ਜਲਦੀ ਬਣੇਗੀ ਉਮਰਪੁਰਾ ਦੀ ਸੜਕ, ਕਮਿਸ਼ਨਰ ਨਗਰ ਨਿਗਮ ਬਲਵਿੰਦਰ ਸਿੰਘ ਤੇ ਅਸ਼ਵਨੀ ਸੇਖੜੀ ਨੇ ਇਲਾਕਾ ਵਾਸੀਆਂ ਨੂੰ ਦਿੱਤਾ ਭਰੋਸਾ
5 Dariya News
ਬਟਾਲਾ 03-Jan-2020
ਸਾਬਕਾ ਮੰਤਰੀ ਅਸ਼ਵਨੀ ਸੇਖੜੀ ਅਤੇ ਕਮਿਸ਼ਨਰ ਨਗਰ ਨਿਗਮ ਸ. ਬਲਵਿੰਦਰ ਸਿੰਘ ਵਲੋਂ ਅੱਜ ਉਮਰਪੁਰਾ ਵਿਖੇ ਸ੍ਰੀ ਹਰਗੋਬਿੰਦਪੁਰ ਰੋਡ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸ੍ਰੀ ਸੇਖੜੀ ਅਤੇ ਕਮਿਸ਼ਨਰ ਸ. ਬਲਵਿੰਦਰ ਸਿੰਘ ਨੇੇ ਉਮਰਪੁਰਾ ਵਿਖੇ ਸੜਕ ਦੀ ਖਸਤਾ ਹਾਲਤ ਦਾ ਜਾਇਜਾ ਲਿਆ ਅਤੇ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।ਇਸ ਮੌਕੇ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬੜੀ ਜਲਦੀ ਹੀ ਉਮਰਪੁਰਾ ਵਿਖੇ ਸ੍ਰੀ ਹਰਗੋਬਿੰਦਪੁਰ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 7 ਜਨਵਰੀ ਨੂੰ ਨਵੀਂ ਬਣਨ ਵਾਲੀ ਸੜਕ ਦੇ ਟੈਂਡਰ ਖੁੱਲ ਰਹੇ ਹਨ ਜਦਕਿ ਇਸ ਸੜਕ ਦੇ ਨਾਲ ਪੈਣ ਵਾਲੇ ਸੀਵਰੇਜ ਦੇ ਟੈਂਡਰ ਇਸੇ ਮਹੀਨੇ ਦੀ 14 ਤਰੀਕ ਨੂੰ ਖੁੱਲ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਹੀ ਟੈਂਡਰ ਖੁੱਲਦੇ ਹਨ ਅਤੇ ਜਿਸ ਵੀ ਫਰਮ ਨੂੰ ਇਹ ਕੰਮ ਅਲਾਟ ਹੁੰਦੇ ਹਨ ਉਸੇ ਸਮੇਂ ਬਿਨਾ ਕਿਸੇ ਦੇਰੀ ਇਹ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਲੋਕ ਬਹੁਤ ਮੁਸਕਲ ਵਿੱਚ ਹਨ ਜਿਸ ਤੋਂ ਉਹ ਭਲੀਭਾਂਤ ਜਾਣੂ ਹਨ ਅਤੇ ਬਹੁਤ ਜਲਦੀ ਹੀ ਹੁਣ ਇਸ ਇਲਾਕੇ ਦਾ ਵਿਕਾਸ ਕੀਤਾ ਜਾ ਰਿਹਾ ਹੈ।ਇਸ ਦੌਰਾਨ ਸਾਬਕਾ ਮੰਤਰੀ ਸ਼੍ਰੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਉਮਰਪੁਰਾ ਇਲਾਕੇ ਸਮੇਤ ਸ੍ਰੀ ਹਰਗੋਬਿੰਦਪੁਰ ਰੋਡ ਉੱਪਰੋਂ ਲੰਘਣ ਵਾਲੇ ਸਾਰੇ ਹੀ ਰਾਹਗੀਰ ਬਹੁਤ ਪਰੇਸ਼ਾਨ ਹਨ ਅਤੇ ਸਰਕਾਰ ਲੋਕਾਂ ਦੀ ਇਸ ਸਮੱਸਿਆ ਤੋਂ ਜਾਣੂ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਸਭ ਤੋਂ ਪਹਿਲਾਂ ਇਥੇ ਸੜਕ ਦੇ ਨਾਲ ਸੀਵਰੇਜ ਪਾ ਕੇ ਪਾਣੀ ਦੀ ਨਿਕਾਸੀ ਕੀਤੀ ਜਾਵੇਗੀ ਅਤੇ ਨਾਲ ਹੀ ਸੜਕ ਨੂੰ ਨਵਾਂ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਉਮਰਪੁਰਾ ਵਾਸੀਆਂ ਨੂੰ ਜਿਆਦਾ ਸਮਾਂ ਮੁਸ਼ਕਲ ਨਹੀਂ ਝੱਲਣੀ ਪਵੇਗੀ ਕਿਉਂਕਿ ਬਹੁਤ ਜਲਦੀ ਇਥੇ ਵਿਕਾਸ ਕਾਰਜ ਸ਼ੁਰੂ ਹੋ ਰਹੇ ਹਨ।