5 Dariya News

'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਨੂੰ ਜ਼ਿਲ੍ਹਾ ਸੰਗਰੂਰ ਦੇ ਰਿਹਾ ਹੈ ਨਵੀਂ ਦਿਸ਼ਾ

ਡਿਪਟੀ ਕਮਿਸ਼ਨਰ ਥੋਰੀ ਵੱਲੋਂ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਮੱਲਾਂ, ਮਾਰਨ ਵਾਲੀਆਂ 12 ਧੀਆਂ ਦੀਆਂ ਤਸਵੀਰਾਂ ਵਾਲਾ ਟੇਬਲ ਕੈਲੰਡਰ ਜਾਰੀ

5 Dariya News

ਸੰਗਰੂਰ 09-Jan-2020

ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਨੂੰ ਵਿਆਪਕ ਹੁੰਗਾਰਾ ਦਿੰਦਿਆਂ ਅੱਜ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਸੰਗਰੂਰ ਦੀਆਂ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੀਆਂ 12 ਧੀਆਂ ਦੀਆਂ ਤਸਵੀਰਾਂ ਵਾਲਾ ਟੇਬਲ ਕੈਲੰਡਰ ਜਾਰੀ ਕਰਨ ਦੀ ਰਸਮ ਅਦਾ ਕੀਤੀ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੜਕੀਆਂ ਤੇ ਉਨ੍ਹਾਂ ਦੇ ਮਾਪਿਆਂ ਤੇ ਪ੍ਰਿੰਸੀਪਲਾਂ ਸਮੇਤ ਖੁਸ਼ਗਵਾਰ ਮਾਹੌਲ ਵਿੱਚ ਟੇਬਲ ਕੈਲੰਡਰ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਨੇ ਕਿਹਾ ਕਿ ਆਪਣੀ ਮਿਹਨਤ ਅਤੇ ਦ੍ਰਿੜਤਾ ਦੇ ਬਲਬੂਤੇ ਜਿਹੜੀਆਂ ਧੀਆਂ ਵੱਖ ਵੱਖ ਖੇਤਰਾਂ ਵਿੱਚ ਸਨਮਾਨਯੋਗ ਮੱਲਾਂ ਮਾਰਦੀਆਂ ਹਨ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦੇ ਰਹਿਣ ਨਾਲ ਭਵਿੱਖ ਵਿੱਚ ਹੋਰ ਵੀ ਅਹਿਮ ਪ੍ਰਾਪਤੀਆਂ ਮਾਰਨ ਦੀ ਸੰਭਾਵਨਾ ਮਜ਼ਬੂਤ ਹੁੰਦੀ ਹੈ।ਸ਼੍ਰੀ ਥੋਰੀ ਨੇ ਦੱਸਿਆ ਕਿ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਇੱਕ ਅਜਿਹੀ ਮੁਹਿੰਮ ਹੈ ਜਿਸ ਦੇ ਰਾਹੀਂ ਧੀਆਂ ਨੂੰ ਸਮਾਜਿਕ ਬਰਾਬਰੀ ਅਤੇ ਵੱਖ-ਵੱਖ ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ ਪ੍ਰਸ਼ਾਸਨਿਕ ਪੱਧਰ 'ਤੇ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹ ਹਰੇਕ ਨਾਗਰਿਕ ਦਾ ਵੀ ਫਰਜ਼ ਬਣਦਾ ਹੈ ਕਿ ਸਮਾਜ ਵਿੱਚ ਲੜਕੀਆਂ ਨੂੰ ਬਣਦਾ ਮਾਣ ਤੇ ਸਤਿਕਾਰ ਦੇਣਾ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਲੰਡਰ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ 12 ਲੜਕੀਆਂ ਦੀਆਂ ਤਸਵੀਰਾਂ ਪ੍ਰਕਾਸ਼ਿਤ ਕਰਕੇ ਉਨ੍ਹਾਂ ਦੀਆਂ ਅਹਿਮ ਪ੍ਰਾਪਤੀਆਂ ਦਾ ਵੇਰਵਾ ਸਾਂਝਾ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਲੜਕੀਆਂ ਤੋਂ ਸੇਧ ਲੈ ਕੇ ਹੋਰ ਲੜਕੀਆਂ ਵੀ ਮੱਲਾਂ ਮਾਰਨ ਦੇ ਸਮਰੱਥ ਬਣ ਸਕਣ।ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਨੇ ਦੱਸਿਆ ਕਿ ਕੈਲੰਡਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੂਡੀਆਂ ਦੀ ਵਿਦਿਆਰਥਣ ਲਵਪ੍ਰੀਤ ਕੌਰ , ਜਿਸ ਨੇ ਪਿਛਲੇ ਸੈਸ਼ਨ ਵਿੱਚ ਬਾਰਵੀਂ ਵਿੱਚੋਂ 99.55 ਫੀਸਦੀ ਅੰਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਚਹਿਲਾਂ ਦੀ ਵਿਦਿਆਰਥਣ ਰਮਨ ਕੌਰ, ਜਿਸਨੇ ਦਸਵੀਂ ਜਮਾਤ ਵਿੱਚੋਂ 98.30 ਪ੍ਰਤੀਸ਼ਤ ਅੰਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲਰਾਂ ਦੀ ਵਿਦਿਆਰਥਣ ਮਨਦੀਪ ਕੌਰ ਜਿਸ ਨੇ ਦਸਵੀਂ ਜਮਾਤ ਵਿੱਚੋਂ 98.30 ਪ੍ਰਤੀਸ਼ਤ ਅੰਕ, ਸਰਕਾਰੀ ਹਾਈ ਸਕੂਲ ਢੰਡਿਆਲ ਦੀ ਵਿਦਿਆਰਥਣ ਸਿਰਮਨ ਕੌਰ, ਜਿਸ ਨੇ ਦਸਵੀਂ ਵਿੱਚੋਂ 98 ਪ੍ਰਤੀਸ਼ਤ ਅੰਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੂਡੀਆਂ ਦੀ ਵਿਦਿਆਰਥਣ ਗਗਨਦੀਪ ਕੌਰ ਜਿਸ ਨੇ ਬਾਰਵੀਂ ਵਿੱਚੋਂ 97.11 ਪ੍ਰਤੀਸ਼ਤ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਿਨਆ ਸੰਗਰੂਰ ਦੀ ਵਿਦਿਆਰਥਣ ਦ੍ਰਿਸ਼ਟੀ, ਜਿਸ ਨੇ ਬਾਰਵੀਂ ਜਮਾਤ ਵਿੱਚੋਂ 95.33 ਪ੍ਰਤੀਸ਼ਤ ਅੰਕ ਹਾਸਲ ਕੀਤੇ ਸਨ, ਦੀਆਂ ਤਸਵੀਰਾਂ ਸ਼ਾਮਲ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਖੇਡਾਂ ਦੇ ਖੇਤਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਸੰਗਰੂਰ ਦੀ ਵਿਦਿਆਰਥਣ ਲਵਦੀਪ ਕੌਰ, ਜਿਸ ਨੇ ਹਾਕੀ ਵਿੱਚ ਰਾਜ ਪੱਧਰ 'ਤੇ ਪਹਿਲਾ ਸਥਾਨ ਹਾਸਲ ਕੀਤਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਧੂਰੀ ਦੀ ਵਿਦਿਆਰਥਣਾਂ ਸੋਮਾ ਕੌਰ ਅਤੇ ਅਸ਼ਪ੍ਰੀਤ ਕੌਰ, ਜਿਨ੍ਹਾਂ ਨੇ ਬੇਸਬਾਲ ਵਿੱਚੋਂ ਰਾਜ ਪੱਧਰ 'ਤੇ ਪਹਿਲਾ ਸਥਾਨ ਹਾਸਲ ਕੀਤਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਕਬਰਪੁਰ ਦੀ ਵਿਦਿਆਰਥਣ ਗਗਨਦੀਪ ਕੌਰ ਜਿਸ ਨੇ ਮੁੱਕੇਬਾਜ਼ੀ ਅੰਡਰ 17 ਵਿੱਚ ਰਾਜ ਪੱਧਰ 'ਤੇ ਤੀਜਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਧੂਰੀ ਦੀ ਵਿਦਿਆਰਥਣ ਅਰਸ਼ਦੀਪ ਕੌਰ, ਜਿਸ ਨੇ ਮੁੱਕੇਬਾਜ਼ੀ ਵਿੱਚੋਂ ਰਾਜ ਪੱਧਰ 'ਤੇ ਤੀਜਾ ਸਥਾਨ ਹਾਸਲ ਕੀਤਾ ਹੈ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਧੂਰੀ ਦੀ ਵਿਦਿਆਰਥਣ ਮਨਜਿੰਦਰ ਕੌਰ, ਜਿਸ ਨੇ ਯੋਗਾ ਵਿੱਚੋਂ ਰਾਜ ਪੱਧਰ 'ਤੇ ਤੀਜਾ ਸਥਾਨ ਹਾਸਲ ਕੀਤਾ ਹੈ, ਦੀਆਂ ਤਸਵੀਰਾਂ ਤੇ ਵੇਰਵਾ ਪ੍ਰਕਾਸ਼ਿਤ ਕੀਤਾ ਗਿਆ ਹੈ।ਇਸ ਮੌਕੇ ਮੱਲਾਂ ਮਾਰਨ ਵਾਲੀਆਂ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਪਿਆਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਹੋਰ ਬੁਲੰਦੀਆਂ ਲਈ ਤਨਦੇਹੀ ਨਾਲ ਕਾਰਜਸ਼ੀਲ ਰਹਿਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਸਹਾਇਕ ਕਮਿਸ਼ਨਰ ਅੰਕੁਰ ਮਹਿੰਦਰੂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਵੀ ਹਾਜ਼ਰ ਸਨ।