ਪੰਜਾਬ ਸਰਕਾਰ ਹਰ ਲੋੜਵੰਦ ਤੱਕ ਬਿਹਤਰੀਨ ਸਿਹਤ ਸਹੂਲਤਾਂ ਪਹੁੰਚਾਉਣ ਲਈ ਵਚਨਬੱਧ ਡਿਪਟੀ ਕਮਿਸ਼ਨਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਪੂਰਥਲਾ ਦੇ 30 ਹੈਲਥ ਐਂਡ ਵੈਲਨੈੱਸ ਸੈਂਟਰਾਂ ਦਾ ਵਰਚੁਅਲ ਉਦਘਾਟਨ
Web Admin
5 Dariya News
ਕਪੂਰਥਲਾ , 21 Nov 2020
Last updated on: Nov 21, 2020, 00:00 IST
ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਲੋੜਵੰਦ ਨੂੰ ਬਿਹਤਰੀਨ ਸਿਹਤ ਸਹਲੂਤਾਂ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਜਿਲੇ ਅੰਦਰ ਸ਼ੁਰੂ ਕੀਤੇ ਗਏ 'ਹੈਲਥ ਵੈਲਨੈਸ ਸੈਂਟਰ' ਇਸ ਵਿਚ ਅਹਿਮ ਭੂਮਿਕਾ ਨਿਭਾਉਣਗੇ।ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਭਰ ਵਿਚ ਹੈਲਥ ਵੈਲਨੈਸ ਸੈਂਟਰਾਂ ਦਾ ਵਰਚੁਅਲ ਉਦਘਾਟਨ ਮੌਕੇ ਸਮਾਗਮ ਵਿਚ ਸ਼ਿਰਕਤ ਕਰਨ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਜ ਦੇ ਕਮਜ਼ੋਰ ਤਬਕੇ ਦੇ ਲੋਕਾਂ ਨੂੰ ਬਿਹਤਰ ਇਲਾਜ ਦੀ ਸਹੂਲਤ ਦੇਣਾ ਪੰਜਾਬ ਸਰਕਾਰ ਦਾ ਟੀਚਾ ਹੈ ਤਾਂ ਜੋ ਕੋਈ ਵੀ ਜਰੂਰਤਮੰਦ ਕਿਸੇ ਵੀ ਤਰਾਂ ਦੀ ਸਿਹਤ ਸਹੂਲਤ ਤੇ ਇਲਾਜ ਤੋਂ ਵਾਂਝਾ ਨਾ ਰਹਿ ਸਕੇ।ਜਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱੱਜ ਪੰਜਾਬ ਦੇ ਕੁੱਲ 107 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦਾ ਵਰਚੁਅਲੀ ਉਦਘਾਟਨ ਕੀਤਾ ਗਿਆ ਅਤੇ ਇਨਾਂ ਵਿਚ 30 ਤੰਦਰੁਸਤ ਪੰਜਾਬ ਸਿਹਤ ਕੇਂਦਰ ਕਪੂਰਥਲਾ ਦੇ ਵੀ ਸ਼ਾਮਲ ਹਨ। ਸਿਵਲ ਸਰਜਨ ਡਾ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦਾ ਉਦੇਸ਼ ਰੋਗ ਹੋਣ ਤੋਂ ਪਹਿਲਾਂ ਹੀ ਬਚਾਅ ਦੇ ਉਪਾਅ ਤਾਂ ਕਰਨਾ ਹੀ ਹੈ ਨਾਲ ਹੀ ਵੱਧ ਤੋਂ ਵੱਧ ਸਿਹਤ ਸਹੂਲਤਾਂ ਲੋਕਾਂ ਦੇ ਘਰ ਘਰ ਤੱਕ ਪਹੁੰਚਾਉਣਾ ਹੈ। ਉਨਾਂ ਦੱਸਿਆ ਕਿ ਉਪ ਕੇਂਦਰਾਂ 'ਤੇ ਪਹਿਲੇ ਜਿੱਥੇ ਜੱਚਾ ਬੱਚਾ ਸਿਹਤ ਸਹੂਲਤ ਤੇ ਟੀਕਾਕਰਨ ਦੀ ਸਹੂਲਤ ਪਿੰਡ ਪਿੰਡ ਤੱਕ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਮੁਹੱਇਆ ਕਰਵਾਈ ਜਾ ਰਹੀ ਸੀ ਉੱਥੇ ਹੀ ਤੰਦਰੁਸਤ ਪੰਜਾਬ ਸਿਹਤ ਕੇਂਦਰ ਦੇ ਅਪਗ੍ਰੇਡ ਹੋਣ ਨਾਲ ਉਪਰੋਕਤ ਸਹੂਲਤਾਂ ਦੇ ਨਾਲ ਨਾਲ ਸੰਚਾਰੀ ਤੇ ਗੈਰ ਸੰਚਾਰੀ ਰੋਗਾਂ, ਸਕੂਲ ਹੈਲਥ ਐਜੂਕੇਸ਼ਨ ਜਿਸ ਵਿਚ ਕਿਸ਼ੋਰ ਸਿਹਤ ਵੀ ਸ਼ਾਮਲ ਹਨ ਦੇ ਇਲਾਜ ਦੀ ਸਹੂਲਤ ਇਨਾਂ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਿਚ ਹੀ ਮਿਲੇਗੀ।ਡਾ ਸੁਰਿੰਦਰ ਕੁਮਾਰ ਨੇ ਇਹ ਵੀ ਦੱਸਿਆ ਕਿ ਤੰਦਰੁਸਤ ਪੰਜਾਬ ਸਿਹਤ ਕੇਂਦਰ ਕੈਂਸਰ ਜਿਵੇਂ ਬ੍ਰੈਸਟ ਕੈਂਸਰ, ਸਰਵਾਈਕਲ ਕੈਂਸਰ, ਓਰਲ ਕੈਂਸਰ, ਹਾਈਪਰਟੈਂਸ਼ਨ, ਡਾਈਬੀਟੀਜ ਆਦਿ ਬੀਮਾਰੀਆਂ ਦੀ ਅਰਲੀ ਡਿਟੇਕਸ਼ਨ ਵਿਚ ਬਹੁਤ ਹੀ ਲਾਹੇਵੰਦ ਸਿੱਧ ਹੋਣਗੇ।ਇਸ ਮੌਕੇ ਡੀ ਐਸ ਪੀ ਸੰਦੀਪ ਸਿੰਘ ਮੰਡ, ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾਂ, ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਜਿਲਾ ਪ੍ਰੋਗਰਾਮ ਮੈਨੇਜਰ ਡਾ. ਸੁਖਵਿੰਦਰ ਕੌਰ, ਜੋਤੀ ਆਨੰਦ ਵੀ ਹਾਜਰ ਸਨ।