ਨੋਵਲ ਕੋਰੋਨਾ ਵਾਇਰਸ (ਕੋਵਿਡ-19) ਨੂੰ ਫੈਲਣ ਤੋਂ ਰੋਕਣ ਲਈ ਲਗਾਇਆ ਗਿਆ ਕਰਫਿਊ ਲਗਾਤਾਰ ਜਾਰੀ ਹੈ। ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਸਰਕਾਰ ਵੱਲੋਂ ਪਿਛਲੇ ਦਿਨਾਂ ਵਿੱਚ ਬੈਂਕ ਕਾਰੋੋਬਾਰ ਕਰਨ ਦੀ ਖੁੱਲ੍ਹ ਦਿੱਤੀ ਗਈ ਸੀ, ਜਿਸ ਦੌਰਾਨ ਇਹ ਦੇਖਣ ਵਿੱਚ ਆਇਆ ਹੈ ਕਿ ਬੈਂਕਾਂ ਦੇ ਬਾਹਰ ਇਸ ਗਰਮੀ ਦੇ ਮੌਸਮ ਦੌਰਾਨ ਬਜ਼ੁਰਗ ਅਤੇ ਹੋਰ ਪੈਨਸ਼ਨ-ਧਾਰਕ ਵੱਡੀ ਗਿਣਤੀ ਵਿੱਚ ਬੈਂਕਾ ਦੇ ਬਾਹਰ ਇਕੱਠ ਦੇ ਰੂਪ ਵਿੱਚ ਖੜ੍ਹੇ ਰਹਿੰਦੇ ਹਨ, ਜਿਸ ਕਾਰਨ ਉਹਨਾਂ ਨੂੰ ਕਈ ਕਈ ਘੰਟੇ ਲਾਈਨਾਂ ਵਿੱਚ ਲੱਗਣਾ ਪੈਂਦਾ ਹੈ ਅਤੇ ਪੁਲਿਸ ਨੂੰ ਵੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਪੂਰੀ ਤਰਾਂ ਪਾਲਣਾ ਕਰਾਉਣ ਵਿੱਚ ਦਿੱਕਤ ਪੇਸ਼ ਆ ਰਹੀ ਸੀ। ਇਸ ਤੋਂ ਇਲਾਵਾ ਵਿਲੇਜ ਪੁਲਿਸ ਅਫਸਰ (ਵੀ.ਪੀ.ਓ.) ਅਤੇ ਪਿੰਡ/ਵਾਰਡ ਕਮੇਟੀਆਂ ਵੱਲੋਂ ਵੀ ਸੂਚਨਾ ਆ ਰਹੀ ਸੀ ਕਿ ਉਨ੍ਹਾਂ ਦੇ ਪਿੰਡਾਂ, ਵਾਰਡਾਂ ਦੇ ਵੱਡੀ ਗਿਣਤੀ ਲੋਕ ਪੈਨਸ਼ਨਾਂ ਲੈਣ ਲਈ ਪਿੰਡਾਂ ਸ਼ਹਿਰਾਂ ਅੰਦਰ ਆ ਜਾ ਰਹੇ ਹਨ, ਜਿਸ ਕਾਰਨ ਮੁਕੰਮਲ ਕਰਫਿਊ ਨੂੰ ਕਾਮਯਾਬ ਕਰਨ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ। ਇਸ ਸਮੱਸਿਆ ਦੇ ਹੱਲ ਕਰਨ ਲਈ ਮਾਨਸਾ ਪੁਲਿਸ ਵੱਲੋਂ ਵਿਲੇਜ ਪੁਲਿਸ ਅਫ਼ਸਰ ਅਤੇ ਸਬੰਧਤ ਵਾਰਡਾਂ, ਪਿੰਡਾਂ ਵਿਚਲਆਂ ਜਿਹੜੀਆਂ ਬੈਂਕ ਸ਼ਾਖਾਵਾਂ ਦੀ ਪੈਨਸ਼ਨ ਵੰਡਣ ਲਈ ਅਲਾਟਮੈਂਟ ਹੋਈ ਹੈ, ਉਹਨਾਂ ਬੈਂਕਾਂ ਦੇ ਬਿਜਨਸ ਕਾਰਸਪੋਡੈਂਟ ਅਤੇ ਬੈਂਕ ਸਟਾਫ ਰਾਹੀਂ, ਬਾਇਓਮੈਟ੍ਰਿਕ ਮਸ਼ੀਨਾਂ ਰਾਹੀ ਪੈਨਸ਼ਨਾਂ ਨੂੰ ਪੈਨਸ਼ਨ-ਧਾਰਕਾਂ ਦੇ ਘਰ ਘਰ ਦੇ ਕੇ ਆਉਣ ਜਾਂ ਪਿੰਡ ਵਿੱਚ, ਵਾਰਡ ਵਿੱਚ ਅਜਿਹੀ ਥਾਂ ਜਿੱਥੇ ਛਾਂ ਅਤੇ ਸਾਫ-ਸਫਾਈ ਦਾ ਪ੍ਰਬੰਧ ਉਚਿਤ ਹੋੋਵੇ, ਉਸ ਥਾਂ ਤੇ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਲੋੜਵੰਦ ਵਿਅਕਤੀਆਂ ਨੂੰ ਪੈਨਸ਼ਨ ਪਹੁੰਚਾਉਣ ਦਾ ਫੈਸਲਾ ਮਾਨਸਾ ਪੁਲਿਸ ਵੱਲੋਂ ਲਿਆ ਗਿਆ ਹੈ।ਐਸ.ਐਸ.ਪੀ. ਨੇ ਦੱਸਿਆ ਕਿ ਇਸ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਪਿੰਡ ਤਾਮਕੋਟ ਦੇ ਪੈਨਸ਼ਨ-ਧਾਰਕਾਂ ਲਈ ਉਹਨਾਂ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਐਸ.ਬੀ.ਆਈ. ਬਰਾਂਚ ਖਿਆਲਾਂ ਕਲਾਂ ਵੱਲੋਂ ਅਤੇ ਪਿੰਡ ਬੁਰਜ ਹਰੀਕੇ ਦੇ ਪੈਨਸ਼ਨ-ਧਾਰਕਾਂ ਲਈ ਪਿੰਡ ਦੇ ਸਕੂਲ ਵਿੱਚ ਪੰਜਾਬ ਗ੍ਰਾਮੀਣ ਬੈਂਕ ਉੱਭਾ ਵੱਲੋ ਵੀ.ਪੀ.ਓ. ਅਤੇ ਪੰਚਾਇਤ ਦੇ ਸਹਿਯੋਗ ਨਾਲ ਪੈਨਸ਼ਨਾਂ ਵੰਡੀਆਂ ਗਈਆਂ ਹਨ। ਜੋ ਵਿਅਕਤੀ ਜ਼ਿਆਦਾ ਉਮਰ ਕਾਰਨ ਜਾਂ ਕਿਸੇ ਬਿਮਾਰੀ ਕਰਕੇ ਚੱਲ ਫਿਰ ਨਹੀ ਸਕਦੇ, ਉਨ੍ਹਾਂ ਨੂੰ ਘਰ ਵਿਚ ਜਾ ਕੇ ਪੈਨਸ਼ਨ ਵੰਡਣ ਦਾ ਪ੍ਰਬੰਧ ਕੀਤਾ ਗਿਆ।ਐਸ.ਐਸ.ਪੀ. ਮਾਨਸਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ੍ਰੀ ਹਰਜਿੰਦਰ ਸਿੰਘ ਡੀ.ਐਸ.ਪੀ. ਮਾਨਸਾ ਵੱਲੋਂ ਖੁਦ ਦੋਹਾਂ ਪਿੰਡਾਂ ਵਿੱਚ ਜਾ ਕੇ ਪੈਨਸ਼ਨ ਵੰਡਣ ਦੀ ਮੁਹਿੰਮ ਦੀ ਸੁਰੂਆਤ ਕੀਤੀ ਗਈ ਅਤੇ ਪਿੰਡ ਤਾਮਕੋਟ ਦੇ 87 ਸਾਲਾਂ ਬੇਸਹਾਰਾ ਅਤੇ ਚੱਲਣ ਫਿਰਨ ਤੋਂ ਅਸਮੱਰਥ ਹਨੀਫ ਖਾਨ ਨਾਮ ਦੇ ਵਿਅਕਤੀ ਨੂੰ ਉਸਦੇ ਘਰ ਵਿਖੇ ਪਹੁੰਚ ਕੇ ਪੈਨਸ਼ਨ ਦਿੱਤੀ ਗਈ।
ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੇ ਹਰ ਪਿੰਡ ਵਿੱਚ ਸੈਂਕੜੇ ਪੈਨਸ਼ਨ ਧਾਰਕ ਹਨ, ਜੋ ਆਪਣੀਆਂ ਪੈਨਸ਼ਨਾਂ ਲੈਣ ਲਈ ਬੈਕਾਂ ਵਿੱਚ ਆਉਦੇ ਹਨ ਪਰ ਕਰਫਿਊ ਲੱਗਿਆ ਹੋਣ ਕਰਕੇ ਬੱਸਾਂ ਆਦਿ ਬੰਦ ਹੋਣ ਕਰਕੇ ਜਿੱਥੇ ਇਹਨਾਂ ਨੂੰ ਆਉਣ ਜਾਣ ਵਿੱਚ ਦਿੱਕਤ ਪੇਸ਼ ਆਉਦੀ ਹੈ, ਉਥੇ ਹੀ ਇਹਨਾਂ ਦੀ ਆਵਾਜਾਈ ਨਾਲ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੀਤੇ ਕਰਫਿਉ ਦਾ ਮੰਤਵ ਖਤਮ ਹੋ ਜਾਂਦਾ ਹੈ। ਜੇਕਰ ਸੈਕੜਿਆਂ ਦੀ ਗਿਣਤੀ ਵਿੱਚ ਵਿਅਕਤੀ ਇਸੇ ਤਰਾਂ ਬੈਕਾਂ ਵਿੱਚ ਆਉਂਦੇ ਰਹੇ ਤਾਂ ਕੋਈ ਕਿਸੇ ਵੀ ਕੋਰੋਨਾ ਪ੍ਰਭਾਵਿਤ ਵਿਅਕਤੀ ਕੋਰੋਨਾ ਵਾਇਰਸ ਦੇ ਫਲਾਅ ਲਈ ਸੰਚਾਰ ਸਾਧਨ ਬਣ ਸਕਦਾ ਹੈ। ਇਸ ਲਈ ਉਹਨਾਂ ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਸਬੰਧਤ ਪਿੰਡਾਂ ਅਤੇ ਵਾਰਡਾਂ ਦੇ ਵੀ.ਪੀ.ਓ. ਦੀ ਡਿਊਟੀ ਲਗਾਈ ਗਈ ਹੈ ਕਿ ਉਹ ਆਪਣੇ ਪਿੰਡਾਂ ਵਾਰਡਾਂ ਦੇ ਪੈਨਸ਼ਨ ਧਾਰਕਾਂ ਦਾ ਪਤਾ ਲਗਾ ਕੇ ਉਨ੍ਹਾਂ ਪਾਸੋਂ ਪੈਨਸ਼ਨ ਅਲਾਟਮੈਂਟ ਬੈਂਕਾਂ ਦਾ ਪਤਾ ਕਰਨਗੇ ਅਤੇ ਫਿਰ ਉਹਨਾਂ ਬੈਂਕਾਂ ਨਾਲ ਤਾਲਮੇਲ ਕਰਕੇ ਬੈਂਕ ਦੀ ਬ੍ਰਾਂਚ ਵਿੱਚੋ ਇੱਕ ਸਟਾਫ ਮੈਂਬਰ ਜਾਂ ਬਿਜਨੈਸ ਕਾਰਸਪੋਡੈਂਟ ਜਿਸ ਪਾਸ ਬਾਇਓਮੈਟ੍ਰਿਕ ਮਸ਼ੀਨ ਹੋਵੇ ਅਤੇ ਉਹਨਾਂ ਬੈਂਕ ਕਰਮਚਾਰੀਆ ਦਾ ਪੂਰਨ ਮੈਡੀਕਲ ਚੈਕਅੱਪ ਹੋਵੇ ਅਤੇ ਪੂਰੀ ਤਰਾਂ ਸੈਨੀਟਾਈਜ਼ ਹੋਣ ਬਾਅਦ ਘਰ ਘਰ ਜਾ ਕੇ ਜਾਂ ਪਿੰਡ ਦੇ ਕਿਸੇ ਸਾਫ ਸੁਥਰੇ ਅਤੇ ਛਾਂਦਾਰ ਥਾਂ ਵਿੱਚ ਜਾ ਕੇ ਫਿਜੀਕਲ/ਸੋਸ਼ਲ ਡਿਸਟੈਂਸ ਬਰਕਰਾਰ ਰੱਖਦੇ ਹੋਏ ਬਜੁਰਗਾਂ, ਵਿਧਵਾਵਾਂ ਅਤੇ ਅੰਗਹੀਣਾਂ ਨੂੰ ਪੈਨਸ਼ਨ ਦਿੱਤੀ ਜਾਵੇ। ਜ਼ਿਲ੍ਹੇ ਨੂੰ ਕੋਰੋਨਾ ਵਾਇਰਸ ਮੁਕਤ ਬਨਾਉਣ ਵਿੱਚ ਮਾਨਸਾ ਪੁਲਿਸ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸਫਲਤਾ ਯਕੀਨੀ ਬਣਾਈ ਜਾ ਸਕੇਗੀ। ਮਾਨਸਾ ਪੁਲਿਸ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਅਤੇ ਜ਼ਿਲ੍ਹੇ ਅੰਦਰ ਅਮਨ ਤੇ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਲਈ ਦਿਨ-ਰਾਤ ਡਿਊਟੀ ਨਿਭਾਈ ਜਾ ਰਹੀ ਹੈ। ਮਾਨਸਾ ਪੁਲਿਸ ਵੱਲੋਂ ਕਰਫਿਊ ਦੀ ਮੁਕੰਮਲ ਪਾਲਣਾ ਸਬੰਧੀ ਜ਼ਿਲ੍ਹੇ ਵਿੱਚ ਫਲੈਗ ਮਾਰਚ, ਰੋਡ ਮਾਰਚ ਅਤੇ ਅਸਰਦਾਰ ਢੰਗ ਨਾਲ ਗਸ਼ਤਾ ਤੇ ਨਾਕਾਬੰਦੀਆ ਕਰਕੇ ਪਬਲਿਕ ਨੂੰ ਆਪਣੇ ਘਰਾਂ ਅੰਦਰ ਰਹਿਣ ਲਈ ਲਗਾਤਾਰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਮਾਨਸਾ, ਸਹਾਇਕ ਥਾਣੇਦਾਰ ਗੁਰਤੇਜ ਸਿੰਘ ਇੰਚਾਰਜ ਪੁਲਿਸ ਚੌਕੀ ਠੂਠਿਆਂਵਾਲੀ, ਸ੍ਰੀ ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ ਨਗਰ ਕੌਸਲ ਮਾਨਸਾ, ਸ੍ਰੀ ਜਗਦੀਪ ਸਿੰਘ ਸਰਪੰਚ ਪਿੰਡ ਬੁਰਜ ਢਿੱਲਵਾ, ਸ੍ਰੀ ਰਾਜਪਾਲ ਸਿੰਘ ਸਰਪੰਚ ਪਿੰਡ ਬੁਰਜ ਹਰੀਕੇ, ਸ੍ਰੀ ਗੁਰਨਾਮ ਸਿੰਘ ਸਰਪੰਚ ਪਿੰਡ ਤਾਮਕੋਟ, ਸ੍ਰੀ ਪਰੀਤ ਚਹਿਲ ਪਿੰਡ ਤਾਮਕੋਟ, ਸਹਾਇਕ ਥਾਣੇਦਾਰ ਬਲਵੰਤ ਭੀਖੀ ਅਤੇ ਵੀ.ਪੀ.ਓ ਕੁਲਵਿੰਦਰ ਸਿੰਘ ਵੀ.ਪੀ.ਓ. ਹੌਲਦਾਰ ਹਰਜਿੰਦਰ ਸਿੰਘ ਹਾਜ਼ਰ ਸਨ।