5 Dariya News

ਕੈਰੋਂ ਵਲੋਂ ਜਪਾਨ ਨੂੰ ਪੰਜਾਬ 'ਚ ਨਿਵੇਸ਼ ਕਰਨ ਦਾ ਸੱਦਾ

ਜਪਾਨੀ ਵਫ਼ਦ ਨਾਲ ਕੀਤੀ ਮੁਲਾਕਾਤ

5 ਦਰਿਆ ਨਿਊਜ਼

ਚੰਡੀਗੜ੍ਹ 05-Dec-2013

ਪੰਜਾਬ ਦੇ ਖ਼ੁਰਾਕ ਤੇ ਸਪਲਾਈ, ਖ਼ਪਤਕਾਰ ਮਾਮਲੇ, ਫੂਡ ਪ੍ਰੋਸੈਸਿੰਗ ਅਤੇ ਸੂਚਨਾ ਤਕਨਾਲੋਜੀ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਿਹਾ ਹੈ ਕਿ ਪੰਜਾਬ ਨਿਵੇਸ਼ ਕਰਨ ਲਈ ਇੱਕ ਅਜਿਹਾ ਸਾਰਥਕ ਸੂਬਾ ਹੈ, ਜਿੱਥੇ ਫੂਡ ਪ੍ਰੋਸੈਸਿੰਗ ਅਤੇ ਸੂਚਨਾ ਤਕਨਾਲੋਜੀ ਅਤੇ ਹੋਰਨਾਂ ਖੇਤਰਾਂ ਲਈ ਲੋੜੀਂਦਾ ਬੁਨਿਆਦੀ ਢਾਂਚਾ, ਸਰਕਾਰੀ ਮੱਦਦ, ਲਾਗਤ ਦਾ ਲਾਭ, ਵੱਡੀ ਮਾਰਕੀਟ ਉਪਲੱਬਧ ਹੈ। ਅੱਜ ਨਵੀਂ ਦਿੱਲੀ ਵਿਖੇ ਸ੍ਰੀ ਤਮਾਕੀ ਤਸੂਕਾਦਾ, ਮੰਤਰੀ (ਅਰਥਸਾਸ਼ਤਰ), ਜਪਾਨ ਅਤੇ ਸ੍ਰੀ ਤੋਮੋਫੂਮੀ ਫੂਕਾਮੀਆ, ਫਸਟ ਸੈਕਟਰੀ ਦੀ ਅਗਵਾਈ 'ਚ ਭਾਰਤ ਪਹੁੰਚੇ ਜਪਾਨੀ ਵਫ਼ਦ ਨਾਲ ਮੁਲਾਕਾਤ ਦੌਰਾਨ ਸ. ਕੈਰੋਂ ਨੇ ਜਾਪਾਨ ਨੂੰ ਪੰਜਾਬ 'ਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਆਈ.ਟੀ ਇਲੈਕਟ੍ਰੌਨਿਕਸ ਅਤੇ ਹਾਰਡਵੇਅਰ ਖੇਤਰ ਨਿਵੇਸ਼ ਲਈ ਤਰਜੀਹੀ ਸੂਬੇ ਵਜੋਂ ਉਭਰ ਰਿਹਾ ਹੈ, ਜਿਸ ਲਈ ਪੰਜਾਬ ਸਰਕਾਰ ਨੇ ਸਹੀ ਵਾਤਾਵਰਣ ਵੀ ਤਿਆਰ ਕੀਤਾ ਹੈ।ਸ. ਕੈਰੋਂ ਨੇ ਦੱਸਿਆ ਕਿ ਸਰਕਾਰ ਨੇ ਪਹਿਲੇ ਪੜਾਅ 'ਚ ਮੁਹਾਲੀ ਵਿਖੇ ਗਰੀਨ ਫੀਲਡ ਇਲੈਕਟ੍ਰੌਨਿਕ ਸਿਸਟਮ ਡਿਜ਼ਾਈਨ ਅਤੇ ਮੈਨੂਫੈਕਚਰਿੰਗ (ਈ.ਐਸ.ਡੀ.ਐਮ) ਕਲੱਸਟਰ ਲਈ 40 ਏਕੜ ਜ਼ਮੀਨ ਅਤੇ ਅੰਤਰ-ਰਾਸ਼ਟਰੀ ਹਵਾਈ ਅੱਡਾ, ਮੁਹਾਲੀ ਨੇੜੇ ਲਗਭਗ 1700 ਏਕੜ ਜ਼ਮੀਨ ਤਿਆਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿਖੇ 1.4 ਲੱਖ ਸਕੇਅਰ ਫੁੱਟ ਖੇਤਰ ਵਿਚ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਐਸ.ਟੀ.ਪੀ.ਆਈ ਇਨਕਿਊਵੇਸ਼ਨ ਸੈਂਟਰ ਉਸਾਰਿਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਆਈ.ਟੀ ਵਿਭਾਗ, ਪੰਜਾਬ ਵਲੋਂ ਅੰਮ੍ਰਿਤਸਰ ਵਿਖੇ ਵੀ ਐਸ.ਟੀ.ਪੀ.ਆਈ ਇਨਕਿਊਵੇਸ਼ਨ ਸੈਂਟਰ ਦੀ ਉਸਾਰੀ ਕੀਤੀ ਜਾ ਰਹੀ ਹੈ।ਇਸ ਮੌਕੇ ਜਪਾਨ ਦੇ ਮੰਤਰੀ (ਅਰਥਸਾਸ਼ਤਰ) ਸ੍ਰੀ ਤਮਾਕੀ ਤਸੂਕਾਦਾ ਨੇ ਪੰਜਾਬ 'ਚ ਨਿਵੇਸ਼ ਦਾ ਸੱਦਾ ਦੇਣ ਲਈ ਸ. ਕੈਰੋਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਫ਼ਦ ਐਨੀਮੇਸ਼ਨ ਗੇਮਜ਼, ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਅਤੇ ਫੂਡ ਪ੍ਰੋਸੈਸਿੰਗ ਆਦਿ ਖੇਤਰ ਸਾਡੀ ਤਰਜੀਹ 'ਤੇ ਹਨ। ਉਨਾਂ ਕਿਹਾ ਕਿ ਪੰਜਾਬ 'ਚ ਨਿਵੇਸ਼ ਦੀਆਂ ਹੋਰਨਾਂ ਸੰਭਾਵਨਾਵਾਂ 'ਤੇ ਵੀ ਜਲਦ ਵਿਚਾਰ ਕੀਤਾ ਜਾਵੇਗਾ। ਸ. ਕੈਰੋਂ ਨੇ ਜਪਾਨੀ ਵਫ਼ਦ ਨੂੰ ਪੰਜਾਬ ਦੌਰੇ ਦਾ ਸੱਦਾ ਵੀ ਦਿੱਤਾ।ਇਸ ਮੌਕੇ ਸ੍ਰੀ ਏ. ਆਰ. ਤਲਵਾਰ, ਪ੍ਰਮੁੱਖ ਸਕੱਤਰ, ਆਈ.ਟੀ, ਸ੍ਰੀ ਰਾਹੁਲ ਸ਼ਰਮਾ ਤੋਂ ਇਲਾਵਾ ਵਿਭਾਗ ਦੇ ਉੱਚ ਅਧਿਕਾਰੀ ਹਾਜ਼ਰ ਸਨ।