1995 ਵਿਚ ਹੋਂਦ ਵਿਚ ਆਏ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹਸਪਤਾਲ ਟਰੱਸਟ ਅੱਜ ਬਿਮਾਰਾਂ ਲਈ ਅਣਥੱਕ ਸੇਵਾ ਕਰ ਰਿਹਾ ਹੈ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਇਲਾਹੀ ਆਸ਼ੀਰਵਾਦ ਨਾਲ ਇਕ ਹੋਰ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ। ਸੋਹਾਣਾ ਹਸਪਤਾਲ ਵੱਲੋਂ ਪੇਚੀਦਾ ਸਰਜਰੀਆਂ ਹੁਣ ਚੌਥੀ ਜਨਰੇਸ਼ਨ ਦੀ ਅਤਿ ਆਧੁਨਿਕ ਰੋਬੋਟਿਕ ਸਰਜੀਕਲ ਰਾਹੀਂ ਸਟੀਕ ਤਕਨੀਕ ਨਾਲ ਕੀਤੀਆਂ ਜਾਣਗੀਆਂ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਈ ਦਵਿੰਦਰ ਸਿੰਘ ਜੀ ਖ਼ਾਲਸਾ ਵੱਲੋਂ ਰੋਬੋਟਿਕ ਸਰਜਰੀ ਦੀ ਸ਼ੁਰੂਆਤ ਕਰਦੇ ਹੋਏ ਕੀਤਾ ਗਿਆ।ਹਸਪਤਾਲ ਵਿਚ ਰੱਖੇ ਗਏ ਇਕ ਸਮਾਗਮ ਦੌਰਾਨ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖ਼ਾਲਸਾ ਖੰਨੇ ਵਾਲਿਆਂ ਦੀ ਪਾਵਨ ਬਖ਼ਸ਼ੀਸ਼ ਰਾਹੀਂ ਸ਼ੁਰੂ ਕੀਤੇ ਇਸ ਸੋਹਾਣਾ ਰੋਬੋਟਿਕ ਸਰਜਰੀ ਸੰਸਥਾ ਦਾ ਉਦਘਾਟਨ ਗਿਆਨੀ ਰਘੁਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੈੱਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਕੀਤਾ ਗਿਆ।
ਟਰੱਸਟ ਦੇ ਸਕੱਤਰ ਗੁਰਮੀਤ ਸਿੰਘ ਨੇ ਇਸ ਤਕਨੀਕ ਦੇ ਸ਼ੁਰੂ ਹੋਣ ਤੇ ਸਭ ਨੂੰ ਵਧਾਈ ਦਿੰਦੇ ਹੋਏ ਇਸ ਨੂੰ ਸੋਹਾਣਾ ਹਸਪਤਾਲ ਵੱਲੋਂ ਮੈਡੀਕਲ ਦੀ ਤਕਨੀਕੀ ਦੁਨੀਆਂ ਵਿਚ ਇਕ ਅਹਿਮ ਪੁਲਾਂਘ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਤਕਨੀਕ ਉਨ੍ਹਾਂ ਪੇਚੀਦਾ ਸਰਜੀਕਲ ਪ੍ਰਕਿਰਿਆਵਾਂ ਵਿਚ ਕ੍ਰਾਂਤੀ ਹੈ,ਜਿਨ੍ਹਾਂ ਵਿਚ ਮਾਹਿਰ ਤੋਂ ਮਾਹਿਰ ਡਾਕਟਰਾਂ ਨੂੰ ਮੁਸ਼ਕਿਲ ਪੇਸ਼ ਆਉਦੀਂ ਸੀ। ਉਨਾਂ ਦੱਸਿਆਂ ਕਿ ਕੈਂਸਰ, ਯੂਰੋਲੋਜੀ, ਗਾਇਨੀ ਅਤੇ ਜਰਨਲ ਪੇਚੀਦਾ ਸਰਜਰੀਆਂ ਚੌਥੀ ਜਨਰੇਸ਼ਨ ਰੋਬੋਟਿਕ ਰਾਹੀਂ ਸਟੀਕ ਤਕਨੀਕ ਨਾਲ ਬਿਹਤਰੀਨ ਨਤੀਜੇ ਮਿਲਣਗੇ।
ਡਾ. ਗਗਨਦੀਪ ਸਿੰਘ ਸਚਦੇਵਾ ਸੀ.ਈ.ਓ. ਅਤੇ ਆਰਥੋਪੈਡਿਕਸ ਦੇ ਮੁਖੀ ਨੇ ਇਸ ਤਕਨੀਕ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਮੈਡੀਕਲ ਤਕਨੀਕ ਵਿਚ ਅਤਿ ਆਧੁਨਿਕ ਚੌਥੀ ਜਨਰੇਸ਼ਨ ਦੇ ਇਸ ਰੋਬੋਟਿਕ ਰਾਹੀਂ ਮਾਹਿਰ ਸਰਜਨਾਂ ਨੂੰ ਪੇਚੀਦਾ ਸਰਜਰੀ ਕਰਨ ਵਿਚ ਹੋਰ ਨਿਪੁੰਨਤਾ ਅਤੇ ਗੁੰਝਲਦਾਰ ਪ੍ਰਕਿਰਿਆਵਾਂ ਨੂੰ ਆਸਾਨੀ ਨਾਲ ਕਰਨ ਸਹੂਲਤ ਮਿਲੇਗੀ। ਜਿਸ ਨਾਲ ਨਾ ਸਿਰਫ਼ ਕੀਮਤੀ ਜਾਨਾਂ ਨੂੰ ਬਚਾਉਣਾ ਹੋਰ ਆਸਾਨ ਹੋਵੇਗਾ। ਬਲਕਿ ਮਰੀਜ਼ਾਂ ਨੂੰ ਅਪਰੇਸ਼ਨ ਦੌਰਾਨ ਹੋਣ ਵਾਲੀ ਤਕਲੀਫ਼ ਅਤੇ ਲੱਗਣ ਵਾਲਾ ਸਮਾ ਵੀ ਬਹੁਤ ਘੱਟ ਹੋ ਜਾਵੇਗਾ।
ਡਾ. ਕਰਮਵੀਰ ਸਿੰਘ ਸਭਰਵਾਲ ਚੀਫ਼ ਓਪਰੇਟਿੰਗ ਅਫ਼ਸਰ, ਯੂਰੋਲੋਜਿਸਟ ਅਤੇ ਰੇਨਲ ਟਰਾਂਸਪਲਾਂਟ ਸਰਜਨ ਨੇ ਇਸ ਰੋਬੋਟ ਦੇ ਫ਼ਾਇਦਿਆਂ ਬਾਰੇ ਵਿਸਥਾਰ ਨਾਲ ਨਾਲ ਜਾਣਕਾਰੀ ਦਿਤੀ। ਉਨ੍ਹਾਂ ਰੋਬੋਟ ਦੇ ਉੱਨਤ ਰੋਬੋਟਿਕ ਸਿਸਟਮ ਅਤੇ ਉੱਚ-ਪਰਿਭਾਸ਼ਾ ਥ੍ਰੀ ਡੀ ਵਿਜ਼ਨ ਪ੍ਰਣਾਲੀ ਦੀ ਵਿਸਥਾਰ ਜਾਣਕਾਰੀ ਦਿਤੀ। ਡਾ. ਸਭਰਵਾਲ ਨੇ ਰੋਬੋਟ ਦੇ ਅਨੁਭਵੀ ਪੈਨਲ, ਬਾਂਹਾਂ ਅਤੇ ਕੰਸੋਲ ਦੇ ਕੰਮ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਇਸ ਨਾਲ ਹੋਣ ਵਾਲੇ ਫ਼ਾਇਦੇ ਛੋਟੇ ਚੀਰੇ, ਖੂਨ ਦੀ ਕਮੀ ਅਤੇ ਤੇਜ਼ੀ ਨਾਲ ਠੀਕ ਹੋਣ ਦੇ ਸਮੇਂ ਦੀ ਜਾਣਕਾਰੀ ਸਾਂਝੀ ਕੀਤੀ।
ਟਰੱਸਟੀ ਸੁਖਦੀਪ ਸਿੰਘ ਨੇ ਘੋਸ਼ਣਾ ਕੀਤੀ ਕਿ ਭਵਿੱਖ ਵਿਚ ਹਸਪਤਾਲ ਵਿਚ ਅਤਿ ਆਧੁਨਿਕ ਤਕਨੀਕਾਂ ਨੂੰ ਸ਼ਾਮਿਲ ਕਰਦੇ ਹੋਏ ਹੋਰ ਬਿਹਤਰੀਨ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਅੱਗੇ ਦੱਸਿਆਂ ਕਿ ਅੱਜ ਸੋਹਾਣਾ ਹਸਪਤਾਲ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਜੰਮੂ ਕਸ਼ਮੀਰ ਤੋਂ ਰੋਜ਼ਾਨਾ ਸੈਂਕੜੇ ਮਰੀਜ਼ ਇਲਾਜ ਲਈ ਆ ਰਹੇ ਹਨ।