5 Dariya News

ਦੁਬਈ 'ਚ ਹੋਏ 10ਵੇਂ ਸਿੱਖ ਅਵਾਰਡ ਸਮਾਰੋਹ 'ਚ ਡਾ.ਐੱਸ.ਪੀ.ਸਿੰਘ ਓਬਰਾਏ ਸਨਮਾਨਿਤ

ਡਾ.ਓਬਰਾਏ ਦੀ ਨਿਰਸਵਾਰਥ ਸੇਵਾ ਸਦਕਾ ਪੂਰੇ ਵਿਸ਼ਵ ਅੰਦਰ ਫ਼ੈਲ ਰਿਹਾ ਹੈ ਸ਼ਾਂਤੀ ਦਾ ਸੁਨੇਹਾ : 'ਦਿ ਸਿੱਖ ਗਰੁੱਪ'

5 Dariya News

ਦੁਬਈ 26-Feb-2020

ਸਮਾਜ ਸੇਵਾ,ਸਿੱਖਿਆ,ਖੇਡ,ਮਨੋਰੰਜਨ, ਪੱਤਰਕਾਰਤਾ ਅਤੇ ਵਪਾਰ ਆਦਿ ਖੇਤਰਾਂ ਅੰਦਰ ਨਿਵੇਕਲੀਆਂ ਪੈੜਾਂ ਪਾਉਣ ਵਾਲੀਆਂ ਸਿੱਖ ਸ਼ਖ਼ਸੀਅਤਾਂ ਨੂੰ ਉਤਸ਼ਾਹਤ ਕਰਨ ਦੇ ਮਕਸਦ ਨਾਲ ਕੰਮ ਰਹੀ ਯੂ.ਕੇ.ਅਧਾਰਿਤ ਗਲੋਬਲ ਸੰਸਥਾ 'ਦਿ ਸਿੱਖ ਗਰੁੱਪ' ਵੱਲੋਂ ਅੰਤਰਰਾਸ਼ਟਰੀ ਪੱਧਰ ਦੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਬੁਲਾਰੇ ਨੇ ਦੱਸਿਆ ਕਿ ਇਹ 10ਵਾਂ ਸਿੱਖ ਅਵਾਰਡ ਸਮਾਰੋਹ ਦੁਬਈ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿਚ ਵੱਖ-ਵੱਖ ਦੇਸ਼ਾਂ ਤੋਂ 400 ਦੇ ਕਰੀਬ ਪ੍ਰਮੁੱਖ ਸਿੱਖ ਸਖਸ਼ੀਅਤਾਂ ਮੌਜੂਦ ਸਨ। ਬੁਲਾਰੇ ਮੁਤਾਬਿਕ 'ਦਿ ਸਿੱਖ ਗਰੁੱਪ' ਦੇ ਸੰਸਥਾਪਕ ਨਵਦੀਪ ਸਿੰਘ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੌਰਾਨ ਵਿਸ਼ਵ ਭਰ ਤੋਂ ਪਹੁੰਚੇ ਸੰਸਥਾ ਦੇ ਅਹੁਦੇਦਾਰਾਂ ਨੇ ਆਪਣੇ ਸੰਬੋਧਨ ਦੌਰਾਨ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਅਰਬ ਜੇਲ੍ਹਾਂ ਅੰਦਰ ਮੌਤ ਅਤੇ ਉਮਰ ਕੈਦ ਦੀ ਸਜ਼ਾ ਜਾਫ਼ਤਾ 66 ਪੰਜਾਬੀ,1ਹਰਿਆਣਵੀ, 3 ਹੈਦਰਾਬਾਦੀ, 1 ਗੁਜਰਾਤੀ,1 ਬਿਹਾਰੀ, 2 ਮਹਾਂਰਾਸ਼ਟਰੀ,14 ਪਾਕਿਸਤਾਨੀ,1 ਫ਼ਿਲਪਾਈਨੀ ਅਤੇ 5 ਬੰਗਲਾਦੇਸ਼ੀ ਸਮੇਤ ਕੁੱਲ 94 ਨੌਜਵਾਨਾਂ ਦੀ ਅਾਪਣੇ ਕੋਲੋਂ ਪੈਸਾ ਖਰਚ ਕੇ ਜਾਨ ਬਚਾਉਣ ਤੋਂ ਇਲਾਵਾ ਵੱਖ-ਵੱਖ ਕੈਦੀਆਂ ਨੂੰ 860 ਤੋਂ ਵੱਧ ਹਵਾਈ ਟਿਕਟਾਂ ਲੈ ਕੇ ਦੇਣ,ਗੰਭੀਰ ਜ਼ਖਮੀ ਐੱਲ.ਪੀ.ਯੂ.ਦੇ ਵਿਦਿਆਰਥੀ ਯੈਨਿਕ ਨਿਹੰਗਜ਼ਾ ਨੂੰ ਉਸ ਦੇ ਜੱਦੀ ਦੇਸ਼ ਭੇਜਣ ਲਈ ਏਅਰ ਐਂਬੂਲੈਂਸ ਦਾ ਪ੍ਰਬੰਧ ਕਰਨ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦਿਆਂ ਕਿਹਾ ਕਿ ਡਾ.ਓਬਰਾਏ ਤੇ ਉਨ੍ਹਾਂ ਦੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ  ਹਰ ਨਸਲ,ਜਾਤ,ਰੰਗ,ਧਰਮ ਦੇ ਲੋਕਾਂ ਦੀ ਬਿਨਾਂ ਕਿਸੇ ਭੇਦ-ਭਾਵ ਕੀਤੀ ਜਾ ਰਹੀ ਨਿਰਸਵਾਰਥ ਸੇਵਾ ਦੀ ਬਦੌਲਤ ਪੂਰੀ ਦੁਨੀਆਂ ਅੰਦਰ ਵਿਸ਼ਵ ਸ਼ਾਂਤੀ ਦਾ ਸੁਨੇਹਾ ਜਾ ਰਿਹਾ ਹੈ, ਜੋ ਸਮੁੱਚੇ ਸਿੱਖ ਜਗਤ ਲਈ ਵੱਡੇ ਮਾਣ ਵਾਲੀ ਗੱਲ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਮਾਜ ਸੇਵਾ ਦੀ ਵਿਲੱਖਣ ਕਾਰਜਸ਼ੈਲੀ ਦੀ ਬਦੌਲਤ ਡਾ. ਓਬਰਾਏ ਨੂੰ ਹੁਣ ਤੱਕ ਭਾਰਤ ਸਮੇਤ ਪੂਰੇ ਵਿਸ਼ਵ ਅੰਦਰ ਵੱਖ-ਵੱਖ ਵਕਾਰੀ ਸੰਸਥਾਵਾਂ ਵੱਲੋਂ 1600 ਤੋਂ ਵਧੇਰੇ ਪੁਰਸਕਾਰ ਮਿਲ ਚੁੱਕੇ ਹਨ।