5 Dariya News

ਅਸਫ਼ਲਤਾ ਦੌਰਾਨ ਅਡੋਲ ਰਹਿਣ ਵਾਲੇ ਵਿਦਿਆਰਥੀ ਲਈ ਮੰਜ਼ਿਲ ਦੂਰ ਨਹੀਂ : ਈਸ਼ਾ ਕਾਲੀਆ

'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਤਹਿਤ ਹੋਣਹਾਰ 36 ਵਿਦਿਆਰਥਣਾਂ ਦਾ ਸਨਮਾਨ

5 Dariya News

ਹੁਸ਼ਿਆਰਪੁਰ 10-Jan-2020

ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਵਲੋਂ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਤਹਿਤ ਅੱਜ ਜਿਥੇ ਦਸਵੀਂ ਅਤੇ ਬਾਹਰਵੀਂ ਕਲਾਸ ਵਿੱਚੋਂ ਪਹਿਲੇ 10 ਸਥਾਨਾਂ 'ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਪ੍ਰਸ਼ੰਸਾ ਪੱਤਰਾਂ ਸਮੇਤ ਪ੍ਰਤੀ ਵਿਦਿਆਰਥਣ 5 ਹਜ਼ਾਰ ਰੁਪਏ ਦੇ ਚੈਕ ਨਾਲ ਸਨਮਾਨਿਤ ਕੀਤਾ ਗਿਆ, ਉਥੇ 7 ਉਹਨਾਂ ਸਕੂਲਾਂ ਨੂੰ ਪ੍ਰਤੀ ਸਕੂਲ 10 ਹਜ਼ਾਰ ਰੁਪਏ ਦੇ ਚੈਕ ਵੀ ਸੌਂਪੇ ਗਏ, ਜਿਨ੍ਹਾਂ ਸਕੂਲਾਂ ਦੀਆਂ ਪੰਜਵੀਂ ਦੀਆਂ 100 ਫੀਸਦੀ ਵਿਦਿਆਰਥਣਾਂ ਛੇਵੀਂ ਕਲਾਸ ਵਿੱਚ ਦਾਖਲ ਹੋਈਆਂ। ਇਸ ਤੋਂ ਇਲਾਵਾ ਸਪਾਂਸਰਸ਼ਿਪ ਅਤੇ ਫਾਸਟਰ ਕੇਅਰ ਸਕੀਮ ਅਧੀਨ ਲਵਾਰਿਸ ਅਤੇ ਲੋੜਵੰਦ 24 ਬੱਚਿਆਂ ਨੂੰ 8 ਲੱਖ 20 ਹਜ਼ਾਰ ਰੁਪਏ ਦੀ ਰਾਸ਼ੀ ਦੇ ਮਨਜ਼ੂਰੀ ਪੱਤਰ ਵੀ ਦਿੱਤੇ ਗਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਪ੍ਰੀਤ ਸਿੰਘ ਸੂਦਨ ਵੀ ਮੌਜੂਦ ਸਨ।ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਹੋਣਹਾਰ ਵਿਦਿਆਰਥਣਾਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਅਸਫ਼ਲਤਾ ਦੌਰਾਨ ਅਡੋਲ ਰਹਿਣ ਵਾਲੇ ਵਿਦਿਆਰਥੀ ਲਈ ਮੰਜ਼ਿਲ ਦੂਰ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਸਫ਼ਲਤਾ ਅਤੇ ਅਸਫ਼ਲਤਾ ਜਿੰਦਗੀ ਦੇ ਦੋ ਪਹਿਲੂ ਹਨ, ਇਸ ਲਈ ਅਸਫਲਤਾ ਤੋਂ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ। ਉਨ੍ਹਾਂ ਆਪਣੇ ਆਈ.ਏ.ਐਸ. ਦੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਆਪਣੇ ਸੁਪਨੇ ਸਾਕਾਰ ਕਰਨ ਲਈ ਇਕ ਮਾਤਰ ਰਸਤਾ ਸਖ਼ਤ ਮਿਹਨਤ ਹੀ ਹੈ। ਉਨ੍ਹਾਂ ਕਿਹਾ ਕਿ ਸਫ਼ਲਤਾ ਦੇ ਨਾਲ ਇਕ ਚੰਗਾ ਇਨਸਾਨ ਹੋਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਕ ਜਿੰਮੇਵਾਰ ਨਾਗਰਿਕ ਦੀ ਤਰ੍ਹਾਂ ਦੂਸਰਿਆਂ ਦੀ ਮਦਦ ਕਰਨ ਲਈ ਹਮੇਸ਼ਾਂ ਤੱਤਪਰ ਰਹਿਣਾ ਚਾਹੀਦਾ ਹੈ। 

ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੜਕਿਆਂ ਵਾਂਗ ਹੀ ਲੜਕੀਆਂ ਨੂੰ ਪੜ੍ਹਾਈ ਦੇ ਮੌਕੇ ਪ੍ਰਦਾਨ ਕੀਤੇ ਜਾਣ, ਕਿਉਂਕਿ ਮੌਕੇ ਮਿਲਣ 'ਤੇ ਲੜਕੀਆਂ ਸਿੱਧ ਕਰ ਰਹੀਆਂ ਹਨ ਕਿ ਉਹ ਕਿਸੇ ਤੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਾਪਿਆਂ ਦੀਆਂ ਬੇਟੀਆਂ ਪੜ੍ਹਾਈ, ਖੇਡਾਂ ਅਤੇ ਕਲਾ ਦੇ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ, ਉਨ੍ਹਾਂ ਨੂੰ ਆਪਣੀਆਂ ਬੇਟੀਆਂ 'ਤੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ।ਈਸ਼ਾ ਕਾਲੀਆ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਤਹਿਤ ਬੇਟੀਆਂ ਦੀ ਭਲਾਈ ਲਈ 15 ਜਨਵਰੀ ਤੱਕ ਸੁਝਾਅ ਮੰਗੇ ਗਏ ਹਨ ਅਤੇ ਬੈਸਟ ਸੁਝਾਅ ਦੇਣ ਵਾਲੇ ਵਿਅਕਤੀ ਤੋਂ ਹੀ ਰਿਬਨ ਕਟਾ ਕੇ ਸਬੰਧਤ ਸਕੀਮ ਨੂੰ ਜ਼ਿਲ੍ਹੇ ਵਿੱਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਵਲੋਂ ਆਪਣੇ ਸੁਝਾਅ ਈ-ਮੇਲ ਆਈ.ਡੀ. dpo.hoshiarpur0rediffmail.com 'ਤੇ ਦਿੱਤੇ ਜਾ ਸਕਦੇ ਹਨ। ਉਨ੍ਹਾਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਵੀ ਕੀਤੀ ਅਤੇ ਬੱਚਿਆਂ ਦਾ ਮਾਰਗ ਦਰਸ਼ਨ ਵੀ ਕੀਤਾ।ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਵੀ ਆਈ.ਏ.ਐਸ. ਦੀ ਪ੍ਰੀਖਿਆ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥਣਾਂ ਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਿਆ। ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੇ ਬੜੇ ਚਾਅ ਨਾਲ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨਾਲ ਸੈਲਫੀ ਅਤੇ ਤਸਵੀਰਾਂ ਖਿਚਵਾਈਆਂ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਹਰਪ੍ਰੀਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ੍ਰੀ ਮੋਹਨ ਸਿੰਘ ਲੇਹਲ ਤੋਂ ਇਲਾਵਾ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।