ਪਲਸ ਪੋਲੀੳ ਮੁਹਿੰਮ 19 ਜਨਵਰੀ ਤੋਂ , 83194 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀੳ ਰੋਧੀ ਬੂੰਦਾਂ
5 Dariya News
ਕਪੂਰਥਲਾ 17-Jan-2020
19 ਤੋਂ 21 ਜਨਵਰੀ ਤੱਕ ਚਲੱਣ ਵਾਲੇ ਨੈਸ਼ਨਲ ਪਲਸ ਪੋਲੀੳ ਰਾਊਂਡ ਦੇ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਵਿੱਚ ਮਾਈਕਿੰਗ ਕਰਵਾਈ ਜਾ ਰਹੀ ਹੈ। ਉਸੇ ਸੰਬੰਧ ਵਿੱਚ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਵੱਲੋਂ ਮਾਈਕਿੰਗ ਰਿਕਸ਼ਾ ਨੂੰ ਸਿਵਲ ਸਰਜਨ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਤਿੰਨ ਦਿਨ੍ਹਾਂ ਚਲਣ ਵਾਲੇ ਇਸ ਨੈਸ਼ਨਲ ਰਾਊਂਡ ਦੌਰਾਨ ਜਿਲੇ ਦੇ 0 ਤੋਂ 5 ਸਾਲ ਦੇ 83 ਹਜਾਰ 1 ਸੌ 94 ਬੱਚਿਆਂ ਨੂੰ ਪੋਲੀੳ ਰੋਧੀ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਚਾਹੇ ਭਾਰਤ ਵਿੱਚੋਂ ਪੋਲੀੳ ਖਤਮ ਹੋ ਚੁੱਕਾ ਹੈ ਪਰ ਗੁਆਂਢੀ ਰਾਜਾਂ ਤੋਂ ਇਸ ਦੇ ਵਾਇਰਸ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਪੋਲੀੳ ਰੋਧੀ ਬੂੰਦਾਂ ਜਰੂਰ ਪਿਲਾਈਆਂ ਜਾਣ।ਜਿਕਰਯੋਗ ਹੈ ਕਿ ਇਸ ਤਿੰਨ ਦਿਨ੍ਹਾਂ ਪਲਸ ਪੋਲੀਓ ਮੁਹਿੰਮ ਨੂੰ ਨੇਪਰੇ ਚਾੜਣ ਲਈ ਕੁਲ 590 ਬੂਥ ਬਣਾਏ ਗਏ ਹਨ ਤੇ 80 ਮੋਬਾਈਲ ਟੀਮਾਂ ਦਾ ਗਠਨ ਕੀਤਾ ਗਿਆ ਹੈ।ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ ਨੇ ਦੱਸਿਆ ਕਿ ਆਮ ਜਨਤਾ ਨੂੰ ਜਾਗਰੂਕ ਕਰਨ ਹਿੱਤ ਸ਼ਹਿਰ ਕਪੂਰਥਲਾ ਦੇ ਵੱਖ ਵੱਖ ਏਰੀਆਂ ਵਿੱਚ ਰਿਕਸ਼ਾ ਮਾਈਕਿਗੰ ਰੈਲੀ ਕਰਵਾਈ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਹਾਈ ਰਿਸਕ ਏਰੀਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਏਗਾ ਤਾਂ ਜੋ ਕੋਈ ਵੀ ਬੱਚਾ ਪੋਲੀੳ ਰੋਧੀ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ।ਇਹੀ ਨਹੀਂ ਸਫਰ ਦੌਰਾਨ ਕੋਈ ਵੀ ਬੱਚਾ ਇਨ੍ਹਾਂ ਬੂੰਦਾਂ ਨੂੰ ਪੀਣ ਤੋਂ ਵਾਂਝਿਆ ਨਾ ਰਹੇ ਉਸ ਵਾਸਤੇ 18 ਟ੍ਰਾਂਜਿਟ ਕੈਂਪ ਲਗਾਏ ਜਾਣਗੇ ਜਿਸ ਦੇ ਤਹਿਤ ਜਿਲੇ ਦੇ 10 ਰੇਲਵੇ ਸਟੇਸ਼ਨਾਂ ਤੇ 43 ਬਸ ਅੱਡਿਆਂ ਨੂੰ ਕਵਰ ਕੀਤਾ ਜਾਏਗਾ।ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ.ਰਮੇਸ਼ ਕੁਮਾਰੀ ਬੰਗਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ, ਜਿਲਾ ਪਰਿਵਾਰ ਭਲਾਈ ਅਫਸਰ ਡਾ.ਰਾਜ ਕਰਨੀ , ਡਾ. ਸੰਦੀਪ ਧਵਨ ਤੇ ਹੋਰ ਸਟਾਫ ਮੈਂਬਰ ਹਾਜਰ ਸਨ।