ਖਰੜ- ਬਡਾਲਾ ਰੋਡ ਤੇ ਪਿੰਡ ਮਲਕਪੁਰ ਦੇ ਨੇੜੇ 200 ਫੁੱਟ ਦੇ ਕਰੀਬ ਪਾਇਆ ਪਾੜ
ਸ੍ਰੀ ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ਦੇ ਦਰਜਨਾਂ ਪਿੰਡਾਂ ਦਾ ਸੰਪਰਕ ਆਪਸ ਵਿੱਚ ਟੁੱਟਿਆ
5 Dariya News
ਖਰੜ 18-Jan-2020
ਖਰੜ-ਬਡਾਲਾ-ਬੱਸੀ ਰੋਡ ਉਤੇ ਪੈਂਦੇ ਪਿੰਡ ਮਲਕਪੁਰ ਨਜਦੀਕ ਐਸ.ਵਾਈ.ਐਲ ਨਹਿਰ ਤੇ ਲੱਗੀ ਪੁਲੀ ਤੇ ਲਾਂਘਾ ਨਾ ਹੋਣ ਕਾਰਨ ਰੁਕੇ ਸੀਵਰੇਜ਼ ਦੇ ਪਾਣੀ ਨੂੰ ਅੱਗੇ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਪਾਣੀ ਦਾ ਵਹਾਅ ਜਿਆਦਾ ਹੋਣ ਕਾਰਨ ਸੜਕ ਤੇ 200 ਫੁੱਟ ਦੇ ਕਰੀਬ ਪਾੜ ਪੈ ਗਿਆ। ਜਿਸ ਕਾਰਨ ਖਰੜ-ਬਡਾਲਾ ਬੱਸੀ ਰੋਡ ਤੇ ਆਵਾਜਾਈ ਬੰਦ ਹੋ ਗਈ ਅਤੇ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ਦੇ ਦਰਜਨਾਂ ਪਿੰਡਾਂ ਦਾ ਸੰਪਰਕ ਆਪਸ ਵਿੱਚ ਟੁੱਟ ਗਿਆ। ਰੋਹ ਵਿੱਚ ਆਏ ਲੋਕਾਂ ਅਤੇ ਕਿਸਾਨਾਂ ਨੇ ਪ੍ਰਸ਼ਾਸ਼ਨ ਵੱਲੋਂ ਕੀਤੀ ਗਲਤ ਕਾਰਵਾਈ ਵਜੋਂ ਰੋਸ ਪ੍ਰਗਟ ਕਰਦਿਆਂ ਨਾਅਰੇਬਾਜੀ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ, ਬਲਾਕ ਪ੍ਰਧਾਨ ਜਸਪਾਲ ਸਿੰਘ ਨਿਆਮੀਆਂ, ਹਰਬੰਸ ਲਾਲ ਸਰਪੰਚ ਮਲਕਪੁਰ, ਗੌਤਮ ਸਰਪੰਚ ਬਾਸੀਆਂ, ਜਸਵਿੰਦਰ ਸਿੰਘ ਸਰਪੰਚ ਮਦਨਹੇੜੀ ਆਦਿ ਨੇ ਦੱਸਿਆ ਕਿ ਖਰੜ ਪ੍ਰਸ਼ਾਸਨ ਵੱਲੋਂ ਖਰੜ ਸ਼ਹਿਰ ਦਾ ਸੀਵਰੇਜ ਦਾ ਗੰਦਾ ਪਾਣੀ ਗਲਤ ਤਰੀਕੇ ਨਾਲ ਐਸ.ਵਾਈ.ਐਲ ਨਹਿਰ ਵਿੱਚ ਸੁਟਿਆ ਹੋਇਆ ਹੈ । ਇਹ ਪਾਣੀ ਖਰੜ-ਬਡਾਲਾ-ਬੱਸੀ ਰੋਡ ਲਾਘਾਂ ਨਾ ਹੋਣ ਕਾਰਨ ਰੁੱਕ ਗਿਆ ਤੇ ਸੜਕ ਲੈਵਲ ਤੱਕ ਪਹੂੰਚ ਗਿਆ। ਅੱਜ ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਪੁਲਿਸ ਪਾਰਟੀ ਵੱਲੋਂ ਜਦੋਂ ਉਕਤ ਥਾਂ ਤੋਂ ਪਾਣੀ ਅੱਗੇ ਕੱਢਣ ਦੀ ਕੋਸ਼ਿਸ਼ ਕਰਨ ਦੀ ਭਿਣਕ ਲੋਕਾਂ ਨੂੰ ਪਈ ਤਾਂ ਉਨਾਂ ਨੂੰ ਸੜਕ ਤੇ ਚੜਨ ਹੀ ਨਹੀ ਦਿੱਤਾ ਗਿਆ। ਪ੍ਰਸ਼ਾਸ਼ਨ ਨੇ ਜਦੋਂ ਵੱਡੀਆਂ ਪਾਈਪਾਂ ਵਿਚੋਂ ਪਾਣੀ ਦਾ ਲਾਂਘਾ ਖੋਲਿਆ ਤਾਂ ਪਾਣੀ ਦੇ ਤੇਜ ਵਹਾਅ ਕਾਰਨ ਪਾੜ ਪੈ ਗਿਆ ਤੇ 200 ਫੁੱਟ ਦੇ ਕਰੀਬ ਸੜਕ ਪਾਣੀ ਚ ਰੁੜ ਗਈ। ਜ਼ਿੰਮੀਦਾਰ ਨੇ ਸੀਵਰੇਜ਼ ਦੇ ਗੰਦੇ ਪਾਣੀ ਕਾਰਨ ਪੀਣ ਵਾਲ ਪਾਣੀ ਗੰਧਲਾ ਹੋਣ, ਸੇਮ ਦੀ ਸਮੱਸਿਆ ਪਹਿਲਾਂ ਤੋਂ ਵੀ ਜਿਆਦਾ ਹੋਣ ਅਤੇ ਵੱਡੇ ਪੱਧਰ ਤੇ ਫਸਲਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਜਾਹਰ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਕਾਰਵਾਈ ਮੰਗ ਕੀਤੀ ਹੈ ।