ਪੰਜਾਬ ਸਰਕਾਰ ਵੱਲੋਂ ਵਪਾਰੀਆਂ ਲਈ ਸੁਖਾਵਾਂ, ਪਾਰਦਰਸ਼ੀ ਅਤੇ ਕਾਰੋਬਾਰ-ਪੱਖੀ ਮਾਹੌਲ ਸਿਰਜਣ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਤੁਰੰਤ ਅਤੇ ਸਮਾਂਬੱਧ ਹੱਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਪੂਨਮਦੀਪ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਅਤੇ ਜ਼ਿਲ੍ਹੇ ਵਿੱਚ ਨਿਵੇਸ਼ ਅਤੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਪਾਰੀਆਂ ਦੀਆਂ ਜਾਇਜ਼ ਸਮੱਸਿਆਵਾਂ ਨੂੰ ਪੂਰੀ ਗੰਭੀਰਤਾ ਨਾਲ ਸੁਣ ਰਿਹਾ ਹੈ ਅਤੇ ਕਿਸੇ ਵੀ ਮਾਮਲੇ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਹਰ ਸ਼ਿਕਾਇਤ ਅਤੇ ਮੰਗ ਦਾ ਨਿਰਧਾਰਤ ਸਮੇਂ ਅੰਦਰ ਨਿਪਟਾਰਾ ਯਕੀਨੀ ਬਣਾਉਣ ਲਈ ਸਬੰਧਤ ਵਿਭਾਗਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਪਾਰੀਆਂ ਅਤੇ ਪ੍ਰਸ਼ਾਸਨ ਦਰਮਿਆਨ ਲਗਾਤਾਰ ਤਾਲਮੇਲ ਬਣਾਈ ਰੱਖਣ ਲਈ ਜ਼ਿਲ੍ਹੇ ਦੀਆਂ ਸਮੂਹ ਸਬ-ਡਵੀਜ਼ਨਾਂ ਵਿੱਚ ਐਸ.ਡੀ.ਐਮ. ਪੱਧਰ 'ਤੇ ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਦੇ ਮੈਂਬਰਾਂ ਨਾਲ ਨਿਯਮਤ ਬੈਠਕਾਂ ਕਰਵਾਈਆਂ ਜਾਣਗੀਆਂ। ਇਨ੍ਹਾਂ ਬੈਠਕਾਂ ਰਾਹੀਂ ਸਥਾਨਕ ਪੱਧਰ 'ਤੇ ਉੱਠਣ ਵਾਲੇ ਮੁੱਦਿਆਂ ਦਾ ਮੌਕੇ 'ਤੇ ਹੀ ਹੱਲ ਕਰਨ ਨੂੰ ਤਰਜੀਹ ਦਿੱਤੀ ਜਾਵੇਗੀ, ਜਿਸ ਨਾਲ ਵਪਾਰੀਆਂ ਨੂੰ ਬੇਲੋੜੀ ਖੱਜਲ-ਖੁਆਰੀ ਤੋਂ ਰਾਹਤ ਮਿਲੇਗੀ।
ਇਸ ਮੌਕੇ ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਅਰੁਣ ਜਿੰਦਲ ਨੇ ਕਿਹਾ ਕਿ ਕਮਿਸ਼ਨ ਵਪਾਰੀਆਂ ਅਤੇ ਪੰਜਾਬ ਸਰਕਾਰ ਵਿਚਾਲੇ ਇੱਕ ਮਜ਼ਬੂਤ ਪੁਲ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣਾ ਅਤੇ ਉਨ੍ਹਾਂ ਦੇ ਹੱਲ ਲਈ ਸਬੰਧਤ ਵਿਭਾਗਾਂ ਨਾਲ ਤਾਲਮੇਲ ਬਣਾਉਣਾ ਕਮਿਸ਼ਨ ਦੀ ਮੁੱਖ ਜ਼ਿੰਮੇਵਾਰੀ ਹੈ।
ਉਨ੍ਹਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਜਾਇਜ਼ ਸਮੱਸਿਆਵਾਂ ਅਤੇ ਸੁਝਾਅ ਕਮਿਸ਼ਨ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਉਨ੍ਹਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਇਆ ਜਾ ਸਕੇ। ਬੈਠਕ ਦੌਰਾਨ ਵਪਾਰੀਆਂ ਨਾਲ ਸਬੰਧਤ ਵੱਖ-ਵੱਖ ਪ੍ਰਸ਼ਾਸਨਿਕ, ਬੁਨਿਆਦੀ ਢਾਂਚਾਗਤ ਅਤੇ ਵਿਭਾਗੀ ਮੁੱਦਿਆਂ 'ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ।
ਇਸ ਮੌਕੇ ਜ਼ਿਲ੍ਹੇ ਦੇ ਸਮੂਹ ਸਬ-ਡਵੀਜ਼ਨਲ ਮੈਜਿਸਟਰੇਟਾਂ ਤੋਂ ਇਲਾਵਾ ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਦੇ ਜਨਰਲ ਸਕੱਤਰ ਰਾਜੇਸ਼ ਕੁਮਾਰ, ਸੰਗਰੂਰ ਦੇ ਹਲਕਾ ਚੇਅਰਮੈਨ ਸੁਖਵਿੰਦਰ ਸਿੰਘ, ਧੂਰੀ ਦੇ ਹਲਕਾ ਚੇਅਰਮੈਨ ਪੁਸ਼ਪਿੰਦਰ ਸ਼ਰਮਾ, ਲਹਿਰਾ ਦੇ ਹਲਕਾ ਚੇਅਰਮੈਨ ਪ੍ਰਿੰਸ ਗਰਗ ਅਤੇ ਸੁਨਾਮ ਦੇ ਹਲਕਾ ਚੇਅਰਮੈਨ ਰਾਮ ਕੁਮਾਰ ਸਮੇਤ ਕਮਿਸ਼ਨ ਦੇ ਹੋਰ ਮੈਂਬਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।