ਪੰਜਾਬ ਸਰਕਾਰ ਹਰੇਕ ਕੰਮ, ਲੋਕਾਂ ਦੇ ਵਿਆਪਕ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕਰਦੀ ਹੈ ਅਤੇ ਇਹ ਕਮਿਊਨਿਟੀ ਸੈਂਟਰ ਵੀ ਮੰਡੀ ਗੋਬਿੰਦਗੜ੍ਹ ਦੇ ਵਾਸੀਆਂ ਨੂੰ ਹਰੇਕ ਸਹੂਲਤ ਮੁਹਈਆ ਕਰਵਾਉਣ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਸਾਰਥਕ ਕਦਮ ਹੈ। ਇਹ ਪ੍ਰਗਟਾਵਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਅੱਜ 65.60 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਕਮਿਊਨਿਟੀ ਸੈਂਟਰ ਦਾ ਉਦਘਾਟਨ ਕਰਨ ਮੌਕੇ ਕੀਤਾ।
ਵਿਧਾਇਕ ਗੈਰੀ ਬੜਿੰਗ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਨਤਕ ਭਲਾਈ ਪ੍ਰਤੀ ਵਚਨਬੱਧਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਸਹੂਲਤਾਂ, ਭਾਈਚਾਰਕ ਵਿਕਾਸ ਵੱਲ ਇੱਕ ਮਹੱਤਵਪੂਰਨ ਕਦਮ ਹਨ, ਜੋ ਨਿਵਾਸੀਆਂ ਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਇਸ ਮੌਕੇ 'ਤੇ ਬੋਲਦਿਆਂ, ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਇਲਾਕੇ ਦੇ ਲੋਕਾਂ ਲਈ ਇਹ ਨਵੀਂ ਅਤੇ ਸ਼ਾਨਦਾਰ ਸਹੂਲਤ ਅੱਜ ਖੋਲ੍ਹੀ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਕਮਿਊਨਿਟੀ ਸੈਂਟਰ ਸਿਰਫ਼ ਇੱਕ ਇਮਾਰਤ ਨਹੀਂ, ਸਗੋਂ ਸਾਡੇ ਸਮਾਜ ਦੇ ਇਕੱਠੇ ਹੋਣ, ਸਿੱਖਣ ਅਤੇ ਵਿਕਾਸ ਕਰਨ ਦਾ ਇੱਕ ਕੇਂਦਰ ਬਣੇਗਾ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਦੱਸਿਆ ਕਿ ਕਮਿਊਨਿਟੀ ਕਲੱਬ ਸੱਭਿਆਚਾਰਕ ਪ੍ਰੋਗਰਾਮਾਂ, ਵਿਆਹਾਂ ਅਤੇ ਸਮਾਜਿਕ ਇਕੱਠਾਂ ਲਈ ਇੱਕ ਹੱਬ ਵਜੋਂ ਕੰਮ ਕਰੇਗਾ ਜੋ ਕਿ ਬਹੁਤ ਹੀ ਮਾਮੂਲੀ ਕਿਰਾਏ ਦੀ ਫੀਸ 'ਤੇ ਆਪਣੇਪਣ ਦੀ ਭਾਵਨਾ ਨੂੰ ਉਤਸ਼ਾਹਿਤ ਕਰੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਰਜ ਸਾਧਕ ਅਫਸਰ ਚੇਤਨ ਸ਼ਰਮਾ, ਸ਼ਿੰਗਾਰਾ ਸਿੰਘ ਸਲਾਣਾ , ਰਣਜੀਤ ਸਿੰਘ ਪਨਾਗ , ਜਗਦੀਪ ਸਿੰਘ ਚੱਠਾ , ਭੁਪਿੰਦਰ ਸਿੰਘ ਸੰਧੂ, ਦਲਜੀਤ ਸਿੰਘ ਵਿਰਕ , ਅਮਰਜੀਤ ਸਿੰਘ ਵਾਲੀਆ , ਪਰਮਜੀਤ ਸਿੰਘ ਵਾਲੀਆ,ਵਿਸ਼ਾਲ ਸ਼ਰਮਾ, ਗੌਰਵ ਅੱਗਰਵਾਲ, ਸਲੀਮ ਖਾਨ, ਬਲਕਾਰ ਸਿੰਘ, ਲਖਵਿੰਦਰ ਸਿੰਘ, ਅਜੇ ਲਿਬੜਾ ਵੀ ਹਾਜ਼ਰ ਸਨ।