5 Dariya News

ਆਪਣੀਆਂ ਫ਼ੌਜਾਂ ਨੂੰ ਜਾਣੋ : ਆਮ ਲੋਕਾਂ ਨੂੰ ਫ਼ੌਜ ਦੀ ਕਾਰਜ ਪ੍ਰਣਾਲੀ ਤੋਂ ਜਾਣੂ ਕਰਵਾਉਣ ਲਈ ਫ਼ੌਜ ਨੇ ਲਗਾਈ ਪ੍ਰਦਰਸ਼ਨੀ

ਨੌਜਵਾਨਾਂ ਨੂੰ ਫ਼ੌਜ ਬਾਰੇ ਦੱਸਣ ਅਤੇ ਭਰਤੀ ਹੋਣ ਲਈ ਪ੍ਰੇਰਿਤ ਕਰਨ ਲਈ ਫ਼ੌਜ ਹਰ ਸਾਲ ਲਗਾਉਂਦੀ ਹੈ ਪ੍ਰਦਰਸ਼ਨੀ: ਮੇਜਰ ਜਨਰਲ

5 Dariya News

ਪਟਿਆਲਾ 18-Jan-2020

ਆਮ ਲੋਕਾਂ ਨੂੰ ਫ਼ੌਜ ਦੀ ਕਾਰਜ ਪ੍ਰਣਾਲੀ ਤੋਂ ਨੇੜੇ ਤੋਂ ਜਾਣੂ ਕਰਵਾਉਣ ਲਈ ਭਾਰਤੀ ਫ਼ੌਜ ਵੱਲੋਂ ਅੱਜ ਪਟਿਆਲਾ-ਸੰਗਰੂਰ ਰੋਡ ਉੱਤੇ ਸਥਿਤ ਫ਼ੌਜ ਦੇ ਗਰਾਊਂਡ ਵਿਖੇ ਇਕ ਰੋਜ਼ਾ ਫ਼ੌਜ ਦੇ ਸਾਜੋ ਸਮਾਨ ਦੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਪ੍ਰਦਰਸ਼ਨੀ ਦੌਰਾਨ ਆਰਮਡ ਡਿਵੀਜ਼ਨ ਪਟਿਆਲਾ ਦੇ ਜੀ.ਓ.ਸੀ ਮੇਜਰ ਜਰਨਲ ਵਿਵੇਕ ਕਸ਼ਯਪ ਨੇ ਆਮ ਲੋਕਾਂ ਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਇਸ ਪ੍ਰਦਰਸ਼ਨੀ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਭਾਰਤੀ ਫ਼ੌਜ ਦੀ ਕਾਰਜ ਪ੍ਰਣਾਲੀ ਤੋਂ ਜਾਣੂ ਕਰਵਾਉਣਾ ਹੈ।ਮੇਜਰ ਜਰਨਲ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਰਾਹੀਂ ਨੌਜਵਾਨਾਂ ਨੂੰ ਫ਼ੌਜ ਬਾਰੇ ਦੱਸਣ ਅਤੇ ਉਨ੍ਹਾਂ ਨੂੰ ਫ਼ੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਇਸ ਪ੍ਰਦਰਸ਼ਨੀ ਵਿੱਚ ਵੱਡੀ ਗਿਣਤੀ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ, ਐਨ.ਸੀ.ਸੀ. ਕੈਡਿਟਾਂ ਅਤੇ ਆਮ ਲੋਕਾਂ ਨੇ ਸ਼ਿਰਕਤ ਕਰਕੇ ਜਿਥੇ ਫ਼ੌਜ ਦੀ ਕਾਰਜ ਪ੍ਰਣਾਲੀ ਨੂੰ ਸਮਝਣ ਲਈ ਰੁਚੀ ਦਿਖਾਈ ਹੈ ਉਥੇ ਹੀ ਨੌਜਵਾਨਾਂ ਵਿੱਚ ਵੀ ਫ਼ੌਜੀ ਸਾਜੋ ਸਮਾਨ ਦੇਖਣ ਲਈ ਭਾਰੀ ਉਤਸ਼ਾਹ ਦੇਖਿਆ ਗਿਆ ਹੈ। 

ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਫ਼ੌਜ ਵੱਲੋਂ ਲਗਾਈ ਗਈ ਇਸ ਪ੍ਰਦਰਸ਼ਨੀ ਦਾ ਮਨੋਰਥ ਨੌਜਵਾਨਾਂ ਨੂੰ ਇਹ ਦੱਸਣਾ ਹੈ ਕਿ ਭਾਰਤੀ ਫ਼ੌਜ ਕਿਸ ਤਰਾਂ ਆਪਣੇ ਦੇਸ਼ ਦੀ ਰੱਖਿਆ ਕਰਦੀ ਹੈ।ਫ਼ੌਜ ਦੀ ਅਰਾਵਤ ਡਿਵੀਜ਼ਨ ਵੱਲੋਂ ਲਗਾਈ ਪ੍ਰਦਰਸ਼ਨੀ ਵਿੱਚ ਆਏ ਲੋਕਾਂ ਨੂੰ ਆਰਮੀ ਅਫ਼ਸਰਾਂ ਵੱਲੋਂ ਪ੍ਰਦਰਸ਼ਿਤ ਕੀਤੇ ਗਏ ਸਾਜੋ ਸਮਾਨ ਦੀ ਤਕਨੀਕੀ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਟੈਂਕਾਂ, ਰਡਾਰ, ਤੋਪਾਂ ਅਤੇ ਮਸ਼ੀਨਾਂ ਗੰਨ ਤੋਂ ਇਲਾਵਾ ਬਚਾਅ ਵਾਲੇ ਸਾਜੋ ਸਮਾਨ ਬਾਰੇ ਬਾਰੀਕੀ ਨਾਲ ਦੱਸਿਆ ਗਿਆ ਅਤੇ ਇਸ ਸਾਜੋ ਸਮਾਨ ਦੀ ਕਿਥੇ-ਕਿਥੇ ਹੁਣ ਤੱਕ ਵਰਤੋਂ ਕੀਤੀ ਗਈ ਹੈ ਉਸ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਆਮ ਲੋਕਾਂ ਵੱਲੋਂ ਵੀ ਆਰਮੀ ਅਫ਼ਸਰਾਂ ਪਾਸੋਂ ਸਵਾਲ ਕਰਕੇ ਸਾਜੋ ਸਮਾਨ ਬਾਰੇ ਜਾਣਨ ਲਈ ਉਤਸੁਕਤਾ ਦਿਖਾਈ ਗਈ।ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੇ ਗੱਲਬਾਤ ਕਰਦਿਆ ਕਿਹਾ ਕਿ ਇਹ ਉਨ੍ਹਾਂ ਦੇ ਜੀਵਨ ਦੇ ਯਾਦਗਾਰ ਪਲ ਬਣ ਗਏ ਹਨ ਕਿਉਕਿ ਜੋ ਫ਼ੌਜੀ ਸਾਜੋ ਸਾਮਾਨ ਉਨ੍ਹਾਂ ਟੈਲੀਵਿਜ਼ਨ ਜਾ ਫਿਲਮਾਂ ਵਿੱਚ ਦੇਖਿਆ ਸੀ ਅੱਜ ਉਸ ਨੂੰ ਆਪਣੇ ਸਾਹਮਣੇ ਦੇਖਕੇ ਬਹੁਤ ਖੁਸ਼ੀ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਫ਼ੌਜ ਦੇ ਅਧਿਕਾਰੀਆਂ ਵੱਲੋਂ ਹਰੇਕ ਸਾਮਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਜਿਸ ਨਾਲ ਉਹ ਫ਼ੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਹੋਏ ਹਨ।