ਰਾਜਸਭਾ ਦੇ ਉਪਸਭਾਪਤੀ ਸ੍ਰੀ ਹਰਿਵੰਸ਼ ਨੇ ਕਿਹਾ ਕਿ ਲੋਕਸਭਾ ਸਪੀਕਰ ਸ੍ਰੀ ਓਮ ਬਿਰਲਾ ਦੀ ਅਗਵਾਈ ਹੇਠ ਦੇਸ਼ ਭਰ ਦੇ ਜਨਪ੍ਰਤੀਨਿਧਾਂ ਵਿਚਕਾਰ ਸੰਵਾਦ, ਸਹਿਯੋਗ ਅਤੇ ਗਿਆਨ ਦੇ ਆਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸੰਸਦੀ ਸੰਮੇਲਨਾਂ ਅਤੇ ਖੇਤਰੀ ਮੰਚਾਂ ਰਾਹੀਂ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਦੇ ਮੈਂਬਰਾਂ ਨੂੰ ਸਰਵੋਤਮ ਕਾਰਜ ਪ੍ਰਣਾਲੀਆਂ ਦਾ ਆਦਾਨ-ਪ੍ਰਦਾਨ ਕਰਨ, ਰਾਸ਼ਟਰੀ ਚੁਣੌਤੀਆਂ 'ਤੇ ਚਰਚਾ ਕਰਨ ਅਤੇ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਬਣਾਉਣ ਲਈ ਸਮੂਹਿਕ ਤੌਰ 'ਤੇ ਕੰਮ ਕਰਨ ਦਾ ਮਹੱਤਵਪੂਰਨ ਮੌਕਾ ਪ੍ਰਾਪਤ ਹੁੰਦਾ ਹੈ।
ਇਸੇ ਕੜੀ ਦੇ ਤਹਿਤ ਰਾਸ਼ਟਰਮੰਡਲ ਸੰਸਦੀ ਸੰਘ (ਸੀਪੀਏ) ਇੰਡੀਆ ਰੀਜ਼ਨ ਜ਼ੋਨ-II ਸੰਮੇਲਨ ਦਾ ਆਯੋਜਨ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਦੀ ਸਰਪ੍ਰਸਤੀ ਹੇਠ ਕੀਤਾ ਗਿਆ। ਇਹ ਗੱਲ ਰਾਜਸਭਾ ਦੇ ਉਪਸਭਾਪਤੀ ਸ੍ਰੀ ਹਰਿਵੰਸ਼ ਨੇ ਚੰਡੀਗੜ੍ਹ ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਕਹੀ। ਸ੍ਰੀ ਹਰਿਵੰਸ਼ ਨੇ ਕਿਹਾ ਕਿ ਦੋ ਦਿਨਾਂ ਸੰਮੇਲਨ ਵਿੱਚ ਲਗਭਗ 40 ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ।
ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਵਿਚਾਰਧਾਰਕ ਪਿਛੋਕੜਾਂ ਨਾਲ ਜੁੜੇ ਪ੍ਰਤੀਨਿਧਾਂ ਨੇ ਸਾਂਝੇ ਉਦੇਸ਼ ਨਾਲ ਚਰਚਾ ਕੀਤੀ ਅਤੇ ਕਈ ਮਹੱਤਵਪੂਰਨ ਮਤੇ ਸਰਵਸੰਮਤੀ ਨਾਲ ਪ੍ਰਵਾਨ ਕੀਤੇ। ਉਨ੍ਹਾਂ ਕਿਹਾ ਕਿ ਰਸਮੀ ਮਤਿਆਂ ਤੋਂ ਇਲਾਵਾ ਇੱਕ "ਅਣਲਿਖਿਆ ਸੰਕਲਪ" ਵੀ ਸੰਮੇਲਨ ਦੀ ਮਹੱਤਵਪੂਰਨ ਪ੍ਰਾਪਤੀ ਰਿਹਾ। ਸਾਰੇ ਪ੍ਰਤੀਨਿਧਾਂ ਨੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਕਲਿਆਣ, ਹਰਿਆਣਾ ਵਿਧਾਨਸਭਾ ਸਕੱਤਰੇਤ, ਹਰਿਆਣਾ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਅਤੇ ਸੰਮੇਲਨ ਦੇ ਸਫ਼ਲ ਆਯੋਜਨ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਪ੍ਰਗਟਾਇਆ।
ਪ੍ਰਤੀਨਿਧਾਂ ਨੇ ਹਰਿਆਣਾ ਵਿੱਚ ਮਿਲੇ ਨਿੱਘੇ ਸਵਾਗਤ, ਸ਼ਾਨਦਾਰ ਪ੍ਰਬੰਧਾਂ ਅਤੇ ਸੰਵਾਦਪੂਰਨ ਮਾਹੌਲ ਦੀ ਸ਼ਲਾਘਾ ਕੀਤੀ। ਸ੍ਰੀ ਹਰਿਵੰਸ਼ ਨੇ ਕਿਹਾ ਕਿ ਰਾਸ਼ਟਰਮੰਡਲ ਸੰਸਦੀ ਸੰਘ ਅਤੇ ਹੋਰ ਸੰਸਦੀ ਮੰਚਾਂ 'ਤੇ ਲਏ ਗਏ ਫੈਸਲਿਆਂ ਦੀ ਨਿਯਮਿਤ ਸਮੀਖਿਆ ਕੀਤੀ ਜਾਂਦੀ ਹੈ, ਤਾਂ ਜੋ ਉਨ੍ਹਾਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ ਜਾ ਸਕੇ ਅਤੇ ਪ੍ਰਭਾਵੀ ਅਮਲ ਯਕੀਨੀ ਬਣਾਇਆ ਜਾ ਸਕੇ। ਰਾਜ ਵਿਧਾਨ ਸਭਾਵਾਂ ਨਾਲ ਲਗਾਤਾਰ ਸਲਾਹ-ਮਸ਼ਵਰੇ ਰਾਹੀਂ ਇਨ੍ਹਾਂ ਪਹਿਲਕਦਮੀਆਂ ਨੂੰ ਹੋਰ ਮਜ਼ਬੂਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਲੋਕਸਭਾ ਸਪੀਕਰ ਸ੍ਰੀ ਓਮ ਬਿਰਲਾ ਦੇ ਮਾਰਗਦਰਸ਼ਨ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਸੰਸਦੀ ਸੰਮੇਲਨਾਂ ਅਤੇ ਵਿਧਾਈ ਸੰਵਾਦਾਂ ਨੂੰ ਵਧੇਰੇ ਪ੍ਰਭਾਵੀ ਅਤੇ ਨਤੀਜਾ ਮੁਖੀ ਬਣਾਉਣ ਲਈ ਮਹੱਤਵਪੂਰਨ ਯਤਨ ਕੀਤੇ ਗਏ ਹਨ। ਦੇਸ਼ ਵਿੱਚ ਲਗਭਗ 5 ਹਜ਼ਾਰ ਜਨਪ੍ਰਤੀਨਿਧ ਹਨ, ਜਿਨ੍ਹਾਂ ਵਿੱਚ ਸੰਸਦ ਮੈਂਬਰ, ਵਿਧਾਇਕ ਅਤੇ ਵਿਧਾਨ ਪਰਿਸ਼ਦ ਦੇ ਮੈਂਬਰ ਸ਼ਾਮਲ ਹਨ। ਜਿਨ੍ਹਾਂ ਵਿਚਕਾਰ ਸੰਵਾਦ ਅਤੇ ਸਹਿਯੋਗ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਸ਼ਲਾਘਾਯੋਗ ਕੰਮ ਹੋਇਆ ਹੈ।
ਏਆਈ ਦੇ ਵਿਸ਼ੇ 'ਤੇ ਉਪਸਭਾਪਤੀ ਸ੍ਰੀ ਹਰਿਵੰਸ਼ ਨੇ ਕਿਹਾ ਕਿ ਨਵੀਆਂ ਤਕਨਾਲੋਜੀਆਂ ਨਾਲ ਜੁੜੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ 'ਤੇ ਵਿਆਪਕ ਚਰਚਾ ਹੋਈ ਹੈ। ਵਿਧਾਈ ਸੰਸਥਾਵਾਂ ਅਤੇ ਪ੍ਰਸ਼ਾਸਨ ਵਿੱਚ ਏਆਈ ਅਤੇ ਹੋਰ ਤਕਨੀਕਾਂ ਦੀ ਹਾਂਪੱਖੀ ਵਰਤੋਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਤਕਨਾਲੋਜੀ ਦੀ ਉਚਿਤ ਵਰਤੋਂ ਖੋਜ ਸਹਾਇਤਾ, ਸੂਚਨਾ ਸਾਂਝਾਕਰਨ, ਨੀਤੀ ਵਿਸ਼ਲੇਸ਼ਣ ਅਤੇ ਵਿਧਾਈ ਕਾਰਜਕੁਸ਼ਲਤਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ।
ਭਵਿੱਖ ਦੀਆਂ ਚੁਣੌਤੀਆਂ 'ਤੇ ਸਾਰਥਕ ਵਿਚਾਰ-ਵਟਾਂਦਰੇ ਦਾ ਪ੍ਰਭਾਵੀ ਮੰਚ ਸਾਬਤ ਹੋਇਆ - ਸਪੀਕਰ ਹਰਵਿੰਦਰ ਕਲਿਆਣ
ਇਸ ਮੌਕੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਦੋ ਦਿਨਾਂ ਸੰਮੇਲਨ ਲੋਕਤੰਤਰੀ ਸੰਸਥਾਵਾਂ ਨੂੰ ਸਸ਼ਕਤ ਬਣਾਉਣ, ਵਿਕਸਿਤ ਭਾਰਤ-2047 ਦੇ ਟੀਚੇ ਨੂੰ ਸਾਕਾਰ ਕਰਨ ਅਤੇ ਭਵਿੱਖ ਦੀਆਂ ਚੁਣੌਤੀਆਂ 'ਤੇ ਸਾਰਥਕ ਵਿਚਾਰ-ਵਟਾਂਦਰੇ ਦਾ ਪ੍ਰਭਾਵੀ ਮੰਚ ਸਾਬਤ ਹੋਇਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਵਿਚਾਰਧਾਰਾਵਾਂ ਨਾਲ ਜੁੜੇ ਜਨਪ੍ਰਤੀਨਿਧਾਂ ਵਿਚਕਾਰ ਸੰਵਾਦ ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਲੋਕ ਹਿੱਤ ਦੇ ਮੁੱਦਿਆਂ 'ਤੇ ਸਾਂਝਾ ਦ੍ਰਿਸ਼ਟੀਕੋਣ ਵਿਕਸਿਤ ਕਰਨ ਵਿੱਚ ਸਹਾਇਕ ਹੋਇਆ ਹੈ।
ਉਨ੍ਹਾਂ ਕਿਹਾ ਕਿ ਲੋਕਸਭਾ ਦੇ ਸਪੀਕਰ ਸ੍ਰੀ ਓਮ ਬਿਰਲਾ ਨੇ ਹਰਿਆਣਾ ਵਿਧਾਨ ਸਭਾ ਵਿੱਚ ਪਾਰਲੀਮੈਂਟਰੀ ਰਿਸਰਚ ਐਂਡ ਇਨੋਵੇਸ਼ਨ ਸੈਂਟਰ ਅਤੇ ਸੰਵਿਧਾਨ ਗੈਲਰੀ ਦਾ ਉਦਘਾਟਨ ਵੀ ਕੀਤਾ। ਇਹ ਕੇਂਦਰ ਵਿਧਾਨ ਸਭਾ ਮੈਂਬਰਾਂ ਨੂੰ ਬਿਹਤਰ ਖੋਜ ਅਤੇ ਵਿਧਾਈ ਸਹਾਇਤਾ ਉਪਲਬਧ ਕਰਵਾਉਣ ਵਿੱਚ ਸਹਾਇਕ ਹੋਵੇਗਾ, ਜਦੋਂ ਕਿ ਸੰਵਿਧਾਨ ਗੈਲਰੀ ਨੌਜਵਾਨਾਂ ਅਤੇ ਆਮ ਨਾਗਰਿਕਾਂ ਵਿੱਚ ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਲੋਕਤੰਤਰੀ ਪਰੰਪਰਾਵਾਂ ਪ੍ਰਤੀ ਜਾਗਰੂਕਤਾ ਵਧਾਉਣ ਦਾ ਕੰਮ ਕਰੇਗੀ।
ਸ੍ਰੀ ਕਲਿਆਣ ਨੇ ਦੱਸਿਆ ਕਿ ਸੰਮੇਲਨ ਦੌਰਾਨ “ਸੰਵਿਧਾਨ ਕੇ ਨਾਇਕ” ਨਾਟਕ ਪੇਸ਼ਕਾਰੀ ਦਾ ਵੀ ਆਯੋਜਨ ਕੀਤਾ ਗਿਆ, ਜਿਸ ਨੂੰ ਵੱਖ-ਵੱਖ ਰਾਜਾਂ ਤੋਂ ਆਏ ਪ੍ਰਤੀਨਿਧਾਂ ਨੇ ਬਹੁਤ ਸਲਾਹਿਆ। ਇਸ ਰਾਹੀਂ ਸੰਵਿਧਾਨ ਨਿਰਮਾਤਾਵਾਂ ਦੇ ਯੋਗਦਾਨ, ਸੰਵਿਧਾਨ ਦੇ ਉਦੇਸ਼ਾਂ ਅਤੇ ਨਾਗਰਿਕਾਂ ਦੇ ਅਧਿਕਾਰਾਂ ਤੇ ਜਿਮੇਵਾਰੀਆਂ ਦਾ ਪ੍ਰਭਾਵੀ ਸੰਦੇਸ਼ ਦਿੱਤਾ ਗਿਆ।
ਉਨ੍ਹਾਂ ਅੱਗੇ ਕਿਹਾ ਕਿ ਸੰਮੇਲਨ ਦੌਰਾਨ ਆਯੋਜਿਤ ਤਿੰਨ ਤਕਨੀਕੀ ਸੈਸ਼ਨਾਂ ਵਿੱਚ ਜਨਪ੍ਰਤੀਨਿਧਾਂ, ਪੀਠਾਸਨ ਅਧਿਕਾਰੀਆਂ ਅਤੇ ਮਾਹਰਾਂ ਨੇ ਕਈ ਵਿਸ਼ਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਚਰਚਾ ਤੋਂ ਬਾਅਦ ਕਈ ਮਹੱਤਵਪੂਰਨ ਸਕੰਲਪ ਪਾਸ ਕੀਤੇ ਗਏ ਹਨ। ਸੰਮੇਲਨ ਦੀ ਸਮਾਪਤੀ ਲੋਕਤੰਤਰੀ ਸੰਸਥਾਵਾਂ ਨੂੰ ਹੋਰ ਵਧੇਰੇ ਪ੍ਰਭਾਵੀ ਬਣਾਉਣ, ਤਕਨੀਕੀ ਨਵੀਨਤਾਵਾਂ ਦੀ ਜ਼ਿੰਮੇਵਾਰਾਨਾ ਵਰਤੋਂ ਨੂੰ ਹੁਲਾਰਾ ਦੇਣ ਅਤੇ ਵਿਕਸਿਤ ਭਾਰਤ-2047 ਦੇ ਟੀਚੇ ਦੀ ਪ੍ਰਾਪਤੀ ਲਈ ਸਮੂਹਿਕ ਯਤਨਾਂ ਦੇ ਸੰਕਲਪ ਨਾਲ ਹੋਈ ਹੈ।
ਸ੍ਰੀ ਕਲਿਆਣ ਨੇ ਕਿਹਾ ਕਿ “ਅਤਿਥੀ ਦੇਵੋ ਭਵ:” ਦੀ ਭਾਵਨਾ ਦੇ ਅਨੁਕੂਲ ਹਰਿਆਣਾ ਵਿਧਾਨ ਸਭਾ, ਹਰਿਆਣਾ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਮਿਲ ਕੇ ਸੰਮੇਲਨ ਦੇ ਸ਼ਾਨਦਾਰ ਪ੍ਰਬੰਧ ਯਕੀਨੀ ਬਣਾਏ।