ਵਿਧਾਨ ਸਭਾ ਹਲਕਾ ਰੂਪਨਗਰ ਦੇ ਹਰੇਕ ਪਿੰਡ ਵਿੱਚ ਨੌਜ਼ਵਾਨਾਂ ਦੇ ਖੇਡਣ ਲਈ ਗਰਾਊਂਡ ਜਾਂ ਸਟੇਡੀਅਮ, ਕੂੜੇ ਦੇ ਪ੍ਰਬੰਧਨ ਲਈ ਵੇਸਟ ਮੈਨੇਜਮੈਂਟ ਪ੍ਰੋਜੈਕਟ ਅਤੇ ਮਹਿਲਾਵਾਂ ਦੇ ਘੁੰਮਣ ਫਿਰਨ ਅਤੇ ਸੈਰ ਕਰਨ ਦੇ ਲਈ ਵਿਸ਼ੇਸ਼ ਪਾਰਕ ਬਣਾਏ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਰੂਪਨਗਰ, ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਬਲਾਕ ਰੂਪਨਗਰ ਦੇ ਪਿੰਡਾਂ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਨਵੇਂ ਵਿਕਾਸ ਕਾਰਜਾਂ ਨੂੰ ਆਰੰਭ ਕਰਨ ਦੇ ਲਈ ਬੀਡੀਪੀਓ ਦਫ਼ਤਰ ਵਿਖੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਬੁਲਾਈ ਗਈ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਵਿਧਾਇਕ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਮੁੜ ਸੋਨੇ ਦੀ ਚਿੜੀ ਬਣਾਉਣ ਲਈ ਤਤਪਰ ਹੈ। ਇਸ ਉਦੇਸ਼ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਜ਼ਮੀਨੀ ਪੱਧਰ ਤੇ ਪਹੁੰਚ ਕਰਕੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਡਵੋਕੇਟ ਦਿਨੇਸ਼ ਚੱਢਾ ਨੇ ਹਲਕੇ ਦੇ ਪਿੰਡਾਂ ਵਿੱਚ ਪੰਚਾਇਤੀ ਰਾਜ ਵਿਭਾਗ ਦੁਆਰਾ ਚੱਲ ਰਹੀਆਂ ਸਕੀਮਾਂ, ਕਰਵਾਏ ਜਾ ਰਹੇ ਵੱਖ-ਵੱਖ ਕਾਰਜ ਜਿਵੇਂ ਕਿ ਖੇਡ ਮੈਦਾਨ ਅਤੇ ਸਟੇਡੀਅਮ ਬਣਾਉਣ, ਵੇਸਟ ਮੈਨੇਜਮੈਂਟ ਪ੍ਰੋਜੈਕਟ ਬਣਾਉਣ ਸੰਬੰਧੀ ਅਤੇ ਹੋਰ ਕਾਰਜਾਂ ਨੂੰ ਸਹੀ ਤੇ ਸੁਖਾਲੇ ਢੰਗ ਨਾਲ ਨੇਪੜੇ ਚੜ੍ਹਾਉਣ ਸੰਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ।
ਇਸ ਤੋਂ ਇਲਾਵਾ ਉਨ੍ਹਾਂ ਪੰਚਾਇਤ ਸਕੱਤਰਾਂ, ਗ੍ਰਾਮ ਰੋਜ਼ਗਾਰ ਸੇਵਕਾਂ ਨੂੰ ਹਦਾਇਤ ਕੀਤੀ ਕਿ ਉਹ ਪਿੰਡਾਂ ਦੇ ਵੱਧ ਤੋਂ ਵੱਧ ਕੰਮ ਮਗਨਰੇਗਾ ਸਕੀਮ ਤਹਿਤ ਕਰਵਾਉਂਣ, ਜਿਸ ਨਾਲ ਪਿੰਡ ਦੇ ਲੋਕਾਂ ਨੂੰ ਵੀ ਰੁਜ਼ਗਾਰ ਮਿਲ ਸਕੇ। ਇਸ ਮੀਟਿੰਗ ਵਿੱਚ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਪੰਚਾਇਤਾਂ ਦੇ ਕੰਮਾਂ ਨੂੰ ਸਹੀ ਤਰੀਕੇ ਨਾਲ ਕਰਨ ਲਈ ਨਿਰਦੇਸ਼ ਦਿੱਤੇ ਗਏ ਤਾਂ ਕਿ ਆਮ ਜਨਤਾ ਅਤੇ ਪੰਚਾਇਤਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੀਟਿੰਗ ਵਿੱਚ ਬੀਡੀਪੀਓ ਰੂਪਨਗਰ ਸ਼੍ਰੀਮਤੀ ਸਮ੍ਰਿਤਾ, ਸੁਪਰਡੈਂਟ ਰਮਾਂ ਕਾਂਤ, ਏ.ਪੀ.ਓ. ਮਨਿੰਦਰ ਸਿੰਘ, ਜੇ.ਈ. ਹਰਿੰਦਰ ਸਿੰਘ ਗਿੱਲ, ਭਾਗ ਸਿੰਘ ਮਦਾਨ, ਐਡਵੋਕੇਟ ਸਤਨਾਮ ਗਿੱਲ, ਐਡਵੋਕੇਟ ਵਿਕਰਮ ਗਰਗ, ਐਮਸੀ ਰਾਜੂ ਸਤਿਆਲ, ਸ਼ਿਵ ਕੁਮਾਰ ਲਾਲਪੁਰਾ, ਸੁਖਦੇਵ ਸਿੰਘ ਮੀਆਂਪੁਰ, ਵੱਖ-ਵੱਖ ਅਧਿਕਾਰੀ ਸਮੇਤ ਸਮੂਹ ਪੰਚਾਇਤ ਸਕੱਤਰ ਤੇ ਗ੍ਰਾਮ ਰੋਜ਼ਗਾਰ ਸੇਵਕ ਰੂਪਨਗਰ ਆਦਿ ਹਾਜ਼ਰ ਸਨ।