ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਪੰਜਾਬ ਵੱਲੋਂ ਸਮਾਜ ਵਿੱਚ ਵੱਧ ਰਹੀਆਂ ਗੈਰ ਸੰਚਾਰੀ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਅਧੀਨ ਰੋਕਥਾਮ ਅਤੇ ਇਨ੍ਹਾਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਇੱਕ ਚੇਤਨਾ ਵੈਨ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੀ। ਇਹ ਵੈਨ ਆਡੀਓ ਅਤੇ ਵੀਡੀਓ ਨਾਲ ਲੈਸ ਹੈ। ਇਹ ਜਾਗਰੂਕਤਾ ਵੈਨ ਸਬੰਧੀ ਜਾਣਕਾਰੀ ਦਿੰਦਿਆਂ ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਇਹ ਵੈਨ ਜਿਲ੍ਹੇ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਾ ਕੇ ਆਮ ਲੋਕਾਂ ਨੂੰ ਗੈਰ ਸੰਚਾਰੀ ਬਿਮਾਰੀ ਸਬੰਧੀ ਜਾਗਰੂਕ ਕਰੇਗੀ।ਇਸ ਜਾਗਰੂਕਤਾ ਵੈਨ ਨੂੰ ਡਾ. ਰੰਜੂ ਸਿੰਗਲਾ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ ਸੁਨੀਲ ਬਾਂਸਲ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਡਾ ਸ਼ਤੀਸ਼ ਗੋਇਲ ਡਿਪਟੀ ਮੈਡੀਕਲ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਝੰਡੀ ਦੇ ਕੇ ਰਵਾਨਾ ਕੀਤਾ।ਇਸ ਸਮੇਂ ਡਾ ਭਾਰਤ ਭੂਸ਼ਣ, ਡਾ ਅਰਪਨ, ਸੁਖਮੰਦਰ ਸਿੰਘ ਅਤੇ ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫ਼ਸਰ, ਗੁਰਚਰਨ ਸਿੰਘ ਫਾਰਮਾਸਿਸਟ, ਸੁਨੀਤਾ ਰਾਣੀ ਨਰਸਿੰਗ ਸਿਸਟਰ, ਵਕੀਲ ਸਿੰਘ, ਦਰਸ਼ਨਾ, ਪਿੰਕੀ ਅਤੇ ਮਨਪ੍ਰੀਤ ਹਾਜਰ ਸਨ। ਇਸ ਮੌਕੇ ਡਾ ਰੰਜੂ ਸਿੰਗਲਾ ਨੇ ਦੱਸਿਆ ਕਿ 60 ਪ੍ਰਤੀਸ਼ਤ ਮੌਤਾਂ ਗੈਰ ਸੰਚਾਰੀ ਬਿਮਾਰੀਆਂ ਜਿਵੇ ਸ਼ੂਗਰ, ਕੈਸਰ, ਬਲੱਡ ਪ੍ਰੈਸ਼ਰ, ਸਟ੍ਰੋਕ ਅਤੇ ਦਿਲ ਦੀਆ ਬਿਮਾਰੀਆਂ ਕਾਰਨ ਹੋ ਰਹੀਆਂ ਹਨ। ਜੇਕਰ ਇਨ੍ਹਾਂ ਬਿਮਾਰੀਆਂ ਦੀ ਸਮੇਂ ਸਿਰ ਜਾਂਚ ਕਰਕੇ ਇਲਾਜ ਕਰਵਾਇਆ ਜਾਵੇ ਤਾਂ ਇਨ੍ਹਾਂ ਦੇ ਬੁਰੇ ਪ੍ਰਭਾਵਾਂ ਅਤੇ ਹੋਣ ਵਾਲੀਆਂ ਮੌਤਾਂ ਤੋਂ ਬਚਿਆ ਜਾ ਸਕਦਾ ਹੈ।
ਇਨ੍ਹਾਂ ਬਿਮਾਰੀਆਂ ਦਾ ਇਲਾਜ ਜਿਲ੍ਹੇ ਦੇ ਸਾਰੇ ਸਰਕਾਰੀ ਹਸਤਪਾਲਾਂ ਵਿੱਚ ਮੁਫ਼ਤ ਕੀਤਾ ਜ਼ਾਂਦਾ ਹੈ।ਡਾ ਸੁਨੀਲ ਬਾਂਸਲ ਨੇ ਦੱਸਿਆ ਕਿ ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਗਿਲਟੀ ਹੈ ਤਾਂ ਜਲਦੀ ਤੋਂ ਜਲਦੀ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰਕੇ ਮਾਹਿਰ ਡਾਕਟਰ ਤੋਂ ਚੈਕ ਕਰਵਾਉਣਾ ਚਾਹੀਦਾ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਕੈਂਸਰ ਦੀ ਬਿਮਾਰੀ ਹੈ ਤਾਂ ਉਹ ਪੰਜਾਬ ਸਰਕਾਰ ਦੁਆਰਾ ਚੱਲ ਰਹੀ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਦੇ ਫਾਰਮ ਭਰ ਕੇ ਸਰਕਾਰੀ ਹਸਪਤਾਲਾਂ, 3 ਮੈਡੀਕਲ ਕਾਲਜਾਂ ਜਾਂ ਐਫੀਲੀਏਟਡ ਪ੍ਰਾਈਵੇਟ ਹਸਪਤਾਲਾਂ ਵਿੱਚੋਂ ਡੇਢ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਦਾ ਹੈ। ਡਾ ਸ਼ਤੀਸ਼ ਨੇ ਦੱਸਿਆ ਕਿ ਇਹ ਵੈਨ 12 ਨਵੰਬਰ ਤੱਕ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਾ ਕੇ ਗੈਰ ਸੰਚਾਰੀ ਬਿਮਾਰੀਆਂ ਦੇ ਲੱਛਣਾਂ ਅਤੇ ਇਲਾਜ ਬਾਰੇ ਜਾਗਰੂਕ ਕਰੇਗੀ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵੈਨ ਰਾਹੀੱ ਦਿੱਤੀ ਜਾਂਦੀ ਜਾਗਰੂਕਤਾ ਦਾ ਅਤੇ ਪੰਜਾਬ ਸਰਕਾਰ ਦੁਆਰਾ ਚੱਲ ਰਹੀਆਂ ਸਕੀਮਾਂ ਦਾ ਵੱਧ ਤੋੱ ਵੱਧ ਲਾਭ ਉਠਾਉਣ। ਸ੍ਰੀ ਸੁਖਮੰਦਰ ਸਿੰਘ ਅਤੇ ਵਿਨੋਦ ਖੁਰਾਣਾ ਨੇ ਦੱੱਸਿਆਂ ਕਿ ਇਸ ਵੈਨ ਦਾ ਮੁੱਖ ਮਕਸਦ ਆਮ ਜਨਤਾ ਨੂੰ ਗੈਰ ਸੰਚਾਰੀਆਂ ਬਿਮਾਰੀਆਂ ਤੋਂ ਬਚਣ ਪ੍ਰਤੀ ਜਾਗਰੂਕ ਕਰਨਾ ਹੈ। ਇਹ ਵੈਨ ਪੈਂਫਲਿਟ ਰਾਹੀਂ ਅਤੇ ਫਿਲਮਾਂ ਰਾਹੀ ਆਮ ਲੋਕਾਂ ਨੂੰ ਗੈਰ ਸੰਚਾਰੀ ਬਿਮਾਰੀਆਂ ਪ੍ਰਤੀ ਜਾਗਰੂਕ ਕਰੇਗੀ।