ।