ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਭਾਰਤ ਦੇ ਚਾਰ ਦਿਨਾ ਦੌਰੇ 'ਤੇ ਨਵੀਂ ਦਿੱਲੀ ਪੁੱਜੇ
ਪੰਜਾਬ ਸਰਕਾਰ ਵੱਲੋਂ ਬਿਕਰਮ ਸਿੰਘ ਮਜੀਠੀਆ ਨੇ ਜਨਾਬ ਸ਼ਰੀਫ਼ ਨੂੰ ਜੀ ਆਇਆਂ ਆਖਿਆ
5 ਦਰਿਆ ਨਿਊਜ਼
ਚੰਡੀਗੜ੍ਹ/ਨਵੀਂ ਦਿੱਲੀ 12-Dec-2013
ਆਪਣੇ ਚਾਰ ਦਿਨਾ ਦੌਰੇ 'ਤੇ ਭਾਰਤ ਪੁੱਜੇ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਜਨਾਬ ਸ਼ਾਹਬਾਜ਼ ਸ਼ਰੀਫ਼ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਪੰਜਾਬ ਸਰਕਾਰ ਵੱਲੋਂ ਲੋਕ ਸੰਪਰਕ ਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਜੀ ਆਇਆਂ ਆਖਿਆ। 20 ਮੈਂਬਰੀ ਵਫ਼ਦ ਦੀ ਅਗਵਾਈ ਕਰ ਰਹੇ ਜਨਾਬ ਸ਼ਰੀਫ਼, ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਉਚੇਚੇ ਸੱਦੇ 'ਤੇ ਚੌਥੇ ਵਿਸ਼ਵ ਕੱਪ ਕਬੱਡੀ ਦੇ ਫ਼ਾਈਨਲ ਮੈਚਾਂ ਦੌਰਾਨ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਲਈ ਪਹੁੰਚੇ ਹਨ। ਲੁਧਿਆਣਾ ਵਿਖੇ 14 ਦਸੰਬਰ ਨੂੰ ਫ਼ਾਈਨਲ ਮੈਚ ਦੌਰਾਨ ਭਾਰਤ ਅਤੇ ਪਾਕਿਸਤਾਨ ਦੀਆਂ ਕਬੱਡੀ ਟੀਮਾਂ ਆਪਸ ਵਿੱਚ ਭਿੜਨਗੀਆਂ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਨਾਬ ਸ਼ਰੀਫ਼ ਨੇ ਕਿਹਾ ਕਿ ਦੋਵੇਂ ਮੁਲਕਾਂ ਕੋਲ ਆਪਣੇ ਮਸਲਿਆਂ ਦੇ ਹੱਲ ਲਈ ਸਾਂਝੇ ਯਤਨ ਕਰਨ ਦਾ ਇਹ ਢੁਕਵਾਂ ਮੌਕਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਆਪਣੇ ਸਾਂਝੇ ਮਸਲਿਆਂ ਨੂੰ ਹੱਲ ਕਰ ਕੇ ਖ਼ਿੱਤੇ ਦੇ ਚਹੁੰਮੁਖੀ ਤੇ ਤੇਜ਼ੀ ਨਾਲ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ।
ਇਸ ਦੌਰਾਨ ਲੋਕ ਸੰਪਰਕ ਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਜਨਾਬ ਸ਼ਰੀਫ਼ ਆਪਣੀ ਭਾਰਤੀ ਫੇਰੀ ਮੌਕੇ ਪੰਜਾਬ ਵਿੱਚ ਤਿੰਨ ਦਿਨਾਂ ਦੌਰਾਨ ਵਿਸ਼ਵ ਕੱਪ ਕਬੱਡੀ 'ਚ ਸ਼ਮੂਲੀਅਤ ਕਰਨ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਗੇ ਅਤੇ ਤਰਨ ਤਾਰਨ ਜ਼ਿਲ੍ਹੇ ਵਿਚਲੇ ਆਪਣੇ ਜੱਦੀ ਪਿੰਡ ਜਾਤੀ ਉਮਰਾ, ਮਾਨਸਾ ਥਰਮਲ ਪਲਾਂਟ ਤੇ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕਰਨਗੇ। ਇਸੇ ਤਰ੍ਹਾਂ ਜਨਾਬ ਸ਼ਰੀਫ਼ ਪੰਜਾਬ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਵਿਚਾਰ ਵਟਾਂਦਰਾ ਵੀ ਕਰਨਗੇ। ਉਨ੍ਹਾਂ ਕਿਹਾ ਕਿ ਖ਼ਿੱਤੇ ਦੀ ਖ਼ੁਸ਼ਹਾਲੀ ਲਈ ਦੋਵੇਂ ਪੰਜਾਬ ਵਪਾਰਕ ਤਰਜੀਹਾਂ ਅਤੇ ਸਬੰਧਾਂ ਨੂੰ ਮੁੜ ਕਾਇਮ ਕਰਨ ਦੇ ਸਮਰੱਥ ਹਨ ਅਤੇ ਅਟਾਰੀ ਲਾਂਘੇ ਅਤੇ ਹੋਰਨਾਂ ਰੂਟਾਂ ਰਾਹੀਂ ਦੁਵੱਲਾ ਕਾਰੋਬਾਰ ਵਧਾ ਕੇ ਖ਼ੁਸ਼ਹਾਲ ਵਪਾਰਕ ਸਾਂਝ ਪ੍ਰਤੱਖ ਕਰ ਸਕਦੇ ਹਨ। ਸ. ਮਜੀਠੀਆ ਨੇ ਉਚੇਚੇ ਤੌਰ 'ਤੇ ਕਿਹਾ ਕਿ ਦੋਵੇਂ ਮੁਲਕਾਂ 'ਚ ਸੜਕੀ ਰਸਤਿਆਂ ਰਾਹੀਂ ਵਪਾਰਕ ਗਤੀਵਿਧੀਆਂ ਵਧਾਉਣ ਲਈ ਇਹ ਸੁਖਾਵਾਂ ਸਮਾਂ ਹੈ ਅਤੇ ਦੋਵੇਂ ਮੁਲਕ ਆਪਣੇ ਵਾਧੂ ਉਤਪਾਦਾਂ ਦਾ ਆਸਾਨੀ ਨਾਲ ਅਤੇ ਛੇਤੀ ਆਦਾਨ-ਪ੍ਰਦਾਨ ਕਰ ਸਕਦੇ ਹਨ।
ਸ. ਮਜੀਠੀਆ ਨੇ ਦੱਸਿਆ ਕਿ ਜਨਾਬ ਸ਼ਰੀਫ਼ ਆਪਣੀ ਫੇਰੀ ਦੌਰਾਨ ਵਾਘਾ ਬਾਰਡਰ ਰਾਹੀਂ ਦਰਾਮਦ ਤੇ ਬਰਾਮਦ ਕਰਨ ਵਾਲੇ ਵਪਾਰੀਆਂ ਅਤੇ ਸਨਅਤਕਾਰਾਂ ਨਾਲ ਵੀ ਗੱਲਬਾਤ ਕਰਨਗੇ ਤਾਂ ਜੋ ਸਾਂਝੇ ਉਦਮਾਂ ਸਦਕਾ ਮੌਜੂਦਾ ਵਪਾਰ ਨੂੰ ਹੋਰ ਵਧਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਾਧੂ ਬਿਜਲੀ ਵਾਲਾ ਰਾਜ ਬਣ ਗਿਆ ਹੈ ਅਤੇ ਪਾਕਿਸਤਾਨ ਨੂੰ ਬਿਜਲੀ ਦੀ ਜ਼ਰੂਰਤ ਹੈ। ਇਸ ਲਈ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਪਿਛਲੇ ਵਰ੍ਹੇ ਦੀ ਲਹਿੰਦੇ ਪੰਜਾਬ ਦੀ ਫੇਰੀ ਦੌਰਾਨ ਬਿਜਲੀ ਦੀ ਦਰਾਮਦ ਦੇ ਵਿਚਾਰੇ ਗਏ ਮੁੱਦੇ ਨੂੰ ਵੀ ਅਮਲੀਜਾਮਾ ਪਹਿਨਾਇਆ ਜਾ ਸਕਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਉਹ ਦਿਨ ਦੂਰ ਨਹੀਂ ਜਦੋਂ ਦੋਵੇਂ ਮੁਲਕਾਂ ਦਰਮਿਆਨ ਵਪਾਰਕ ਅਤੇ ਸਨਅਤੀ ਅਦਾਨ-ਪ੍ਰਦਾਨ ਕਈ ਗੁਣਾਂ ਵਧ ਜਾਵੇਗਾ।ਦੋਵੇਂ ਮੁਲਕਾਂ ਵਿਚਾਲੇ ਖੇਡਾਂ ਅਤੇ ਸਭਿਆਚਾਰਕ ਦੇ ਖੇਤਰ ਵਿੱਚ ਅਦਾਨ-ਪ੍ਰਦਾਨ ਨੂੰ ਹੋਰ ਵਧਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਸ. ਮਜੀਠੀਆ ਨੇ ਕਿਹਾ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਇਸ ਦਿਸ਼ਾ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ। ਉਨ੍ਹਾਂ ਉਮੀਦ ਜਤਾਈ ਕਿ ਇੱਕੋ ਜਿਹੇ ਸਭਿਆਚਾਰਾਂ ਵਾਲੇ ਦੋਵੇਂ ਮੁਲਕ ਸਰਬਪੱਖੀ ਵਿਕਾਸ 'ਚ ਇੱਕ-ਦੂਜੇ ਦਾ ਜੀਅ ਜਾਨ ਨਾਲ ਸਹਿਯੋਗ ਕਰਨਗੇ।ਸ. ਮਜੀਠੀਆ ਨਾਲ ਸ੍ਰੀਮਤੀ ਕਲਪਨਾ ਮਿੱਤਲ ਬਰੂਆ, ਪ੍ਰਮੁੱਖ ਰੈਜ਼ੀਡੈਂਟ ਕਮਿਸ਼ਨਰ, ਪੰਜਾਬ ਭਵਨ, ਨਵੀਂ ਦਿੱਲੀ ਅਤੇ ਸ੍ਰੀ ਮਨਵੇਸ਼ ਸਿੰਘ ਸਿੱਧੂ, ਵਿਸ਼ੇਸ਼ ਪ੍ਰਮੁੱਖ ਸਕੱਤਰ/ਉਪ ਮੁੱਖ ਮੰਤਰੀ ਵੀ ਮੌਜੂਦ ਸਨ।