5 Dariya News

ਮੁਲਾਜ਼ਮ ਮਾਰੂ ਤੁਗ਼ਲਕੀ ਫ਼ੈਸਲਾ ਵਾਪਸ ਨਾ ਲਿਆ ਤਾਂ ਅਕਾਲੀ ਦਲ ਮੁਹਿੰਮ ਵਿੱਢੇਗਾ : ਬਿਕਰਮ ਸਿੰਘ ਮਜੀਠੀਆ

ਪਾਕਿਸਤਾਨ 'ਚ ਸਿਖਾਂ ਨਾਲ ਵਾਪਰੀਆਂ ਘਟਨਾਵਾਂ ਪ੍ਰਤੀ ਚਿੰਤਾ ਦਾ ਪ੍ਰਗਟ ਅਤੇ ਸਿਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਕੀਤੀ ਮੰਗ।

5 Dariya News

ਅੰਮ੍ਰਿਤਸਰ 09-Jan-2020

ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਤੇ ਖ਼ਾਸਕਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਮੁਲਾਜ਼ਮ ਵਰਗ ਨੂੰ ਇਕ ਤੋਂ ਬਾਅਦ ਇਕ ਝਟਕਾ ਦਿਤਾ ਜਾ ਰਿਹਾ ਹੈ। ਉਨ੍ਹਾਂ ਵਿਤ ਮੰਤਰੀ ਵੱਲੋਂ ਪੰਜਾਬ ਪੁਲਿਸ ਦੇ ਕਰਮੀਆਂ ਦੀ 13ਵੀਂ ਤਨਖ਼ਾਹ ਬੰਦ ਕਰਨ ਦੇ ਪ੍ਰਸਤਾਵ ਦੀ ਸਖ਼ਤ ਨਿਖੇਧੀ ਕੀਤੀ ਅਤੇ ਐਲਾਨ ਕੀਤਾ ਕਿ ਸਰਕਾਰ ਨੇ ਉਕਤ ਤੁਗ਼ਲਕੀ ਫ਼ੈਸਲਾ ਵਾਪਸ ਨਾ ਲਿਆ ਤਾਂ ਅਕਾਲੀ ਦਲ ਪੁਲੀਸ ਮੁਲਾਜ਼ਮਾਂ ਦੇ ਹੱਕ ਵਿਚ ਮੁਹਿੰਮ ਵਿੱਢੇਗਾ।ਪੈੱਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਮੁਲਾਜ਼ਮ ਮਾਰੂ ਫ਼ੈਸਲੇ ਨਾਲ ਪੁਲੀਸ ਦਾ ਮਨੋਬਲ ਡਿੱਗੇਗਾ, ਜਿਸ ਦਾ ਸੂਬੇ ਦੇ ਅਮਨ-ਕਾਨੂੰਨ ਉੱਤੇ ਵੀ ਇਸ ਦਾ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ੧੩ਵੀਂ ਤਨਖ਼ਾਹ ਦੇ ਲਾਭ ਦਾ ਫ਼ੈਸਲਾ ਸ: ਪਰਕਾਸ਼ ਸਿੰਘ ਬਾਦਲ ਦੁਆਰਾ 1979 ਵਿਚ ਲਿਆ ਗਿਆ ਸੀ। ਕਿਉਂਕਿ ਪੁਲੀਸ ਕਰਮੀਆਂ ਨੂੰ ਨਾ ਤਾਂ ਕੋਈ ਸ਼ਨੀ ਐਤਵਾਰ ਤਾਂ ਦੂਰ ਗਸ਼ਡਟ ਛੁਟੀ ਵੀ ਨਹੀਂ ਦਿਤੀ ਜਾਂਦੀ, ਦਿਨ ਰਾਤ ੨੪ ਘੰਟੇ ਡਿਊਟੀ ਦੇਣ ਲਈ ਮਜਬੂਰ ਹੋਣਾ ਪੈਣ ਨਾਲ ਅਜਿਹੇ ਹਾਲਤਾਂ ਵਿਚ ਕੰਮ ਕਰਨ ਲਈ ਉਹ ੧੩ ਵੀਂ ਤਨਖ਼ਾਹ ਲਈ ਹੱਕਦਾਰ ਹਨ। ਬਾਦਲ ਸਰਕਾਰ ਵੱਲੋਂ ਜਾਰੀ ੫ ਲੱਖ ਦੇ ਮੈਡੀਕਲ ਇੰਸ਼ੋਰੈਂਸ ਨੂੰ ਨਵਿਆਇਆ ਨਹੀਂ ਗਿਆ। ੬ਵਾਂ ਪੇ ਕਮਿਸ਼ਨ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਲਾਗੂ ਨਹੀਂ ਕੀਤਾ ਜਾ ਰਿਹਾ। ੫ ਹਜਾਰ ਤੋਂ ਵਧ ਦੇ ਭੱਤੇ, ਮੋਬਾਈਲ ਫ਼ੋਨ ਲਈ ੫ ਸੌ ਰੁਪੈ ਦੀ ਕਟੌਤੀ ਦੀ ਗਲ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਕਿਸੇ ਵੀ  ਮੁਲਾਜ਼ਮ ਵਰਗ ਨੂੰ ਦੇਣ ਲਈ ਪੈਸੇ ਨਹੀਂ ਹਨ ਪਰ ੧੮ ਤੋਂ ਵੱਧ ਵਜੀਰ ਹੋ ਨਹੀਂ ਸਕਦੇ ਪ੍ਰਤੀ ਹਾਈਕੋਰਟ ਅਤੇ ਰਾਜਪਾਲ ਵੱਲੋਂ ਫਾਈਲ ਰੱਦ ਕਰਨ ਦੇ ਬਾਵਜੂਦ ਗੈਰ ਸੰਵਿਧਾਨਕ ਦੌਰ 'ਤੇ ਵਿਧਾਇਕਾਂ ਨੂੰ ਸਲਾਹਕਾਰ ਲਾਉਣ ਲਈ ਤਾਂ ਖਜਾਨਾ ਖ਼ੋਲ ਦਿਤਾ ਗਿਆ ਹੈ। ਵਿਧਾਇਕਾਂ ਲਈ ਨਵੀਆਂ ਗੱਡਿਆਂ ਲੈਣ ਅਤੇ ਵਿਦੇਸ਼ੀ ਸੈਰਾਂ ਲਈ ਤ ਲੱਖ ਤਕ ਦੇਣ ਲਈ ਤਾਂ ਖਜਾਨਾ ਮੌਜੂਦ ਹਨ।  ਪਰ ਜਿੱਥੇ ਸਰਕਾਰ ਦੀ ਰੀੜ੍ਹ ਦੀ ਹੱਡੀ ਮੁਲਾਜ਼ਮਾਂ ਦੀ ਗਲ ਆਉਂਦੀ ਹੈ ਤਾਂ ਖਜਾਨਾ ਖਾਲੀ ਹੋ ਜਾਂਦਾ ਹੈ। ਉਨ੍ਹਾਂ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੇ ਫ਼ੈਸਲੇ ਪ੍ਰਤੀ ਜਾਣੂ ਕਰਾਉਂਦਿਆਂ ਦਸਿਆ ਕਿ ਜੇ ਸਰਕਾਰ ਲੋਕ ਮਾਰੂ ਮੁਲਾਜ਼ਮ ਮਾਰੂ ਫ਼ੈਸਲੇ ਵਾਪਸ ਨਹੀਂ ਲੈਂਦੀ ਤਾਂ ਅਕਾਲੀ ਦਲ ਜਲਦ ਲੋਕਾਂ ਨੂੰ ਲੈ ਕੇ ਮੁਹਿੰਮ ਵਿੱਢੇਗਾ ਅਤੇ ਖਜਾਨਾ ਮੰਤਰੀ ਦਾ ਹਰ ਮੋੜ 'ਤੇ ਘਿਰਾਓ ਕੀਤਾ ਜਾਵੇਗਾ।ਸ: ਮਜੀਠੀਆ ਨੇ ਪੈੱਰਸ ਕਾਨਫ਼ਰੰਸ ਦੇ ਲਾਈਵ ਦੌਰਾਨ ਹੀ ਗੈਂਗਸਟਰ ਜਗੂ ਭਗਵਾਨ ਪੁਰੀਆ ਦਾ ਸਾਥੀ ਹੋਣ ਦਾ ਦਾਅਵਾ ਕਰਨ ਵਾਲੇ ਵੱਲੋਂ ਉਸ ਨੂੰ ਜਾਨੋ ਮਾਰਨ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਰੇ ਜਾਣੂ ਕਰਾਇਆ ਅਤੇ ਕਿਹਾ ਕਿ ਉਹ ਕਿਸੇ ਤੋਂ ਡਰਨ ਵਾਲਾ ਨਹੀਂ ਹੈ ਅਤੇ ਸਮਾਂ ਆਉਣ 'ਤੇ ਗੈਗਸਟਰਾਂ ਅਤੇ ਇਨ੍ਹਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਨੂੰ ਸਲਾਖ਼ਾਂ ਪਿੱਛੇ ਸੁੱਟਿਆ ਜਾਵੇਗਾ।

ਉਨ੍ਹਾਂ ਦਸਿਆ ਕਿ ਪਟਿਆਲਾ ਜੇਲ੍ਹ ਵਿਚ ੫ ਸਟਾਰ ਸਹੂਲਤਾਂ ਮਾਣਨ ਵਾਲੇ ਗੈਂਗਸਟਰ ਜਗੂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ ਪਰ ਪੰਥਕ ਆਗੂਆਂ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਨਿਯਮਾਂ ਅਨੁਸਾਰ ਜੇਲ੍ਹ 'ਚ ਕੀਤੀ ਗਈ ਮੁਲਾਕਾਤ ਲਈ ਤੁਰੰਤ ਐਕਸ਼ਨ ਲੈ ਲਿਆ ਜਾਣਾ ਸਿਖ ਮਾਮਲਿਆਂ ਪ੍ਰਤੀ ਕਾਂਗਰਸ ਸਰਕਾਰ ਦੇ ਦੋਹਰੇ ਮਾਪਦੰਡ ਨੂੰ ਦਰਸਾ ਰਿਹਾ ਹੈ।ਮਜੀਠਾ ਹਲਕੇ ਦੇ ਸਾਬਕਾ ਅਕਾਲੀ ਸਰਪੰਚ ਦੇ ਕਤਲ ਬਾਰੇ ਗਲ ਕਰਦਿਆਂ ਉਨ੍ਹਾਂ ਦਸਿਆ ਕਿ ਕਤਲ ਦੇ ੧੦ ਦਿਨ ਬੀਤ ਜਾਣ 'ਤੇ ਵੀ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਕੋਈ ਗ੍ਰਿਫ਼ਤਾਰੀ ਨਹੀਂ ਹੋ ਰਹੀ। ਪੀੜਤ ਪਰਿਵਾਰ ਵੱਲੋਂ ਮਰਹੂਮ ਦੀ ਪਤਨੀ ਬੀਬੀ ਗੁਰਜੀਤ ਕੌਰ ਜੋ ਕਿ ਮੌਜੂਦਾ ਸਰਪੰਚ ਵੀ ਹਨ ਵਜੋਂ ਥਾਣੇ 'ਚ ੧੬੧ ਦੇ ਦਿਤੇ ਗਏ ਬਿਆਨ ਦਾ ਜ਼ਿਕਰ ਕਰਦਿਆਂ ਦਸਿਆ ਕਿ ਉਨ੍ਹਾਂ ਦਾ ਸੰਬੰਧ ਅਕਾਲੀ ਦਲ ਨਾਲ ਹੈ ਅਤੇ ਦੋਸ਼ੀ ਹਰਮਨ ਸਿੰਘ ਜੋ ਕਿ ਨਿਰਮਲ ਸਿੰਘ ਦਾ ਪੁੱਤਰ ਹੈ ਅਤੇ ਜਿਸ ਦੀ ਮਾਤਾ ਖ਼ੁਦ ਸਰਪੰਚੀ ਲਈ ਉਮੀਦਵਾਰ ਸਨ ਤੇ ਜਿਨ੍ਹਾਂ ਨੂੰ ਹਾਰ ਮਿਲੀ ਦਾ ਸੰਬੰਧ ਕਾਂਗਰਸ ਪਾਰਟੀ ਨਾਲ ਹੈ। ਜਿਨ੍ਹਾਂ ਕਾਂਗਰਸ ਪਾਰਟੀ ਦੀ ਪੂਰੀ ਸ਼ੈਅ ਹੈ। ਸ: ਮਜੀਠੀਆ ਨੇ ਕਿਹਾ ਗੈਂਗਸਟਰ ਜਗੂ, ਬਲਰਾਜ ਹਰਮਨ ਅਤੇ ਮਨਿੰਦਰ ਸਿੰਘ ਖਹਿਰਾ ਦਾ ਸੰਬੰਧ ਜੇਲ੍ਹ ਮੰਤਰੀ ਨਾਲ ਹੈ। ਉਨ੍ਹਾਂ ਕਿਹਾ ਕਿ ਪੁਲੀਸ ਥਾਣਿਆਂ 'ਚ ਵੀ ਕਾਂਗਰਸ ਦਾ ਕਬਜਾ ਹੈ ਜਿਸ ਕਾਰਨ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ। ਬਟਾਲਾ ਪੁਲੀਸ ਨੂੰ ਜਗੂ ਦੀ ਪਤਨੀ ਦੀ ਮੌਤ ਬਾਰੇ ਸਭ ਪਤਾ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਦਲਬੀਰ ਢਿਲਵਾਂ ਦੇ ਕਾਤਲ ਕਾਂਗਰਸ ਨੇ ਖ਼ੁਦ ਪੇਸ਼ ਕਰਵਾਏ। ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਆਏ ਦਿਨ ਧਮਕੀਆਂ ਮਿਲ ਰਹੀਆਂ ਪਰ ਉਹ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸੇ ਦੇ ਨਾਲ ਜਾਤੀ ਲੜਾਈ ਨਹੀਂ ਅਤੇ ਸੁੱਖੀ ਰੰਧਾਵਾ ਨੂੰ ਮਜੀਠੀਆ ਫੋਬੀਆ ਹੋ ਗਿਆ।ਪਾਕਿਸਤਾਨ ਵਿਖੇ ਘਟ ਗਿਣਤੀ ਸਿਖਾਂ ਨਾਲ ਵਾਪਰੀਆਂ ਘਟਨਾਵਾਂ ਬਾਰੇ ਚਿੰਤਾ ਪ੍ਰਗਟ ਕਰਦਿਆਂ ਸ: ਮਜੀਠੀਆ ਨੇ ਸਿਖ ਨੌਜਵਾਨ ਦੇ ਕਤਲ ਅਤੇ ਨਨਕਾਣਾ ਸਾਹਿਬ 'ਤੇ ਕੀਤੀ ਗਈ ਹੁੱਲੜਬਾਜ਼ੀ ਦੀ ਨਿਖੇਧੀ ਕੀਤੀ। ਉਨ੍ਹਾਂ ਦਸਿਆ ਕਿ ਪਾਕਿਸਤਾਨ 'ਚ ਜਿੱਥੇ ਇਕ ਲੱਖ ਸਿਖ ਭਾਈਚਾਰਾ ਸੀ ਅਜ ਘਟ ਕੇ ੩ ਹਜਾਰ ਰਹਿ ਗਿਆ ਹੈ। ਕਿਉਂਕਿ ਉੱਥੇ ਸਿਖਾਂ ਨਾਲ ਬਦਸਲੂਕੀਆਂ ਜਬਰ ਜੁਲਮ ਅਤੇ ਬੇਇਨਸਾਫੀਆਂ ਹੋ ਰਹੀਆਂ ਹਨ। ਪਾਕਿ 'ਚ ੩੦੦ ਤੋਂ ਵੱਧ ਗੁਰਧਾਮ ਹਨ ਪਰ ਕੁਲ ੫ ਗੁਰਦੁਆਰਿਆਂ ਦੇ ਹੀ ਦਰਸ਼ਨ ਕਰਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਸਿੱਖਾਂ ਪ੍ਰਤੀ ਹੇਜ ਕੌਮਾਂਤਰੀ ਦਬਾਅ ਵਜੋਂ ਕੀਤਾ ਜਾ ਰਿਹਾ ਡਰਾਮਾ ਹੈ। ਉਨ੍ਹਾਂ ਇਸ ਪ੍ਰਤੀ ਇਮਰਾਨ ਖਾਨ ਅਤੇ ਉਸ ਦੇ ਭਾਰਤੀ ਮਿੱਤਰ ਸਾਬਕਾ ਮੰਤਰੀ ਦੀ ਚੁੱਪੀ ਤੇ ਹੈਰਾਨੀ ਪ੍ਰਗਟ ਕੀਤੀ। ਪਰਮਿੰਦਰ ਸਿੰਘ ਢੀਂਡਸਾ ਬਾਰੇ ਉਨ੍ਹਾਂ ਕਿਹਾ ਕਿ ਢੀਂਡਸਾ ਮੇਰਾ ਭਰਾ ਹੈ। ਬਾਪੂ ਸੁਖਦੇਵ ਢੀਂਡਸਾ ਨੇ ਦਬਾਅ ਬਣਾ ਦਿੱਤਾ ਜਿਸ ਕਾਰਨ ਮਜਬੂਰੀ ਵਿਚ ਉਨ੍ਹਾਂ ਨੂੰ ਵਿਧਾਨਸਭਾ ਦੇ ਲੀਡਰ ਤੋਂ ਅਸਤੀਫ਼ਾ ਦੇਣਾ ਪਿਆ। ਉਨ੍ਹਾਂ ਜੇਐਨਯੂ ਦੀ ਘਟਨਾ ਦੀ ਇਨਕੁਆਰੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ । ਇਸ ਮੌਕੇ ਜਥੇ: ਗੁਲਜ਼ਾਰ ਸਿੰਘ ਰਣੀਕੇ, ਵੀਰ ਸਿੰਘ ਲੋਪੋਕੇ, ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਮਲਕੀਤ ਸਿੰਘ ਏ ਆਰ, ਭਾਈ ਮਨਜੀਤ ਸਿੰਘ, ਗੁਰਪ੍ਰਤਾਪ ਸਿੰਘ ਟਿਕਾ, ਰਾਣਾ ਲੋਪੋਕੇ ਅਤੇ ਸੰਦੀਪ ਸਿੰਘ ਏ ਆਰ ਮੌਜੂਦ ਸਨ।