5 Dariya News

ਸਿਹਤ ਵਿਭਾਗ ਨੇ ਘਰ-ਘਰ ਬੂਹਾ ਖੜਕਾ ਕੇ ਪਿਲਾਈਆਂ ਪੋਲਿਓ ਰੋਧਕ ਬੂੰਦਾਂ : ਅਮਰਦੀਪ ਸਿੰਘ ਚੀਮਾ

ਸੂਬੇ ਦੇ ਲਗਭਗ 33 ਲੱਖ ਬੱਚਿਆਂ ਨੂੰ ਘਰ ਘਰ ਜਾ ਕੇ ਪੋਲੀਓ ਰੋਧਕ ਬੂੰਦਾਂ ਪਿਲਾਈਆਂ

5 Dariya News

ਬਟਾਲਾ 21-Jan-2020

ਪਲਸ ਪੋਲਿਓ ਦਿਵਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ’ਤੇ ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਅਮਰਦੀਪ ਸਿੰਘ ਚੀਮਾ ਵਲੋਂ ਸਿਹਤ ਫਾਰ ਆਲ ਤੇ ਕੀਤੇ ਵਾਅਦੇ ਤਹਿਤ ਬਾਲ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੱਖ ਵੱਖ ਜ਼ਿਲ੍ਹਿਆਂ ਦਾ ਦੌਰਾ ਕਰਕੇ ਇਸ ਮੁਹਿੰਮ ਦੀ ਆਪ ਖੁਦ ਦੇਖਰੇਖ ਕੀਤੀ। ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਸਿਹਤ ਸੰਸਥਾਵਾਂ ਦਾ ਦੌਰਾ ਕਰਨ ਤੋਂ ਬਾਅਦ ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਚੀਮਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਸਿਹਤ ਫਾਰ ਆਲ ਦਾ ਵਾਅਦਾ ਸੂਬੇ ਦੀ ਜਨਤਾ ਨਾਲ ਕੀਤਾ ਸੀ, ਜਿਸ ਤਹਿਤ ਵੱਡੀ ਪੱਧਰ ਤੇ ਸਿਹਤ ਸੇਵਾਵਾਂ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਂਵੇ ਸਾਡਾ ਦੇਸ ਪੋਲਿਓ ਮੁਕਤ ਐਲਾਨਿਆ ਜਾ ਚੁੱਕਾ ਹੈ ਪਰ ਫੇਰ ਵੀ ਅਹਿਤਿਆਤ ਵਜੋਂ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ ਕਿਉਂਕਿ ਭਾਰਤ ਦੇ ਗੁਆਂਢੀ ਮੁਲਕਾ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਅਜੇ ਵੀ ਪੋਲੀਓ ਦਾ ਵਾਇਰਸ ਮੌਜੂਦ ਹੈ।ਚੇਅਰਮੈਨ ਚੀਮਾ ਨੇ ਦੱਸਿਆ ਕਿ ਸਮੁੱਚੇ ਪੰਜਾਬ ਵਿੱਚ ਕੁੱਲ 14 ਲੱਖ 77 ਹਜਾਰ ਬੱਚਿਆਂ ਨੂੰ 20 ਜਨਵਰੀ ਤੱਕ ਪੋਲਿਓ ਰੋਕੂ ਬੂੰਦਾਂ ਪਿਲਾਈਆ ਗਈਆਂ ਹਨ, ਜਿੰਨ੍ਹਾ ਵਿੱਚ 13 ਹਜ਼ਾਰ ਤੋਂ ਵੱਧ ਬੂਥ ਸੀ ਤੇ 53 ਹਜ਼ਾਰ ਤੋਂ ਵੱਖ ਵਰਕਰਾਂ ਅਤੇ 2600 ਤੋਂ ਵੱਧ ਸੁਪਰਵਾਈਜ਼ਰਾਂ ਨੇ ਪਿੰਡ-ਪਿੰਡ, ਗਲੀ-ਗਲੀ ਅਤੇ ਘਰ-ਘਰ ਜਾ ਕੇ ਬੂਹਾ ਖੜਕਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਇਹ ਬੂੰਦਾਂ ਪਿਲਾਈਆਂ ਹਨ ਤਾਂ ਜੋ ਕੋਈ ਵੀ ਬੱਚਾ ਵਾਂਝਾ ਨਾ ਰਹਿ ਜਾਵੇ।ਚੇਅਰਮੈਨ ਚੀਮਾ ਨੇ ਦੱਸਿਆ ਕਿ ਇਹ ਇਕ ਬਹੁਤ ਵੱਡੀ ਉਪਲਬਧੀ ਹੈ ਕਿ ਸਰਕਾਰੀ ਸਿਹਤ ਸੰਸਥਾਵਾਂ ਨੇ ਏਨੀ ਵੱਡੀ ਆਬਾਦੀ ਨੂੰ ਕਵਰ ਕੀਤਾ ਹੈ। ਚੀਮਾ ਨੇ ਦੱਸਿਆ ਕਿ ਸੂਬੇ ਦੇ ਲਗਭਗ 33 ਲੱਖ ਬੱਚਿਆਂ ਨੂੰ ਘਰ ਘਰ ਜਾ ਕੇ ਇਹ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ ਤੇ ਅੱਜ 21 ਜਨਵਰੀ ਨੂੰ ਵੀ ਇਹ ਮੁਹਿੰਮ ਜਾਰੀ ਰਹੀ ਹੈ। ਚੇਅਰਮੈਨ ਚੀਮਾ ਨੇ ਇਸ ਮੌਕੇ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ, ਸਿਹਤ ਵਿਭਾਗ ਦੇ ਅਮਲੇ ਤੇ ਹਰ ਉਸ ਵਿਅਕਤੀ ਦਾ ਧੰਨਵਾਦ ਕੀਤਾ ਹੈ ਜਿਸ ਨੇ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ ਹੈ।