ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸ਼ੁਭਮ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਸੀ.ਆਈ.ਏ. ਸਰਹਿੰਦ ਦੀ ਟੀਮ ਵੱਲੋਂ ਪਿਸਤੌਲ ਤੇ ਮਾਰੂ ਹਥਿਆਰਾਂ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਗੈਂਗ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ। ਇਹ ਜਾਣਕਾਰੀ ਐਸ.ਪੀ. (ਜਾਂਚ) ਰਾਕੇਸ਼ ਯਾਦਵ ਨੇ ਸੀ.ਆਈ.ਏ. ਸਰਹਿੰਦ ਵਿਖੇ ਕੀਤੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।
ਸ਼੍ਰੀ ਰਾਕੇਸ਼ ਯਾਦਵ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਮਾਜ ਵਿੱਚੋਂ ਜੁਰਮ ਦਾ ਖਾਤਮਾ ਕਰਨ ਲਈ ਡੀ.ਜੀ.ਪੀ. ਸ਼੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਡੀ.ਐਸ.ਪੀ. (ਜਾਂਚ) ਨਿਖਿਲ ਗਰਗ ਦੀਆਂ ਹਦਾਇਤਾਂ ਅਨੁਸਾਰ ਸੀ.ਆਈ.ਏ. ਸਰਹਿੰਦ ਇੰਚਾਰਜ ਇੰਸਪੈਕਟਰ ਅਮਰਬੀਰ ਸਿੰਘ ਚੀਮਾ ਨੇ ਇਸ ਗੈਂਗ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਐਸ.ਪੀ. ਯਾਦਵ ਨੇ ਦੱਸਿਆ ਕਿ 10 ਮਾਰਚ ਨੂੰ ਸੀ.ਆਈ.ਏ. ਦੀ ਟੀਮ ਨੇ ਅਨਾਜ ਮੰਡੀ ਸਰਹਿੰਦ ਦੇ ਇਲਾਕੇ ਵਿੱਚੋਂ ਬਲਜਿੰਦਰ ਸਿੰਘ ਉਰਫ ਬੱਲੀ ਵਾਸੀ ਪਿੰਡ ਘੁੰਡਰ ਥਾਣਾ ਭਾਦਸੋਂ ਜ਼ਿਲ੍ਹਾ ਪਟਿਆਲਾ, ਅਭਿਸ਼ੇਕ ਕੁਮਾਰ ਵਾਸੀ ਅਮਲੋਹ, ਸਿਮਰਨਜੀਤ ਸਿੰਘ ਉਰਫ ਕਾਲੀ ਵਾਸੀ ਅਮਲੋਹ, ਅਜੇ ਵਾਸੀ ਪਿੰਡ ਭਗਵਾਨਪੁਰ ਥਾਣਾ ਅਮਲੋਹ ਅਤੇ ਯਾਦਵਿੰਦਰ ਸਿੰਘ ਉਰਫ ਯਾਦ ਵਾਸੀ ਪਿੰਡ ਜੱਸੜਾ ਥਾਣਾ ਮੰਡੀ ਗੋਬਿੰਦਗੜ੍ਹ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਇੱਕ .32 ਬੋਰ ਦੀ ਪਿਸਤੌਲ, ਇੱਕ ਲੋਹੇ ਦਾ ਗੰਡਾਸਾ, ਇੱਕ ਲੋਹੇ ਦਾ ਦਾਤ, ਇੱਕ ਸਰੀਆ ਅਤੇ ਇੱਕ ਬਾਂਸ ਦਾ ਡੰਡਾ ਬਰਾਮਦ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਖਿਲਾਫ ਧਾਰਾ 310(4),310(5),111,317(2) BNS ਅਤੇ ਅਸਲਾ ਐਕਟ ਦੀ ਧਾਰਾ 25/54/59 ਅਧੀਨ ਥਾਣਾ ਸਰਹਿੰਦ ਵਿਖੇ ਮੁਕੱਦਮਾ ਨੰਬਰ 30 ਮਿਤੀ 10.03.2025 ਨੂੰ ਦਰਜ਼ ਕੀਤਾ ਗਿਆ ਹੈ। ਐਸ.ਪੀ. ਰਾਕੇਸ਼ ਯਾਦਵ ਨੇ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਕਥਿਤ ਦੋਸ਼ੀਆਂ ਨੇ ਮੰਨਿਆਂ ਹੈ ਕਿ ਉਹ ਰਾਤ ਸਮੇਂ ਹਥਿਆਰਾਂ ਦੀ ਨੋਕ ਤੇ ਰਾਹਗੀਰਾਂ ਤੋਂ ਲੁੱਟਾਂ ਖੋਹਾਂ ਕਰਦੇ ਹਨ ਅਤੇ ਬੰਦ ਪਈਆਂ ਫੈਕਟਰੀਆਂ ਵਿੱਚ ਚੋਰੀਆਂ ਵੀ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੌਕੇ ਤੇ ਹੀ ਕਥਿਤ ਦੋਸ਼ੀਆਂ ਪਾਸੋਂ ਦੋ ਮੋਟਰ ਸਾਇਕਲ ਵੀ ਬਰਾਮਦ ਕੀਤੇ ਹਨ। ਜਿਨ੍ਹਾਂ ਵਿੱਚ ਇੱਕ ਹੀਰੋ ਡੀਲਕਸ ਮੋਟਰ ਸਾਇਕਲ ਨੰਬਰ ਪੀ.ਬੀ.-12AG-5259 ਅਤੇ ਇੱਕ ਮੋਟਰਸਾਈਕਲ ਹੀਰੋ ਸਪਲੈਂਡਰ ਜਿਸ ਦਾ ਨੰਬਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਸ਼ਨਾਖਤ ਤੇ ਇੱਕ ਹੋਰ ਹੀਰੋ ਸਪਲੈਂਡਰ ਮੋਟਰ ਸਾਇਕਲ ਵੀ ਪੁਲਿਸ ਨੇ ਬਰਾਮਦ ਕੀਤਾ ਹੈ।
ਉਨ੍ਹਾਂ ਦੱਸਿਆ ਕਿ 05 ਕਥਿਤ ਦੋਸ਼ੀ ਪੁਲਿਸ ਰਿਮਾਂਡ ਤੇ ਹਨ ਜਿਨ੍ਹਾਂ ਤੋਂ ਹੋਰ ਕਈ ਵਾਰਦਾਤਾਂ ਬਾਰੇ ਪਤਾ ਲੱਗਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਖਿਲਾਫ ਪਹਿਲਾਂ ਵੀ ਵੱਖ-ਵੱਖ ਪੁਲਿਸ ਸਟੇਸ਼ਨਾਂ ਵਿੱਚ ਕਈ ਮੁਕੱਦਮੇ ਦਰਜ਼ ਹਨ।