5 Dariya News

ਸ੍ਰੀ ਕਾਲੀ ਮਾਤਾ ਮੰਦਿਰ ਨੇੜੇ ਸ਼ਰਧਾਲੂਆਂ ਦੀ ਸਹੂਲਤ ਲਈ ਬਨਣ ਵਾਲੇ ਫੁੱਟ ਓਵਰ ਬਰਿੱਜ ਦਾ ਕੰਮ ਸ਼ੁਰੂ

255.15 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਸੜਕ ਦੇ ਦੋਵੇਂ ਪਾਸੇ ਐਸਕੇਲੇਟਰ ਤੇ ਰੈਂਪ

5 Dariya News

ਪਟਿਆਲਾ 25-Jan-2020

ਪਟਿਆਲਾ ਦੇ ਪ੍ਰਾਚੀਨ ਅਤੇ ਇਤਿਹਾਸਕ ਸ੍ਰੀ ਕਾਲੀ ਮਾਤਾ ਮੰਦਿਰ ਨੇੜੇ ਮਾਲ ਰੋਡ 'ਤੇ ਸ਼ਰਧਾਲੂਆਂ ਅਤੇ ਰਾਹਗੀਰਾਂ ਦੀ ਸਹੂਲਤ ਲਈ ਸੜਕ ਦੇ ਦੋਵੇਂ ਪਾਸੇ ਬਨਣ ਵਾਲੇ ਫੁੱਟ ਓਵਰ ਬਰਿੱਜ ਸਮੇਤ ਐਸਕੇਲੇਟਰ ਅਤੇ ਰੈਂਪ ਦੇ ਕੰਮ ਦੀ ਸ਼ੁਰੂਆਤ ਅੱਜ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਅਤੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਰਵਾਈ। ਇਹ ਕੰਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜੇ ਵਿਸ਼ੇਸ਼ ਫੰਡਾਂ ਨਾਲ ਨੇਪਰੇ ਚੜੇਗਾ ਅਤੇ ਇਸ ਉਪਰ 255.15 ਲੱਖ ਰੁਪਏ ਦੀ ਲਾਗਤ ਆਵੇਗੀ।ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਮਾਲ ਰੋਡ 'ਤੇ ਵਾਹਨਾਂ ਦੀ ਕਾਫ਼ੀ ਆਵਾਜਾਈ ਰਹਿਣ ਕਰਕੇ ਸ਼ਰਧਾਲੂਆਂ ਅਤੇ ਆਮ ਲੋਕਾਂ ਨੂੰ ਬਹੁਤ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਸਨ। ਉਨ੍ਹਾਂ ਕਿਹਾ ਸ੍ਰੀ ਕਾਲੀ ਮਾਤਾ ਮੰਦਿਰ, ਜਿਸ ਪ੍ਰਤੀ ਲੋਕਾਂ ਦੀ ਬਹੁਤ ਆਸਥਾ ਹੈ, ਵਿਖੇ ਸ਼ਰਧਾਲੂ ਸਾਰਾ ਸਾਲ ਹੀ ਪੁੱਜਦੇ ਹਨ ਅਤੇ ਜਦੋਂਕਿ ਨਵਰਾਤਰਿਆਂ ਵੇਲੇ ਸ਼ਰਧਾਲੂਆਂ ਦੀ ਰਿਕਾਰਡ ਤੋੜ ਆਮਦ ਕਰਕੇ ਮੁਸ਼ਕਿਲ ਹੋਰ ਵੀ ਵੱਧ ਜਾਂਦੀ ਸੀ। ਇਸ ਦੌਰਾਨ ਸ਼ਰਧਾਲੂਆਂ ਅਤੇ ਰਾਹਗੀਰਾਂ ਨੂੰ ਸੜਕ ਦੇ ਦੂਸਰੇ ਪਾਰ ਪਹੁੰਚਣ ਵੇਲੇ ਵੱਡੀ ਮੁਸ਼ਕਿਲ ਪੇਸ਼ ਆਉਂਦੀ ਸੀ। ਪਰੰਤੂ ਹੁਣ ਸੜਕ ਦੇ ਦੋਵੇਂ ਪਾਸੇ ਐਸਕੇਲੇਟਰ ਤੇ ਰੈਂਪ ਬਣਨ ਨਾਲ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ।ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਇਹ ਫੁੱਟ ਓਵਰ ਬਰਿੱਜ ਬਨਣ ਨਾਲ ਜਿੱਥੇ ਦੇਸ਼ ਵਿਦੇਸ਼ਾਂ ਤੋਂ ਇਸ ਪਵਿੱਤਰ ਅਸਥਾਨ ਵਿਖੇ ਮੱਥਾ ਟੇਕਣ ਪੁੱਜਦੇ ਸ਼ਰਧਾਲੂਆਂ ਨੂੰ ਸੜਕ ਪਾਰ ਕਰਨ ਦੀ ਸਹੂਲਤ ਮਿਲੇਗੀ ਉਥੇ ਹੀ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲੇਗੀ, ਜਿਸ ਨਾਲ ਹਾਦਸੇ ਵਾਪਰਨ ਦਾ ਖ਼ਦਸ਼ਾ ਵੀ ਨਹੀਂ ਰਹੇਗਾ।

ਮੰਤਰੀ ਸ੍ਰੀ ਸਿੰਗਲਾ ਨੇ ਦੱਸਿਆ ਕਿ ਇਹ ਪੁਲ 10 ਫੁੱਟ ਚੌੜਾ ਤੇ 50 ਮੀਟਰ ਲੰਬਾ ਸਟੀਲ ਫਰੇਮ ਵਾਲਾ ਹੋਵੇਗਾ ਅਤੇ ਇਸ ਲਈ 100 ਕਿਲੋਵਾਟ ਦਾ ਜਨਰੇਟਰ ਵੀਲ ਲਗਾਇਟਾ ਜਾਵੇਗਾ ਤਾਂ ਕਿ ਇਸ ਉਪਰ ਲੱਗਣ ਵਾਲੇ ਆਟੋਮੈਟਿਕ ਐਸਕੇਲੇਟਰ ਨੂੰ ਬਿਜਲੀ ਜਾਣ 'ਤੇ ਵੀ ਚਲਾਇਆ ਜਾ ਸਕੇ। ਇਸ ਨੂੰ ਖ਼ੂਬਸੂਰਤ ਰੌਸ਼ਨੀਆਂ ਨਾਲ ਸਜਾ ਕੇ ਇਸ ਉਪਰ ਪੋਲੀਕਾਰਬਨ ਸ਼ੀਟ ਲਗਾਕੇ ਧੁੱਪ ਅਤੇ ਮੀਂਹ ਤੋਂ ਬਚਾਉਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਸ੍ਰੀ ਸਿੰਗਲਾ ਨੇ ਦੱਸਿਆ ਕਿ ਇਹ ਫੁੱਟ ਓਵਰ ਬਰਿੱਜ ਬਣਾਉਣ ਦਾ ਕੰਮ ਅਗਲੇ ਚਾਰ ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ।ਇਸ ਮੌਕੇ ਜਗਤ ਗੁਰੂ ਸ੍ਰੀ ਪੰਚਾਨੰਦ ਗਿਰੀ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਮੰਦਿਰ ਕਮੇਟੀ ਮੈਂਬਰ ਤੇ ਸੂਚਨਾ ਕਮਿਸ਼ਨਰ ਸ੍ਰੀ ਸੰਜੀਵ ਗਰਗ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਸੰਤੋਖ ਸਿੰਘ, ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ, ਸ੍ਰੀ ਕੇ.ਕੇ. ਮਲਹੋਤਰਾ, ਮੰਦਿਰ ਕਮੇਟੀ ਮੈਂਬਰ ਸ੍ਰੀ ਵਿਪਨ ਸ਼ਰਮਾ, ਸ੍ਰੀ ਰਾਜੇਸ਼ ਕੁਮਾਰ ਬੱਲਾ, ਸ੍ਰੀ ਨੀਰਜ ਸਿੰਗਲਾ, ਸ੍ਰੀ ਅਸ਼ਵਨੀ ਗਰਗ, ਹਰਬੰਸ ਲਾਲ ਬਾਂਸਲ, ਐਡਵੋਕੇਟ ਸ੍ਰੀ ਰਵਿੰਦਰ ਕੌਸ਼ਲ, ਸ੍ਰੀ ਸੋਨੂ ਸੰਗਰ, ਯੂਥ ਪ੍ਰਧਾਨ ਸ੍ਰੀ ਅਨੁਜ ਖੋਸਲਾ, ਸੰਦੀਪ ਮਲਹੋਤਰਾ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਸ੍ਰੀ ਵਿਨੋਦ ਸਿੰਗਲਾ, ਰਾਮ ਕੁਮਾਰ ਸਿੰਗਲਾ, ਐਸ.ਡੀ.ਐਮ. ਸ. ਚਰਨਜੀਤ ਸਿੰਘ, ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ. ਸ੍ਰੀ ਸੰਜੇ ਗਰੋਵਰ, ਸ੍ਰੀ ਗਿੰਨੀ ਨਾਗਪਾਲ ਸਮੇਤ ਵੱਡੀ ਗਿਣਤੀ ਹੋਰ ਪਤਵੰਤੇ ਅਤੇ ਸ਼ਰਧਾਲੂ ਵੀ ਮੌਜੂਦ ਸਨ।