5 Dariya News

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੀਵਾਲਤਾ ਦੇ ਸੁਨੇਹੇ ਨੂੰ ਪ੍ਰਸਾਰਦਿਆਂ ਡਿਜ਼ੀਟਲ ਮਿਊਜ਼ੀਅਮ ਦੇ ਤਿੰਨ ਦਿਨਾਂ ਪੜਾਅ ਦੀ ਹੋਈ ਸੰਪੂਰਨਤਾ

ਜ਼ਿਲ੍ਹੇ ਦੀਆਂ ਸੰਗਤਾਂ ਅਤੇ ਨੌਜਵਾਨ ਪੀੜ੍ਹੀ ਨੇ ਵੱਡੀ ਗਿਣਤੀ ’ਚ ਡਿਜ਼ੀਟਲ ਮਿਊਜ਼ੀਅਮ ਰਾਹੀਂ ਗੂਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਜਾਣਿਆ

5 Dariya News

ਤਰਨ ਤਾਰਨ 06-Feb-2020

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਦੇ ਉਪਰਾਲੇ ਮੋਬਾਇਲ ਡਿਜ਼ੀਟਲ ਮਿਊਜ਼ੀਅਮ ਦੀ ਅੱਜ ਸ਼ਾਮ ਗੁਰੂ ਸਾਹਿਬ ਦੇ ਸਰਬ ਸਾਂਝੀਵਾਲਤਾ ਦੇ ਸੁਨੇਹੇ ਨਾਲ ਤਰਨ ਤਾਰਨ ਵਿਖੇ ਤਿੰਨ ਦਿਨਾਂ ਪੜਾਅ ਦੀ ਸੰਪੂਰਨਤਾ ਹੋਈ। ਬੀਤੀ 4 ਫਰਵਰੀ ਤੋਂ ਮਾਝਾ ਕਾਲਜ ਫ਼ਾਰ ਵੂਮੈਨ, ਤਰਨ ਤਾਰਨ ਵਿਖੇ ਆਰੰਭ ਹੋਏ ਇਸ ਡਿਜ਼ੀਟਲ ਮਿਊਜ਼ੀਅਮ ਨੇ ਸ਼ਹਿਰ ਵਿੱਚ ਸ਼ਰਧਾਮਈ ਮਾਹੌਲ ਸਿਰਜਿਆ ਅਤੇ ਅਧਿਆਤਮਕਤਾ ਦਾ ਚਾਨਣ ਬਿਖੇਰਿਆ।ਅੱਜ ਤੀਜੇ ਤੇ ਆਖਰੀ ਦਿਨ ਵੀ ਡਿਜ਼ੀਟਲ ਮਿਊਜ਼ੀਅਮ ਵਿੱਚ ਸੰਗਤਾਂ ਅਤੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦਾ ਗੁਰੂ ਸਾਹਿਬ ਦੇ ਜੀਵਨ ਦਰਸ਼ਨ ਲਈ ਤਾਂਤਾ ਲੱਗਾ ਰਿਹਾ ਅਤੇ ਸਵੇਰ ਤੋਂ ਸ਼ਾਮ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਡਿਜ਼ੀਟਲ ਮਿਊਜ਼ੀਅਮ ਵਿੱਚ ਆਪਣੀ ਹਾਜ਼ਰੀ ਭਰੀ।ਵੱਡੀ ਗਿਣਤੀ ਵਿੱਚ ਸਕੂਲੀ ਬੱਚਿਆਂ ਨੇ ਪਹੁੰਚ ਕੇ ਗੁਰੂ ਸਾਹਿਬ ਦੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸੰਦੇਸ਼ ਨੂੰ ਜਾਣਿਆ ਅਤੇ ਉੱਤਰ, ਦੱਖਣ, ਪੂਰਬ, ਪੱਛਮ ਦੀਆਂ ਉਦਾਸੀਆਂ ਕਰਕੇ ਮਾਨਵਤਾ ਨੂੰ ਸਿੱਧੇ ਰਾਹ ਪਾਉਣ ਦੀਆਂ ਸਾਖੀਆਂ ਨੂੰ ਮਲਟੀ ਮੀਡੀਆ ਤਕਨੀਕ ਰਾਹੀਂ ਸਜੀਵ ਕਰਕੇ ਵੇਖਿਆ।ਰਾਜ ਸਰਕਾਰ ਵਲੋਂ ਜਿਸ ਆਧੁਨਿਕ ਢੰਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਨੁੱਖਤਾ ਅਤੇ ਭਾਈਚਾਰਕ ਸਾਂਝੀਵਾਲਤਾ ਦੇ ਸੰਦੇਸ਼ ਨੂੰ ਪੇਸ਼ ਕੀਤਾ ਗਿਆ, ਇਹ ਹਮੇਸ਼ਾਂ ਇੱਥੋਂ ਦੇ ਲੋਕਾਂ ਦੇ ਚਿੱਤ-ਚੇਤਿਆਂ ਵਿੱਚ ਵਸਿਆ ਰਹੇਗਾ।ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਡਿਜ਼ੀਟਲ ਮਿਊਜ਼ੀਅਮ ਇਤਿਹਾਸ ਸਿਰਜ ਗਿਆ ਹੈ, ਕਿਉਂਕਿ ਵੱਡੀ ਗਿਣਤੀ ਵਿੱਚ ਸੰਗਤ ਅਤੇ ਨੌਜਵਾਨ ਪੀੜ੍ਹੀ ਨੇ ਗੁਰੂ ਸਾਹਿਬ ਦੀ ਜੀਵਨੀ ਅਤੇ ਸਿੱਖਿਆਵਾਂ ਬਾਰੇ ਆਧੁਨਿਕ ਤਕਨੀਕ ਰਾਹੀਂ ਜਾਣਕਾਰੀ ਪ੍ਰਾਪਤ ਕੀਤੀ ਹੈ। ਉਨਾਂ ਦੱਸਿਆ ਕਿ ਡਿਜ਼ੀਟਲ ਮਿਊਜ਼ੀਅਮ ਹੁਣ ਆਪਣੇ ਅਗਲੇ ਪੜਾਅ ਅੰਮ੍ਰਿਤਸਰ ਲਈ ਰਵਾਨਾ ਹੋਵੇਗਾ।ਉਹਨਾਂ ਕਿਹਾ ਕਿ ਮੌਜੂਦਾ ਪੀੜ੍ਹੀ ਜੋ ਮੋਬਾਇਲ ਅਤੇ ਇੰਟਰਨੈਟ ਰਾਹੀਂ ਸੋਸ਼ਲ ਮੀਡੀਆ ’ਤੇ ਰੱਝੀ ਹੋਈ ਹੈ, ਨੂੰ ਸੂਬਾ ਸਰਕਾਰ ਵਲੋਂ ਡਿਜ਼ੀਟਲ ਮਿਊਜ਼ੀਅਮ ਰਾਹੀਂ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਅਧਿਆਤਮਕਤਾ ਅਤੇ ਇਤਿਹਾਸ ਵਾਲੇ ਪਾਸੇ ਖਿੱਚਣਾ ਬਹੁਤ ਸਫ਼ਲ ਰਿਹਾ ਹੈ।ਉਨਾਂ ਕਿਹਾ ਕਿ ਰਾਜ ਸਰਕਾਰ ਦਾ ਇਹ ਉਪਰਾਲਾ ਨਵੀਂ ਪੀੜੀ ਤੱਕ ਗੁਰੂ ਸਾਹਿਬ ਦਾ ਸੰਦੇਸ਼ ਪਹੁੰਚਾਵੇਗਾ। ਉਨਾਂ ਕਿਹਾ ਕਿ ਅਜਿਹੇ ਸਿਧਾਂਤਾਂ ਦੀ ਅੱਜ ਵੱਡੀ ਲੋੜ ਹੈ ਤਾਂ ਜੋ ਗੁਰੂ ਸਾਹਿਬ ਦਾ ਸਿਧਾਂਤ ਪ੍ਰਚਾਰ ਕੇ ਨਵੀਂ ਪੀੜੀ ਨੂੰ ਮਹਾਨ ਪੁਰਖਾਂ ਵੱਲੋਂ ਦਿੱਤੀਆਂ ਸਿਖਿਆਵਾਂ ਨਾਲ ਜੋੜ ਕੇ, ਉਨਾਂ ’ਚ ਨੈਤਿਕਤਾ ਨੂੰ ਮਜ਼ਬੂਤ ਕੀਤਾ ਜਾ ਸਕੇ, ਜਿਸ ਲਈ ਰਾਜ ਸਰਕਾਰ ਦਾ ਇਹ ਉਪਰਾਲਾ ਬਹੁਤ ਹੱਦ ਤੱਕ ਕਾਮਯਾਬ ਹੈ।