ਕੋਰੋਨਾ ਮਹਾਂਮਾਰੀ ਦੌਰਾਨ ਗਰੀਬ ਲੋਕਾਂ ਤੱਕ ਪੰਜਾਬ ਸਰਕਾਰ ਵੱਲੋਂ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉੱਥੇ ਲੋਕਾਂ ਵੱਲੋਂ ਵੀ ਕੋਵਿਡ 19 ਤਹਿਤ ਜ਼ਾਰੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਖ਼ੁਰਾਕ ਸਪਲਾਈ ਵਿਭਾਗ ਸੰਗਰੂਰ ਵੱਲੋਂ 'ਗ਼ਰੀਬ ਕਲਿਆਣ ਅੰਨ ਯੋਜਨਾ' ਤਹਿਤ ਗ਼ਰੀਬ ਲੋਕਾਂ ਨੂੰ 15 ਕਿੱਲੋ ਪ੍ਰਤੀ ਮੈਂਬਰ ਕਣਕ ਅਤੇ ਪ੍ਰਤੀ ਪਰਿਵਾਰ ਤਿੰਨ ਕਿੱਲੋ ਦਾਲ ਤਿੰਨ ਮਹੀਨਿਆਂ ਲਈ ਮੁਫ਼ਤ ਵੰਡੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਜ਼ਿਲ੍ਹਾ ਸੰਗਰੂਰ ਵਿਚ ਕੁੱਲ 2 ਲੱਖ 8 ਹਜ਼ਾਰ 210 ਕਾਰਡ ਧਾਰਕ ਹਨ, ਜਿਨ੍ਹਾਂ ਵਿਚੋਂ 1 ਲੱਖ 48 ਹਜ਼ਾਰ 736 ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਜਾ ਚੁੱਕਿਆ ਹੈ ਅਤੇ ਬਾਕੀ ਰਹਿੰਦੇ ਪਰਿਵਾਰਾਂ ਨੂੰ ਵੀ ਇਕ ਹਫ਼ਤੇ ਦੇ ਅੰਦਰ-ਅੰਦਰ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ 56 ਹਜ਼ਾਰ ਮੁਫ਼ਤ ਰਾਸ਼ਨ ਕਿੱਟਾਂ (10 ਕਿੱਲੋ ਆਟਾ, 2 ਕਿੱਲੋ ਚੀਨੀ ਅਤੇ 2 ਕਿੱਲੋ ਦਾਲ) ਗ਼ਰੀਬ ਪਰਿਵਾਰਾਂ ਨੂੰ ਵੰਡਣ ਦਾ ਕੰਮ ਵੀ ਕੀਤਾ ਜਾ ਚੁੱਕਾ ਹੈ। ਗ਼ਰੀਬ ਲੋਕਾਂ ਵੱਲੋਂ ਪੰਜਾਬ ਸਰਕਾਰ ਦੁਆਰਾ ਇਸ ਔਖੀ ਘੜੀ ਵਿਚ ਅਨਾਜ ਤੇ ਦਾਲਾਂ ਵੰਡਣ ਦੀ ਸ਼ਲਾਘਾ ਕੀਤੀ ਜਾ ਰਹੀ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕਾਰਡ ਧਾਰਕਾਂ ਨੂੰ ਜ਼ਿਲ੍ਹੇ ਭਰ ਦੇ ਰਾਸ਼ਨ ਡਿਪੂਆਂ ਵਿਖੇ ਅਪ੍ਰੈਲ, ਮਈ ਅਤੇ ਜੂਨ ਮਹੀਨੇ ਦਾ ਰਾਸ਼ਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਲਾਭਪਾਤਰੀਆਂ ਦੇ ਹੱਥ ਸੈਨੇਟਾਈਜ ਕਰਵਾਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਰਾਸ਼ਣ ਦੇਣ ਤੋਂ ਪਹਿਲਾਂ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਦਿਆਂ ਰਾਸ਼ਨ ਡਿਪੂ ਦੇ ਬਾਹਰ ਲਗਾਏ ਗਏ ਗੋਲਿਆਂ 'ਚ ਦੂਰ-ਦੂਰ ਖੜ੍ਹਾ ਕੀਤਾ ਜਾਂਦਾ ਹੈ।