5 Dariya News

ਵਿਧਾਇਕ ਅੰਗਦ ਸਿੰਘ ਵੱਲੋਂ ਗੰਨਾ ਕਿਸਾਨਾਂ ਦੀ ਸਹਿਕਾਰਤਾ ਮੰਤਰੀ ਰੰਧਾਵਾ ਨਾਲ ਮੀਟਿੰਗ ਕਰਵਾਉਣ ਬਾਅਦ ਕਿਸਾਨਾਂ ਨੇ ਖੰਡ ਮਿੱਲ ਅੱਗੋਂ ਧਰਨਾ ਚੁੱਕਿਆ

ਵਿਧਾਇਕ ਵੱਲੋਂ ਜਲਦ ਅਦਾਇਗੀ ਕਰਵਾਉਣ ਦਾ ਭਰੋਸਾ

5 Dariya News

ਸ਼ਹੀਦ ਭਗਤ ਸਿੰਘ ਨਗਰ(ਨਵਾਂਸ਼ਹਿਰ) 05-Feb-2020

ਗੰਨਾ ਕਿਸਾਨਾਂ ਵੱਲੋਂ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਤੋਂ ਆਪਣੀ ਬਕਾਇਆ ਅਦਾਇਗੀ ਕਰਵਾਉਣ ਲਈ ਕਲ੍ਹ ਤੋਂ ਲਾਇਆ ਧਰਨਾ ਅੱਜ ਐਮ ਐਲ ਏ ਅੰਗਦ ਸਿੰਘ ਵੱਲੋਂ ਉਨ੍ਹਾਂ ਦੀ ਰਾਜ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੀਟਿੰਗ ਕਰਵਾਉਣ ਬਾਅਦ ਅੱਜ ਮਿੱਲ ਤੋਂ ਚੁੱਕ ਲਿਆ ਗਿਆ।ਵਿਧਾਇਕ ਅੰਗਦ ਸਿੰਘ ਨੇ ਜਿੱਥੇ ਅੱਜ ਸਵੇਰੇ ਗੰਨਾ ਕਿਸਾਨਾਂ ਨਾਲ ਮਿੱਲ ਵਿਖੇ ਪੁੱਜ ਕੇ ਮੀਟਿੰਗ ਕੀਤੀ ਉੱਥੇ ਬਾਅਦ ਵਿੱਚ ਉਨ੍ਹਾਂ ਦੇ ਪ੍ਰਤੀਨਿਧਾਂ ਦੀ ਚੰਡੀਗੜ੍ਹ ਵਿਖੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੀਟਿੰਗ ਵੀ ਕਰਵਾਈ। ਮੀਟਿੰਗ ’ਚ ਮਿਲੇ ਭਰੋਸੇ ਤੋਂ ਬਾਅਦ ਗੰਨਾ ਕਿਸਾਨਾਂ ਵੱਲੋਂ ਧਰਨਾ ਚੁੱਕਣ ਦਾ ਐਲਾਨ ਕਰ ਦਿੱਤਾ ਗਿਆ।ਐਮ ਐਲ ਏ ਨਵਾਂਸ਼ਹਿਰ ਨੇ ਮਿੱਲ ’ਚ ਕਿਸਾਨਾਂ ਨੂੰ ਮਿਲਣ ਦੌਰਾਨ, ਗੰਨਾ ਲੈ ਕੇ ਆਉਂਦੇ ਕਿਸਾਨਾਂ ਨੂੰ ਮਿਲਦੀਆਂ ਸਹੂਲਤਾਂ ਦਾ ਵੀ ਜਾਇਜ਼ਾ ਲਿਆ ਅਤੇ ਮਿੱਲ ਮੈਨੇਜਮੈਂਟ ਨੂੰ ਉਨ੍ਹਾਂ ਦੇ ਰਹਿਣ ਲਈ ਕੀਤੇ ਪ੍ਰਬੰਧਾਂ ’ਚ ਸੁਧਾਰ ਕਰਨ, ਚਾਰਦੀਵਾਰੀ ਬਣਾਉਣ ਅਤੇ ਪਖਾਨਿਆਂ ਦੀ ਸਾਂਭ-ਸੰਭਾਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਗੰਨਾ ਕਿਸਾਨ ਮਿੱਲ ਦੀ ਰੀੜ੍ਹ ਦੀ ਹੱਡੀ ਹਨ ਅਤੇ ਜੇਕਰ ਉਨ੍ਹਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਹੀ ਸਹੀ ਰੂਪ ’ਚ ਨਹੀਂ ਹਨ ਤਾਂ ਇਸ ਵਿੱਚ ਸਾਡੀ ਗਲਤੀ ਹੈ। ਉਨ੍ਹਾਂ ਮਿਲ ਮੈਨੇਜੇਮੈਂਟ ਨੂੰ ਇਹ ਸਾਰੇ ਸੁਧਾਰ ਮਿੱਥੇ ਸਮੇਂ ’ਚ ਕਰਨ ਲਈ ਆਖਿਆ।ਮਿੱਲ ਵੱਲੋਂ ਕਿਸਾਨਾਂ ਦੇ ਬਕਾਏ ਦੀ ਅਦਾਇਗੀ ਸਬੰਧੀ ਉਨ੍ਹਾਂ ਦੱਸਿਆ ਕਿ ਮਿੱਲ ਮੈਨੇਜਮੈਂਟ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਦੀ ਪਿਛਲੇ ਸੀਜ਼ਨ ਦੀ 16 ਕਰੋੜ ਦੀ ਅਦਾਇਗੀ ਖੜ੍ਹੀ ਹੈ, ਜਿਸ ਲਈ ਮਿੱਲ ਪੂਰੀ ਤੌਰ ’ਤੇ ਸਰਕਾਰ ਪਾਸੋਂ ਹੋਣ ਵਾਲੀ ਅਦਾਇਗੀ ’ਤੇ ਹੀ ਨਿਰਭਰ ਹੈ। ਜਿਸ ’ਤੇ ਉਨ੍ਹਾਂ ਤੁਰੰਤ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਕਿਸਾਨਾਂ ਦੀ ਮੁਸ਼ਕਿਲ ਤੋਂ ਜਾਣੂ ਕਰਵਾਇਆ। ਸਹਿਕਾਰਤਾ ਮੰਤਰੀ ਵੱਲੋਂ ਇਸ ’ਤੇ ਕਿਸਾਨਾਂ ਦੇ ਨੁਮਾਇੰਦਿਆਂ ਨੂੰ ਚੰਡੀਗੜ੍ਹ ਆਉਣ ਦਾ ਸੱਦਾ ਦਿੱਤਾ ਗਿਆ ਅਤੇ ਉੱਥੇ ਮੀਟਿੰਗ ਕਰਕੇ ਉਨ੍ਹਾਂ ਦਾ ਬਕਾਇਆ ਜਲਦੀ ਹੀ ਅਦਾ ਕਰਨ ਦਾ ਭਰੋਸਾ ਦਿਵਾਇਆ।ਵਿਧਾਇਕ ਅੰਗਦ ਸਿੰਘ ਅਨੁਸਾਰ ਇਸ ਪਿੜਾਈ ਸੀਜ਼ਨ ਦੀ ਅਦਾਇਗੀ ਸਮੇਂ ਸਿਰ (14 ਦਿਨਾਂ ’ਚ) ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਮਿੱਲ ਨੂੰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਆਖਿਆ ਹੈ ਕਿ ਇਸ ਵਾਰ ਕਿਸਾਨਾਂ ਦਾ ਕੋਈ ਬਕਾਇਆ ਨਾ ਰੱਖਿਆ ਜਾਵੇ ਅਤੇ ਸਰਕਾਰ ਪਾਸੋਂ ਆਉਣ ਗਰਾਂਟ ਦੀ ਉਡੀਕ ਕਰਨ ਤੋਂ ਪਹਿਲਾਂ, ਆਪਣੇ ਤੌਰ ’ਤੇ ਹੀ ਇਸ ਦੀ ਅਦਾਇਗੀ ਕੀਤੀ ਜਾਵੇ।