ਅੰਮ੍ਰਿਤਸਰ 'ਚ ਲਾਈਟ ਐਂਡ ਸਾਊਂਡ ਸ਼ੋਅ ਸਦਭਾਵਨਾ, ਸ਼ਾਂਤੀ ਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੋਇਆ ਸੰਪੂਰਨ
ਫੌਜ ਦੇ ਅਧਿਕਾਰੀਆਂ ਤੇ ਜਵਾਨਾਂ ਨੇ ਰੋਸ਼ਨੀ ਤੇ ਅਵਾਜ ਪ੍ਰੋਗਰਾਮ ਦਾ ਮਾਣਿਆ ਆਨੰਦ, ਦੋ ਰੋਜ਼ਾ ਲਾਈਟ ਐਂਡ ਸਾਊਂਡ ਸ਼ੋਅ ਦੇ ਆਖਰੀ ਦਿਨ ਵੱਡੀ ਗਿਣਤੀ ਪਹੁੰਚੀ ਸੰਗਤ
5 Dariya News
ਅੰਮ੍ਰਿਤਸਰ 10-Feb-2020
ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਣਜੀਤ ਐਵੀਨਿਊ ਪਾਇਟੈਕਸ ਗਰਾਉਂਡ ਵਿਖੇ ਕਰਵਾਇਆ ਗਿਆ ਦੋ ਦਿਨਾਂ 'ਲਾਈਟ ਐਂਡ ਸਾਊਂਡ' ਸ਼ੋਅ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਦਾ ਸੰਦੇਸ਼ ਦਿੰਦਾ ਹੋਇਆ ਅੱਜ ਸੰਪੂਰਨ ਹੋ ਗਿਆ। 8 ਤੋਂ 10 ਫਰਵਰੀ ਤੱਕ ਚੱਲੇ ਡਿਜੀਟਲ ਮਿਊਜੀਅਮ ਅਤੇ ਦੋ ਦਿਨਾਂ ਦੇ ਰੋਸ਼ਨੀ ਤੇ ਅਵਾਜ ਪ੍ਰੋਗਰਾਮ ਨੇ ਅੰਮ੍ਰਿਤਸਰ ਜਿਲ੍ਹੇ ਦੇ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਾਖੀਆਂ ਅਤੇ ਉਦਾਸੀਆਂ ਬਾਰੇ ਭਰਪੂਰ ਜਾਣਕਾਰੀ ਹਾਸਲ ਕੀਤੀ। ਪਹਿਲੇ ਦਿਨ ਦੀ ਤਰਾਂ ਅੱਜ ਵੀ 'ਲਾਈਟ ਐਂਡ ਸਾਊਂਡ' ਸ਼ੋਅ ਸਮੁੱਚੀ ਫਿਜ਼ਾ ਨੂੰ ਅਧਿਆਤਮਕਤਾ ਦੇ ਚਾਨਣ ਨਾਲ ਰੁਸ਼ਨਾ ਗਿਆ।ਇਸ ਸ਼ੋਅ ਵਿੱਚ ਸੰਗਤ ਦੇ ਰੂਪ 'ਚ ਪਹੁੰਚੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜ਼ੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ, ਪੰਜਾਬ ਦੇ ਸਮੂਹ ਜ਼ਿਲਿਆਂ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਹਨ। ਮੋਬਾਇਲ ਡਿਜ਼ੀਟਲ ਮਿਊਜ਼ੀਅਮ ਰਾਹੀਂ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਆਧੁਨਿਕ ਮਲਟੀ-ਮੀਡੀਆ ਤਕਨੀਕਾਂ ਰਾਹੀਂ ਰੂਪਮਾਨ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ 'ਲਾਈਟ ਐਂਡ ਸਾਊਂਡ' ਸ਼ੋਅ ਦੌਰਾਨ ਇਲਾਕਾ ਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਨੂੰ ਕਰਵਾਉਣ ਦਾ ਮੁੱਖ ਮੰਤਵ ਨੌਜਵਾਨ ਪੀੜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਦਭਾਵਨਾ, ਸ਼ਾਂਤੀ, ਭਾਈਚਾਰੇ ਵਾਲੇ ਫਲਸਫੇ ਤੇ ਜੀਵਨ ਤੋਂ ਜਾਣੂ ਕਰਵਾਉਣਾ ਹੈ। ਉਨਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਸਮਾਜਿਕ ਇਕਜੁੱਟਤਾ ਦਾ ਦਿਖਾਇਆ ਸਿਧਾਂਤ ਸਮਾਜਿਕ ਬੁਰਾਈਆਂ ਖਿਲਾਫ ਹਮੇਸ਼ਾ ਮਨੁੱਖਤਾ ਦਾ ਰਾਹ ਦਸੇਰਾ ਬਣਿਆ ਰਹੇਗਾ।
ਇਸ ਤੋਂ ਪਹਿਲਾਂ ਅੱਜ ਡਿਪਟੀ ਕਮਿਸ਼ਨਰ ਮੋਬਾਇਲ ਡਿਜੀਟਲ ਮਿਊਜੀਅਮ ਵੀ ਵੇਖਣ ਪਹੁੰਚੇ। ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕ ਰਾਹੀਂ ਅੰਮ੍ਰਿਤਸਰ ਵਾਸੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਨੂੰ ਦੇਖਿਆ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਡਿਜੀਟਲ ਮਿਊਜੀਅਮ ਦਾ ਆਨੰਦ ਮਾਣਿਆ ਹੈ। ਅੱਜ ਦੇ ਰੋਸ਼ਨੀ ਤੇ ਅਵਾਜ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਫੌਜ ਦੇ ਅਧਿਕਾਰੀ ਤੇ ਜਵਾਨ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਏ ਅਤੇ ਚੱਲ ਰਹੇ ਪ੍ਰੋਗਰਾਮ ਦਾ ਆਨੰਦ ਮਾਣਿਆ।ਇਸ ਮੌਕੇ ਆਈਆਂ ਸੰਗਤਾਂ ਨੇ ਕਿਹਾ ਕਿ ਆਧੁਨਿਕ ਤਕਨੀਕ ਵਾਲਾ ਲਾਈਟ ਐਂਡ ਸਾਊਂਡ ਸ਼ੋਅ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹੈ। ਇਸ ਸ਼ੋਅ ਰਾਹੀਂ ਗੁਰੂ ਸਾਹਿਬ ਦੀ ਜੀਵਨੀ ਅਤੇ ਸਿੱਖਿਆਵਾਂ ਬਾਰੇ ਥੋੜ੍ਹੇ ਸਮੇਂ ਵਿੱਚ ਹੀ ਜਾਣਕਾਰੀ ਦਿੱਤੀ ਗਈ ਹੈ।ਅਜਿਹੇ ਉਪਰਾਲੇ ਸਮਾਜਿਕ ਸਾਂਝ ਪੈਦਾ ਕਰਨ ਲਈ ਕਾਫ਼ੀ ਕਾਰਗਰ ਸਾਬਤ ਹੋ ਸਕਦੇ ਹਨ।ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਤੋਂ ਇਲਾਵਾ ਮੇਜਰ ਜਨਰਲ ਸ੍ਰੀ ਵਿਕਰਮ ਸਿੰਘ, ਬ੍ਰਿਗੇਡੀਅਰ ਏ.ਕੇ. ਸਿੰਘ, ਮਿਸਜ ਪੂਨਮ ਸਿੰਘ, ਕਰਨਲ ਰਾਜੀਵ, ਸ੍ਰੀ ਸ਼ਿਵਰਾਜ ਸਿੰਘ ਬੱਲ ਐਸ.ਡੀ.ਐਮ. ਅੰਮ੍ਰਿਤਸਰ, ਸ: ਮਨਜੀਤ ਸਿੰਘ ਤਹਿਸੀਲਦਾਰ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।