5 Dariya News

ਫਤਹਿਗੜ੍ਹ ਸਾਹਿਬ 'ਚ ਅਖੰਡ ਕੀਰਤਨੀ ਜਥੇ ਦੇ ਸਾਲਾਨਾ ਸਮਾਗਮ ਦੌਰਾਨ ਭਾਈ ਲੌਂਗੋਵਾਲ ਨੇ ਕੀਰਤਨ ਦੀ ਹਾਜ਼ਰੀ ਭਰੀ

ਸਿੱਖੀ ਦੇ ਪ੍ਰਚਾਰ-ਪ੍ਰਸਾਰ ਤੇ ਚੜ੍ਹਦੀਕਲ੍ਹਾ ਲਈ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਜਥੇ ਦਾ ਵਡਮੁੱਲਾ ਯੋਗਦਾਨ: ਭਾਈ ਲੌਂਗੋਵਾਲ

5 Dariya News

ਫਤਹਿਗੜ੍ਹ ਸਾਹਿਬ 29-Dec-2019

ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਫਤਹਿਗੜ੍ਹ ਸਾਹਿਬ ਵਿਖੇ ਅਖੰਡ ਕੀਰਤਨੀ ਜਥੇ ਦੇ ਸਾਲਾਨਾ ਕੇਂਦਰੀ ਸਮਾਗਮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਹੁੰਚ ਕੇ ਹਾਜ਼ਰੀ ਭਰੀ ਅਤੇ ਕੀਰਤਨ ਕੀਤਾ।ਇਸ ਤੋਂ ਪਹਿਲਾਂ ਅਖੰਡ ਕੀਰਤਨੀ ਜਥੇ ਵਲੋਂ 15 ਦਸੰਬਰ ਤੋਂ ਸ਼ਹੀਦੀ ਸਭਾ ਦੇ ਪੰਜ ਸ੍ਰੀ ਅਖੰਡ ਪਾਠ ਸਾਹਿਬ ਕੀਤੇ ਗਏ ਸਨ। ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਬੀਤੀ ਰਾਤ ਸ਼ਹੀਦੀ ਸਭਾ ਦੇ ਰੈਣਿ ਸਬਾਈ ਕੀਰਤਨ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਹੁੰਚ ਕੇ ਕੀਰਤਨ ਕੀਤਾ। ਇਸ ਤੋਂ ਇਲਾਵਾ ਮਾ. ਹਰਦਿਆਲ ਸਿੰਘ ਗੁਰਦਾਸਪੁਰ, ਡਾ. ਸੁਰਜੀਤ ਸਿੰਘ ਸਰਸਪੁਰ, ਭਾਈ ਤਲਵਿੰਦਰ ਸਿੰਘ ਸਰਸਪੁਰ, ਭਾਈ ਸੁਰਜੀਤ ਸਿੰਘ ਸ੍ਰੀ ਅਨੰਦਪੁਰ ਸਾਹਿਬ, ਭਾਈ ਗੁਰਨਾਮ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਗੁਰਜੋਤ ਸਿੰਘ ਫਤਹਿਗੜ੍ਹ ਸਾਹਿਬ, ਭਾਈ ਗਗਨਦੀਪ ਸਿੰਘ ਦਿੱਲੀ, ਬੀਬੀ ਗੁਰਲੀਨ ਕੌਰ ਦਸੂਹਾ, ਭਾਈ ਗੋਬਿੰਦ ਸਿੰਘ ਬਠਿੰਡਾ ਅਤੇ ਭਾਈ ਕੁਲਦੀਪ ਸਿੰਘ ਫਗਵਾੜਾ ਆਦਿ ਜਥਿਆਂ ਨੇ ਵੀ ਕੀਰਤਨ ਕੀਤਾ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਅਖੰਡ ਕੀਰਤਨੀ ਜਥੇ ਦੀਆਂ ਸੰਗਤਾਂ ਪਹੁੰਚੀਆਂ ਹੋਈਆਂ ਸਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਨੇ ਅਖੰਡ ਕੀਰਤਨੀ ਜਥੇ ਦੀ ਪੰਥਕ ਦੇਣ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਜਥੇ ਦੇ ਬਾਨੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਗੁਰਦੁਆਰਾ ਸੁਧਾਰ ਲਹਿਰ ਅਤੇ ਆਜ਼ਾਦੀ ਲਹਿਰ ਵਿਚ ਦੇਣ ਅਦੁੱਤੀ ਸੀ, ਕਿਉਂਕਿ ਉਨ੍ਹਾਂ ਨੇ ਆਜ਼ਾਦੀ ਲਹਿਰ ਵਿਚ ਆਪਣੀ ਜਾਇਦਾਦ ਕੁਰਕ ਕਰਵਾਉਣ ਦੇ ਨਾਲ-ਨਾਲ ਉਮਰ ਕੈਦ ਕੱਟਦਿਆਂ ਵੀ ਜੇਲ੍ਹ ਵਿਚ 40-40 ਦਿਨ ਮੁਕੰਮਲ ਭੁੱਖ ਹੜਤਾਲ ਰੱਖ ਕੇ ਜੇਲ੍ਹ ਅੰਦਰ ਸਿੱਖ ਕੈਦੀਆਂ ਲਈ ਕਕਾਰ ਪਹਿਨਣ ਅਤੇ ਧਾਰਮਿਕ ਹੱਕਾਂ ਦੀ ਲੜਾਈ ਵੀ ਜਿੱਤੀ ਸੀ। ਉਨ੍ਹਾਂ ਕਿਹਾ ਕਿ ਅਖੰਡ ਕੀਰਤਨੀ ਜਥੇ ਨੇ ਹਮੇਸ਼ਾ ਗੁਰੂ ਗ੍ਰੰਥ ਤੇ ਗੁਰੂ ਪੰਥ ਲਈ ਅੱਗੇ ਹੋ ਕੇ ਕੁਰਬਾਨੀਆਂ ਕੀਤੀਆਂ ਹਨ। ਇਸ ਮੌਕੇ ਉਨ੍ਹਾਂ ਨਾਲ ਨਿੱਜੀ ਸਹਾਇਕ ਦਰਸ਼ਨ ਸਿੰਘ ਲੌਂਗੋਵਾਲ, ਸ਼੍ਰੋਮਣੀ ਕਮੇਟੀ ਦੇ ਪਬਲੀਸਿਟੀ ਇੰਚਾਰਜ ਹਰਭਜਨ ਸਿੰਘ ਵਕਤਾ, ਕਾਲਮ ਨਵੀਸ ਤਲਵਿੰਦਰ ਸਿੰਘ ਬੁੱਟਰ, ਭਾਈ ਗੁਰਦਰਸ਼ਨ ਸਿੰਘ, ਭਾਈ ਰਜਿੰਦਰਪਾਲ ਸਿੰਘ ਮੁੱਖ ਬੁਲਾਰਾ ਅਖੰਡ ਕੀਰਤਨੀ ਜਥਾ,ਭਾਈ ਬਹਾਦਰ ਸਿੰਘ ਈਸਰਹੇਲ, ਭਾਈ ਤੇਜਿੰਦਰ ਸਿੰਘ ਡਾਲੋਮਾਜਰਾ, ਭਾਈ ਭਾਗ ਸਿੰਘ ਵਡਾਲੀ ਅਤੇ ਭਾਈ ਸ਼ਮਸ਼ੇਰ ਸਿੰਘ ਡਾਲੋਮਾਜਰਾ ਵੀ ਹਾਜ਼ਰ ਸਨ।