ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਦੇ ਮੱਦੇਨਜਰ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਸਿਹਤ ਸੇਵਾਵਾਂ ਦੇਣ ਨੂੰ ਯਕੀਨੀ ਬਨਾਉਣ ਲਈ ਸੀ-ਡੈਕ ਮੁਹਾਲੀ ਵੱਲੋਂ ਵਿਕਸਤ ਏਕੀਕ੍ਰਿਤ ਟੈਲੀਮੈਡੀਸਨਲ ਸ਼ਲਿਊਸ਼ਨ, “ਈ-ਸੰਜੀਵਨੀ-ਆਨਲਾਈਨ ਓ ਪੀ ਡੀ ਤਹਿਤ ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਜੀ ਦੀਆਂ ਹਦਾਇਤਾਂ ਅਨੁਸਾਰ ਡਾ ਰੰਜੂ ਸਿੰਗਲਾ ਜਿਲਾ ਪਰਿਵਾਰ ਭਲਾਈ ਅਫ਼ਸਰ ਅਤੇ ਡਾ ਸ਼ਤੀਸ਼ ਗੋਇਲ ਸੀਨੀਅਰ ਮੈਡੀਕਲ ਅਫ਼ਸਰ ਦੀ ਪ੍ਰਧਾਨਗੀ ਵਿੱਚ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਮੈਡੀਸਨ ਦੇ ਮਾਹਿਰ ਡਾਕਟਰ ਡਾ ਪ੍ਰਭਜੀਤ ਸਿੰਘ ਵੱਲੋਂ ਆਪਣੀਆਂ ਸੇਵਾਵਾਂ ਦੇ ਕੇ ਸ਼ੁਰੂਆਤ ਕੀਤੀ।ਇਸ ਮੌਕੇ ਤੇ ਡਾ ਰੰਜੂ ਸਿੰਗਲਾ ਨੇ ਦੱਸਿਆ ਕਿ ਸਿਹਤ ਮੰਤਰੀ ਸ ਬਲਵੀਰ ਸਿੰਘ ਸਿੱਧੂ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਉਪਰਾਲਾ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਆਮ ਲੋਕਾਂ ਲਈ ਵਿਸ਼ੇਸ ਸਿਹਤ ਸੇਵਾਵਾਂ ਪਹੁੰਚਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਆਨਲਾਈਨ ਓ.ਪੀ.ਡੀ. ਦੀਆਂ ਸੇਵਾਵਾਂ ਲੈਣ ਲਈ ਹੈ। ਉਹਨਾਂ ਦੱਸਿਆ ਕਿ ਇਹ ਲੋਕਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮਾਹਿਰ ਡਾਕਟਰਾਂ ਦੇ ਨੈਟਵਰਕ ਨਾਲ ਜੁੜਨ ਅਤੇ ਘਰ ਬੈਠੇ ਹੀ ਸਿਹਤ ਸੰਬੰਧੀ ਆਮ ਸਮੱਸਿਆਵਾਂ ਲਈ ਮੁਫ਼ਤ ਡਾਕਟਰੀ ਇਲਾਜ ਅਤੇ ਸਲਾਹ ਲੈਣ ਲਈ ਪਲੇਟਫਾਰਮ ਪ੍ਰਦਾਨ ਕਰਦਾ ਹੈ।ਸ਼ਤੀਸ ਗੋਇਲ ਨੇ ਦੱਸਿਆ ਕਿ ਈ-ਸੰਜੀਵਨੀ ਓ.ਪੀ.ਡੀ. ਦੌਰਾਨ ਵੀਡੀਓ ਰਾਹੀਂ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਮਰੀਜਾਂ ਵੱਲੋਂ ਆਪਣੀ ਬਿਮਾਰੀ ਬਾਰੇ ਜਾਣਕਾਰੀ ਦੇ ਕੇ ਬਿਮਾਰੀ ਤੋਂ ਨਿਜਾਤ ਪਾਉਣ ਲਈ ਸਲਾਹ ਮਸ਼ਵਰਾ ਦੇਣ ਲਈ ਸ਼ੁਰੂਆਤ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਲੋਕਾਂ ਨੂੰ ਬਿਮਾਰੀ ਦੇ ਇਲਾਜ ਲਈ ਲਈਆਂ ਜਾਣ ਵਾਲੀਆਂ ਦਵਾਈਆਂ ਅਤੇ ਸੰਤੁਲਿਤ ਖਾਦ ਖੁਰਾਕ ਖਾਣ ਬਾਰੇ ਸਲਾਹ ਦਿੱਤੀ ਜਾਇਆ ਕਰੇਗੀ। ਉਹਨਾਂ ਕਿਹਾ ਕਿ ਜਿਨਾਂ ਮਰੀਜਾਂ ਨੂੰ ਬਿਮਾਰੀ ਦੀ ਸਹੀ ਪਛਾਣ ਲਈ ਟੈਸਟਾਂ ਦੀ ਜਰੂਰਤ ਹੋਵੇਗੀ ਉਹਨਾਂ ਨੂੰ ਲੋੜੀਂਦੇ ਟੈਸਟ ਕਰਵਾਉਣ ਬਾਰੇ ਸਲਾਹ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਓ.ਪੀਡੀ. ਦੀ ਸੇਵਾ ਮੋਬਾਇਲ ਫੋਨ ਤੋਂ ਵੀਡੀਓ ਕਾਲ ਕਰਕੇ ਵੀ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ ਮਰੀਜ ਸੀ ਡੈਕ ਦੇ ਸ਼ੁਰੂ ਕੀਤੇ ਲਿੰਕ https://demo.esanjeevaniopd.in ਤੇ ਜਾ ਕੇ ਸਿਹਤ ਸਹੂਲਤਾਂ ਦਾ ਲਾਭ ਉਠਾ ਸਕਦਾ ਹੈ।ਨੌਡਲ ਅਫ਼ਸਰ ਡਾ ਬਲਜੀਤ ਕੌਰ ਨੇ ਦੱਸਿਆ ਕਿ ਮੁਫ਼ਤ ਮੈਡੀਕਲ ਸਲਾਹ ਪ੍ਰਦਾਨ ਕਰਨ ਲਈ ਇਸ ਓ.ਪੀ.ਡੀ. ਦਾ ਸਮਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 10 ਵਜੇ ਤੋਂ ਦੁਪਿਹਰ ਇੱਕ ਵਜੇ ਤੱਕ ਹੈ ਅਤੇ ਉੱਚ ਅਧਿਕਾਰੀਆਂ ਦੇ ਸੰਦੇਸ਼ ਅਨੁਸਾਰ ਸਿਵਲ ਹਸਪਤਾਲ ਵਿੱਚ ਨਿਰਧਾਰਿਤ ਦਿਨ ਨੂੰ ਵੱਖ ਵੱਖ ਮਾਹਿਰ ਡਾਕਟਰਾਂ ਦੀ ਡਿਊਟੀ ਈ ਸੰਜੀਵਨੀ ਓ.ਪੀ.ਡੀ. ਸੇਵਾਵਾਂ ਦੇਣ ਲਈ ਲਗਾਈ ਗਈ ਹੈ। ਕੋਈ ਵੀ ਵਿਅਕਤੀ ਇੰਟਰਨੈਟ ਨਾਲ ਲੈਸ ਕਪਿਉਟਰ ਜਾਂ ਮੋਬਾਇਲ ਰਾਹੀਂ ਵੀਡੀਓ ਕਾਲ ਰਾਹੀਂ ਈ.ਸੰਜੀਵਨੀ ਓ.ਪੀ.ਡੀ ਦਾ ਮੁਫ਼ਤ ਲਾਭ ਲੈ ਸਕਦਾ ਹੈ। ਇਹ ਸਹੂਲਤ ਉਹਨਾਂ ਬਿਮਾਰ ਲੋਕਾਂ ਲਈ ਲਾਭਕਾਰੀ ਹੋਵੇਗੀ ਜ਼ੋ ਕੋਵਿਡ-19 ਮਹਾਂਵਾਰੀ ਦੇ ਮੱਦੇਨਜਰ ਹਸਪਤਾਲਾਂ ਜਾਣ ਤੋਂ ਡਰ ਮਹਿਸੂਸ ਕਰ ਰਹੇ ਹਨ। ਇਸ ਮੌਕੇ ਗੁਰਤੇਜ਼ ਸਿੰਘ ਅਤੇ ਸੁਖਮੰਦਰ ਸਿੰਘ ਜਿਲਾ ਮਾਸ ਮੀਡੀਆ ਅਫ਼ਸਰ, ਗੁਰਚਰਨ ਸਿੰਘ, ਰਾਵਿੰਦਰ ਗਰੋਵਰ, ਰਮਨਦੀਪ ਕੌਰ ਵੀ ਹਾਜ਼ਰ ਸਨ।