5 Dariya News

ਜ਼ਿਲੇ ਵਿਚ ‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਨੂੰ ਸਿਖਰ ’ਤੇ ਪਹੁੰਚਾਇਆ ਜਾਵੇਗਾ-ਡੀ. ਸੀ

ਸਮੁੱਚੇ ਜ਼ਿਲੇ ’ਚ ਮਨਾਈ ਜਾਵੇਗੀ ਬੇਟੀਆਂ ਦੀ ਲੋਹੜੀ

5 Dariya News

ਕਪੂਰਥਲਾ 01-Jan-2020

‘ਬੇਟੀ ਬਚਾਓ ਬੇਟੀ ਪੜਾਓ’ ਸਕੀਮ ਤਹਿਤ ਜ਼ਿਲਾ ਟਾਸਕ ਫੋਰਸ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਪ੍ਰਧਾਨਗੀ ਹੇਠ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ। ਇਸ ਮੌਕੇ ‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਤਹਿਤ ਕਨਵਰਜੈਂਸ ਸਬੰਧੀ ਯੋਜਨਾਬੰਦੀ ਕੀਤੀ ਗਈ ਅਤੇ ਇਸ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਚੀਆਂ ਨੂੰ ਸਨਮਾਨ ਦਿਵਾਉਣ ਅਤੇ ਲਿੰਗ ਅਨੁਪਾਤ ਵਿਚ ਸੁਧਾਰ ਕਰਨ ਲਈ ਜ਼ਿਲੇ ਵਿਚ ‘ਬੇਟੀ ਬਚਾਓ, ਬੇਟੀ ਪੜਾਓ’ ਸਕੀਮ ਤਹਿਤ ਵਿੱਢੀ ਗਈ ਮੁਹਿੰਮ ਨੂੰ ਸਿਖਰ ’ਤੇ ਪਹੁੰਚਾਇਆ ਜਾਵੇਗਾ। ਉਨਾਂ ਕਿਹਾ ਕਿ ਜ਼ਿਲੇ ਦੀਆਂ ਸਾਰੀਆਂ ਸਬ-ਡਵੀਜ਼ਨਾਂ ਵਿਚ ਕੁੜੀਆਂ ਦੀ ਲੋਹੜੀ ਮਨਾਈ ਜਾਵੇਗੀ ਅਤੇ ਇਸ ਸਬੰਧੀ ਜ਼ਿਲਾ ਪੱਧਰੀ ਸਮਾਗਮ ਸਥਾਨਕ ਸ਼ਾਲਾਮਾਰ ਬਾਗ ਵਿਖੇ ਹੋਵੇਗਾ। ਇਸ ਦੌਰਾਨ ਉਨਾਂ ਇਸ ਮੁਹਿੰਮ ਤਹਿਤ ਹੁਣ ਤੱਕ ਕੀਤੇ ਗਏ ਕੰਮਾਂ ਦੀ ਸਮੀਖਿਆ ਕੀਤੀ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਸ਼ੁਰੂ ਕੀਤੇ ਗਏ ਪ੍ਰਾਜੇਕਟਾਂ ਨੂੰ ਹੋਰ ਬਿਹਤਰ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ। ਉਨਾਂ ਕਿਹਾ ਕਿ ‘ਬੀਬੀਆਂ ਦੀ ਦੁਕਾਨ’ ਅਤੇ ਲੜਕੀਆਂ ਲਈ ਸਕੂਲਾਂ ਵਿਚ ਸੈਨੇਟਰੀ ਨੈਪਕਿਨ ਮੁਹੱਈਆ ਕਰਵਾਉਣ ਅਤੇ ਮਾਰਸ਼ਲ ਆਰਟ ਦੀ ਸਿਖਲਾਈ ਆਦਿ ਦੇ ਪ੍ਰਾਜੈਕਟਾਂ ਨੂੰ ਹੋਰ ਹੁਲਾਰਾ ਦਿੱਤਾ ਜਾਵੇਗਾ। ਘੱਟ ਲਿੰਗ ਅਨੁਪਾਤ ਵਾਲੇ ਪਿੰਡਾਂ ਵਿਚ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਇਸੇ ਤਰਾਂ ਜ਼ਿਲੇ ਭਰ ਵਿਚ ਸਿੱਖਿਆ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਅਤੇ ਹੋਰਨਾਂ ਗਤੀਵਿਧੀਆਂ ਵਿਚ ਮੱਲਾਂ ਮਾਰਨ ਵਾਲੀਆਂ ਲੜਕੀਆਂ, ਵੱਧ ਲਿੰਗ ਅਨੁਪਾਤ ਵਾਲੀਆਂ ਪੰਚਾਇਤਾਂ ਅਤੇ ਵਧੀਆ ਕੰਮ ਕਰਨ ਵਾਲੀਆਂ ਸੁਪਰਵਾਈਜ਼ਰਾਂ, ਆਸ਼ਾ ਵਰਕਰਾਂ, ਸੀ. ਡੀ. ਪੀ. ਓਜ਼ ਅਤੇ ਐਨ. ਜੀ. ਓਜ਼ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ ਨੇ ਬੀਤੇ ਸਮੇਂ ਦੌਰਾਨ ‘ਬੇਟੀ ਬਚਾਓ, ਬੇਟੀ ਪੜਾਓ’ ਸਕੀਮ ਤਹਿਤ ਜ਼ਿਲੇ ਵਿਚ ਕੀਤੇ ਗਏ ਵੱਖ-ਵੱਖ ਕੰਮਾਂ ਅਤੇ ਪ੍ਰਾਪਤੀਆਂ ਬਾਰੇ  ਵਿਸਥਾਰ ਨਾਲ ਜਾਣੂ ਕਰਵਾਇਆ।  ਉਨਾਂ ਦੱਸਿਆ ਕਿ ਜ਼ਿਲੇ ਵਿਚ ਇਹ ਯੋਜਨਾ ਬੇਹੱਦ ਸਫਲ ਸਿੱਧ ਹੋ ਰਹੀ ਹੈ ਅਤੇ ਲਿੰਗ ਅਨੁਪਾਤ ਵਿਚ ਵੱਡਾ ਸੁਧਾਰ ਆਇਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਸ. ਗੁਰਮੀਤ ਸਿੰਘ ਮੁਲਤਾਨੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਰਿੰਦਰ ਪਾਲ ਆਂਗਰਾ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ ਸੰਧੂ, ਸਕੱਤਰ ਰੈੱਡ ਕਰਾਸ ਸ੍ਰੀ ਆਰ. ਸੀ ਬਿਰਹਾ, ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਮੱਸਾ ਸਿੰਘ ਸਿੱਧੂ, ਜ਼ਿਲਾ ਟੀਕਾਕਾਰਨ ਅਫ਼ਸਰ ਡਾ. ਆਸ਼ਾ ਮਾਂਗਟ, ਜ਼ਿਲਾ ਖੇਡ ਅਫ਼ਸਰ ਸ੍ਰੀ ਪਰਦੀਪ ਕੁਮਾਰ, ਬੀ. ਡੀ. ਪੀ. ਓ ਸੁਲਤਾਨਪੁਰ ਲੋਧੀ ਸ. ਗੁਰਪ੍ਰਤਾਪ ਸਿੰਘ ਗਿੱਲ, ਸੀ. ਡੀ. ਪੀ. ਓ ਸ੍ਰੀਮਤੀ ਸੁਸ਼ੀਲ ਲਤਾ, ਸ੍ਰੀਮਤੀ ਨਿਤਾਸ਼ਾ ਸਾਗਰ ਅਤੇ ਸ੍ਰੀ ਹਾਂਡਾ, ਜ਼ਿਲਾ ਗਾਈਡੈਂਸ ਕਾਊਸਲਰ ਸ. ਪਰਮਜੀਤ ਸਿੰਘ, ਮੈਡਮ ਅੰਜੂ ਬਾਲ, ਸ. ਦਵਿੰਦਰ ਪਾਲ ਸਿੰਘ ਆਹੂਜਾ, ਸ੍ਰੀ ਸੰਦੀਪ ਸਿੰਘ ਤੇ ਹੋਰ ਹਾਜ਼ਰ ਸਨ।