ਸਾਬਕਾ ਸਿਹਤ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਮੁਹਾਲੀ ਬਲਬੀਰ ਸਿੰਘ ਸਿੱਧੂ ਨੇ ਅੱਜ ਸੈਕਟਰ 78 ਵਿਚ ਇਕ ਨਵੇਂ ਟਿਊਬਵੈੱਲ ਦਾ ਨੀਂਹ ਪੱਥਰ ਰੱਖਿਆ। ਇਸ ਟਿਊਬਵੈੱਲ ਉੱਤੇ 47.5 ਲੱਖ ਰੁਪਏ ਦਾ ਖਰਚਾ ਆਵੇਗਾ। ਇਸ ਦੇ ਨਾਲ ਨਾਲ ਮੰਤਰੀ ਨੇ ਤਿੰਨ ਟੈਂਪੂਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜੋ ਮੋਹਾਲੀ ਨਗਰ ਨਿਗਮ ਅਧੀਨ ਪੈਂਦੇ ਛੇ ਪਿੰਡਾਂ ਵਿੱਚ ਸੀਵਰੇਜ ਦੀ ਸਫਾਈ ਕਰਨਗੇ। ਇਸ ਮੌਕੇ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਚੇਅਰਮੈਨ ਮਾਰਕੀਟ ਕਮੇਟੀ ਖਰੜ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਕਮਿਸ਼ਨਰ ਕਮਲ ਗਰਗ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਮੌਕੇ ਬੋਲਦਿਆਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁਹਾਲੀ ਦਾ ਇਹ ਇਲਾਕਾ ਕੁਝ ਸਮਾਂ ਪਹਿਲਾਂ ਹੀ ਨਗਰ ਨਿਗਮ ਮੋਹਾਲੀ ਦੇ ਅਧੀਨ ਆਇਆ ਹੈ ਅਤੇ ਕਾਂਗਰਸ ਪਾਰਟੀ ਨੇ ਹੀ ਇੱਥੋਂ ਦੇ ਲੋਕਾਂ ਨੂੰ ਬਾਕੀ ਸ਼ਹਿਰ ਨਾਲੋਂ ਵਧੇ ਹੋਏ ਪਾਣੀ ਦੇ ਬਿੱਲਾਂ ਦੇ ਰੇਟਾਂ ਤੋਂ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਖੇਤਰ ਦੇ ਲੋਕਾਂ ਦਾ ਬਾਕੀ ਮੁਹਾਲੀ ਦੇ ਨਾਲੋਂ ਸਾਢੇ ਪੰਜ ਗੁਣਾ ਰੇਟ ਦਾ ਬਿੱਲ ਜ਼ਿਆਦਾ ਆਉਂਦਾ ਸੀ।ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਇਸ ਨਵੇਂ ਟਿਊਬਵੈੱਲ ਦੇ ਨਾਲ ਇਸ ਇਲਾਕੇ ਵਿੱਚ ਜਿੱਥੇ ਕਿਤੇ ਵੀ ਸਾਫ ਸੁਥਰੇ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਵਿਘਨ ਪੈਂਦਾ ਸੀ ਉਹ ਵੀ ਦੂਰ ਹੋ ਜਾਵੇਗੀ ਤੇ ਇੱਥੇ ਸੁਚਾਰੂ ਢੰਗ ਨਾਲ ਪਾਣੀ ਦੀ ਸਪਲਾਈ ਹੋਵੇਗੀ।ਉਨ੍ਹਾਂ ਕਿਹਾ ਕਿ ਵੈਸੇ ਵੀ ਮੋਹਾਲੀ ਨਗਰ ਨਿਗਮ ਦੇ ਅਧੀਨ ਇਹ ਖੇਤਰ ਆਉਣ ਤੋਂ ਬਾਅਦ ਪੂਰੇ ਸੈਕਟਰ 76 ਤੋਂ 80 ਵਿਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਸ ਵਿੱਚ ਮੁੱਖ ਤੌਰ ਤੇ ਸੜਕਾਂ ਪੇਵਰ ਬਲਾਕਾਂ ਪਾਰਕਾਂ ਸਟਰੀਟ ਲਾਈਟਾਂ ਆਦਿ ਦੇ ਕੰਮ ਹਨ।
ਮੋਹਾਲੀ ਨਗਰ ਨਿਗਮ ਦੇ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਸ਼ਾਹੀ ਮਾਜਰਾ, ਮਟੌਰ, ਸੋਹਾਣਾ, ਕੁੰਭਡ਼ਾ, ਮਦਨਪੁਰਾ ਤੇ ਪਿੰਡ ਮੁਹਾਲੀ ਵਿਚ ਹੁੰਦੇ ਸੀਵਰੇਜ ਜਾਮ ਦੀ ਸਮੱਸਿਆ ਦੇ ਹੱਲ ਲਈ ਸਾਬਕਾ ਸਿਹਤ ਮੰਤਰੀ ਅਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਤੋਰੇ ਗਏ ਤਿੰਨ ਟੈਂਪੂ ਪੂਰੀ ਮਸ਼ੀਨਰੀ ਨਾਲ ਲੈਸ ਹਨ ਅਤੇ ਜਿੱਥੇ ਕਿਤੇ ਵੀ ਇਨ੍ਹਾਂ ਪਿੰਡਾਂ ਵਿੱਚ ਸੀਵਰੇਜ ਜਾਮ ਹੋਵੇਗਾ ਉੱਥੇ ਨਾ ਸਿਰਫ਼ ਇਹ ਸੀਵਰੇਜ ਦੀ ਸਫ਼ਾਈ ਕਰਨਗੇ ਸਗੋਂ ਗੰਦਗੀ ਨੂੰ ਵੀ ਨਾਲ ਦੀ ਨਾਲ ਟੈਂਪੂ ਵਿਚ ਹੀ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਟੈਂਪੂ ਵਿਸ਼ੇਸ਼ ਤੌਰ ਤੇ ਪਿੰਡਾਂ ਵਾਸਤੇ ਹੀ ਲਏ ਗਏ ਹਨ ਅਤੇ ਇਸ ਨਾਲ ਪਿੰਡ ਵਾਸੀਆਂ ਨੂੰ ਸੀਵਰੇਜ ਜਾਮ ਹੋਣ ਦੀ ਸਮੱਸਿਆ ਤੋਂ ਨਿਜਾਤ ਹਾਸਲ ਹੋਵੇਗੀ।ਸਾਬਕਾ ਮੰਤਰੀ ਨੇ ਕਿਹਾ ਕਿ ਉਹ ਪੂਰੇ ਮੁਹਾਲੀ ਹਲਕੇ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਪੂਰੇ ਹਲਕੇ ਵਿਚ ਹੀ ਵਿਕਾਸ ਕਾਰਜ ਹਰ ਪਾਸੇ ਚੱਲ ਰਹੇ ਹਨ ਜਿਨ੍ਹਾਂ ਵਾਸਤੇ ਨਾ ਤਾਂ ਪਹਿਲਾਂ ਫੰਡਾਂ ਦੀ ਕਮੀ ਆਉਣ ਦਿੱਤੀ ਗਈ ਹੈ ਅਤੇ ਨਾ ਹੀ ਅੱਗੇ ਆਉਣ ਦਿੱਤੀ ਜਾਵੇਗੀ।ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸਾਬਕਾ ਸਿਹਤ ਮੰਤਰੀ ਅਤੇ ਮੌਜੂਦਾ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁਹਾਲੀ ਵਿਚ ਹੋ ਰਹੇ ਵਿਕਾਸ ਕਾਰਜਾਂ ਦਾ ਸਿਹਰਾ ਵਿਧਾਇਕ ਸਿੱਧੂ ਦੇ ਸਿਰ ਹੀ ਜਾਂਦਾ ਹੈ ਜਿਨ੍ਹਾਂ ਨੇ ਮੋਹਾਲੀ ਨਗਰ ਨਿਗਮ ਨੂੰ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਸਗੋਂ ਹੋਰਨਾਂ ਵਿਭਾਗਾਂ ਤੋਂ ਵੀ ਮੁਹਾਲੀ ਨਗਰ ਨਿਗਮ ਦੇ ਬਕਾਇਆ ਕਰੋਡ਼ਾਂ ਰੁਪਏ ਵਾਪਸ ਲੈ ਕੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੋਹਾਲੀ ਦੇ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਲਬੀਰ ਸਿੰਘ ਸਿੱਧੂ ਨੂੰ ਪਹਿਲਾਂ ਨਾਲੋਂ ਵੀ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਗੇ। ਇਸ ਮੌਕੇ ਐਮ ਸੀ ਸੁੱਚਾ ਸਿੰਘ ਕਲੌਡ਼, ਐੱਮਸੀ ਹਰਜੀਤ ਸਿੰਘ ਭੋਲੂ, ਐਸ ਈ ਸੰਜੇ ਕੰਵਰ, ਨਵਜੋਤ ਬਾਛਲ, ਤਰਸੇਮ ਸਿੰਘ ਜਨਰਲ ਸਕੱਤਰ, ਸੱਤਪਾਲ ਸਿੰਘ, ਬਲਜੀਤ ਸਿੰਘ ਸੋਹਾਣਾ, ਪ੍ਰਭਜੋਤ ਕੌਰ, ਚੈਰੀ ਸਿੱਧੂ ਅਤੇ ਹੋਰ ਪਤਵੰਤੇ ਤੇ ਨਗਰ ਨਿਗਮ ਦੇ ਅਧਿਕਾਰੀ ਹਾਜ਼ਰ ਸਨ।