5 Dariya News

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜ਼ੀਟਲ ਮਿਊਜ਼ੀਅਮ ਨੂੰ ਸੰਗਤਾਂ ਵਲੋਂ ਦੂਸਰੇ ਦਿਨ ਵੀ ਮਿਲਿਆ ਭਰਵਾਂ ਹੁੰਗਾਰਾ

ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮਿਊਜ਼ੀਅਮ ਦੇਖਣ ਲਈ ਪਹੁੰਚੇ

5 Dariya News

ਤਰਨ ਤਾਰਨ 05-Feb-2020

ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ  ਮਾਝਾ ਕਾਲਜ ਫ਼ਾਰ ਵੂਮੈਨ, ਤਰਨ ਤਾਰਨ ਵਿਖੇ ਲਾਏ ਗਏ ਮੋਬਾਇਲ ਡਿਜ਼ੀਟਲ ਮਿਊਜ਼ੀਅਮ ਨੂੰ ਸੰਗਤਾਂ ਵਲੋਂ ਦੂਸਰੇ ਦਿਨ ਵੀ ਭਰਵਾਂ ਹੁੰਗਾਰਾ ਮਿਲਿਆ। ਅੱਜ ਦੂਸਰੇ ਦਿਨ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਜ਼ਿਲ੍ਹੇ ਦੇ ਵੱਖ-ਵੱਕ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਡਿਜ਼ੀਟਲ ਮਿਊਜ਼ੀਅਮ ਵਿੱਚ ਮਲਟੀ ਮੀਡੀਆ ਤਕਨੀਕਾਂ ਜਿਨਾਂ ਵਿੱਚ ਲਾਰਜ ਫਾਰਮੇਟ ਡਿਸਪਲੇਅ (ਐੱਲ.ਐੱਫ਼.ਡੀ), ਰੇਡੀਓ ਫ੍ਰੀਕੁਐਂਸੀ ਐਂਡੰਟੀਫਾਈਡ ਡਿਵਾਈਸ (ਆਰ.ਐੱਫ਼.ਆਈ.ਡੀ) ਹੈੱਡਫੋਨਜ਼, ਇੰਪਰੈਸਿਵ ਸਬਲੀਮੋਸ਼ਨ ਅਤੇ ਵਰਚੁਅਲ ਰਿਆਇਲਟੀ (ਵੀ.ਆਰ.) ਰਾਹੀਂ ਗੁਰੂ ਸਾਹਿਬ ਦੇ ਜੀਵਨ ਅਤੇ ਫਲਸਫ਼ੇ ਨੂੰ ਸਮਝਿਆ।ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਡਿਜੀਟਲ ਮਿਊਜ਼ੀਅਮ 6 ਜਨਵਰੀ, 2020 ਨੂੰ ਵੀ ਸਵੇਰੇ 7 ਵਜੇ ਤੋਂ ਸ਼ਾਮ 5 ਤੱਕ ਖੁੱਲਾ ਰਹੇਗਾ।ਉਨਾਂ ਨੇ ਮਿਊਜ਼ੀਅਮ ਦੇ ਹਾਲੇ ਤੱਕ ਦਰਸ਼ਨ ਨਾ ਕਰ ਸਕਣ ਵਾਲੇ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸੰਗਤ ਡਿਜੀਟਲ ਮਿਊਜ਼ੀਅਮ ਵਿੱਚ ਸ਼ਮੂਲੀਅਤ ਕਰਨ। ਇਸ ਦਾ ਦਾਖਲਾ ਬਿਲਕੁਲ ਮੁਫ਼ਤ ਹੈ।ਡਿਜੀਟਲ ਮਿਊਜ਼ੀਅਮ ਦੇਖਣ ਲਈ ਲੋਕਾਂ ਵਿੱਚ ਏਨਾ ਉਤਸ਼ਾਹ ਹੈ ਕਿ ਲੋਕ ਸਵੇਰ ਤੋਂ ਹੀ ਇਸ ਨਿਵੇਕਲੇ ਪ੍ਰੋਗਰਾਮ ਨੂੰ ਦੇਖਣ ਲਈ ਮਾਝਾ ਕਾਲਜ ਫ਼ਾਰ ਵੂਮੈਨ, ਤਰਨ ਤਾਰਨ ਵਿੱਚ ਪਹੁੰਚ ਗਏ ਸਨ।ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਤਾਂ ਇਸ ਮਿਊਜ਼ੀਅਮ ਨੂੰ ਦੇਖਣ ਲਈ ਭਾਰੀ ਉਤਸ਼ਾਹ ਪਾਇਆ ਗਿਆ। ਇਸ ਤੋਂ ਇਲਾਵਾ ਮਿਊਜ਼ੀਅਮ ਨੂੰ ਦੇਖਣ ਲਈ ਹਰ ਉਮਰ ਵਰਗ ਦੇ ਲੋਕ ਆ ਰਹੇ ਹਨ ਅਤੇ ਔਰਤਾਂ ਵਿੱਚ ਵੀ ਇਸ ਮਿਊਜ਼ੀਅਮ ਨੂੰ ਦੇਖਣ ਲਈ ਭਾਰੀ ਉਤਸ਼ਾਹ ਹੈ।ਇਸ ਡਿਜੀਟਲ ਮਿਊਜ਼ੀਅਮ ਨੂੰ ਦੇਖਣ ਤੋਂ ਬਾਅਦ ਆਪਣੇ ਮਨੋ-ਭਾਵ ਪ੍ਰਗਟ ਕਰਦਿਆਂ ਵਿਦਿਆਰਥੀਆਂ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਸਾਖੀਆਂ ਨੂੰ ਡਿਜ਼ੀਟਲ ਮੀਡੀਆ ਰਾਹੀਂ ਦੇਖ ਕੇ ਉਨਾਂ ਦੇ ਮਨ ਉੱਪਰ ਗਹਿਰਾ ਪ੍ਰਭਾਵ ਪਿਆ ਹੈ।ਮਿਊਜ਼ੀਅਮ ਦੇਖਣ ਆਈਆਂ ਸੰਗਤਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਬਦੌਲਤ ਗੁਰੂ ਸਾਹਿਬ ਦੇ ਜੀਵਨ ਬਾਰੇ ਬਹੁਤ ਕੁਝ ਜਾਨਣ ਅਤੇ ਸਿੱਖਣ ਦਾ ਮੌਕਾ ਮਿਲਿਆ ਹੈ ਅਤੇ ਉਨਾਂ ਨੇ ਗੁਰੂ ਸਾਹਿਬ ਦੀਆਂ ਉਦਾਸੀਆਂ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤ ਨੂੰ ਜਾਣਿਆ ਹੈ। ਨੌਜਵਾਨ ਪੀੜੀ ਲਈ ਇਹ ਉਪਰਾਲਾ ਬਹੁਤ ਹੀ ਲਾਹੇਵੰਦ ਸਾਬਤ ਹੋਵੇਗਾ। ਸ਼ੋਅ ਦੇਖਣ ਤੋਂ ਬਾਅਦ ਹਰ ਕਿਸੇ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਸ਼ੋਅ ਨੂੰ ਜਰੂਰ ਦੇਖਣ।