5 Dariya News

ਹੁਸ਼ਿਆਰਪੁਰ 'ਚ ਲੜਕੀਆਂ ਅਤੇ ਮਹਿਲਾਵਾਂ ਲਈ ਸੂਬੇ ਦਾ ਪਹਿਲਾਂ ਮੁਫ਼ਤ ਡਰਾਈਵਿੰਗ ਟਰੇਨਿੰਗ ਪ੍ਰੋਗਰਾਮ ਸ਼ੁਰੂ

ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਕੈਬਨਿਟ ਮੰਤਰੀ ਅਰੋੜਾ ਨੇ ਕੀਤੀ ਇਸ ਪ੍ਰੋਜੈਕਟ ਦੀ ਸ਼ੁਰੂਆਤ

5 Dariya News

ਹੁਸ਼ਿਆਰਪੁਰ 27-Dec-2019

ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਨਿਵੇਕਲਾ ਉਪਰਾਲਾ ਕਰਦਿਆਂ ਲੜਕੀਆਂ ਅਤੇ ਮਹਿਲਾਵਾਂ ਲਈ ਸੂਬਾ ਦਾ ਪਹਿਲਾ ਮੁਫ਼ਤ ਡਰਾਈਵਿੰਗ ਟਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜਿਸ ਦੀ ਸ਼ੁਰੂਆਤ ਅੱਜ ਉਦਯੋਗ ਅਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਵਲੋਂ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਆਯੋਜਿਤ ਸਮਾਰੋਹ ਦੌਰਾਨ ਉਨ੍ਹਾਂ ਹਾਜ਼ਰ ਲੜਕੀਆਂ ਨੂੰ ਆਤਮ ਵਿਸ਼ਵਾਸ਼ ਨਾਲ ਟ੍ਰੇਨਿੰਗ ਪੂਰੀ ਕਰਨ ਦੀ ਪ੍ਰੇਰਣਾ ਵੀ ਦਿੱਤੀ।ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਮਹਿਲਾ ਸਸ਼ਕਤੀਕਰਨ ਲਈ ਕੀਤੀ ਗਈ ਇਹ ਇਕ ਸ਼ਾਨਦਾਰ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਟਰੇਨਿੰਗ ਲੈ ਕੇ ਲੜਕੀਆਂ, ਮਹਿਲਾਵਾਂ ਟੈਕਸੀ ਚਲਾ ਕੇ ਸਵੈ-ਰੋਜ਼ਗਾਰ ਹਾਸਲ ਕਰ ਸਕਦੀਆਂ ਹਨ, ਜੋ ਕਿ ਇਸ ਪੂਰੇ ਪ੍ਰੋਜੈਕਟ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਦੱਸਿਆ ਕਿ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ, ਟਾਂਡਾ ਰੋਡ, ਹੁਸ਼ਿਆਰਪੁਰ ਵਿੱਚ ਇਹ ਟਰੇਨਿੰਗ ਹਫ਼ਤੇ ਦੇ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਦਿੱਤੀ ਜਾਵੇਗੀ।ਕੈਬਨਿਟ ਮੰਤਰੀ ਸ੍ਰੀ ਅਰੋੜਾ ਨੇ ਕਿਹਾ ਕਿ ਇਸ ਡਰਾਈਵਿੰਗ ਟਰੇਨਿੰਗ ਦੀ ਸ਼ੁਰੂਆਤ ਸਰਕਾਰੀ ਕਾਲਜ, ਹੁਸ਼ਿਆਰਪੁਰ ਦੀਆਂ ਇਛੁੱਕ 20 ਲੜਕੀਆਂ ਤੋਂ ਕੀਤੀ ਜਾ ਰਹੀ ਹੈ। ਇਹ 20 ਲੜਕੀਆਂ ਦਾ ਬੈਚ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਮੁਫ਼ਤ ਡਰਾਈਵਿੰਗ ਸਿੱਖਿਆ ਪ੍ਰਾਪਤ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਬੈਚ ਵਿੱਚ ਹਰ ਲੜਕੀ ਦੀ ਅੱਧੇ ਘੰਟੇ ਦੀ ਸਮੇਂ ਸੀਮਾ ਦੇ ਹਿਸਾਬ ਨਾਲ ਵਾਹਨ 'ਤੇ ਟਰੇਨਿੰਗ ਨਿਰਧਾਰਤ ਕੀਤੀ ਜਾਵੇਗੀ। ਇਸ ਬੈਚ ਦੀਆਂ ਕੁੱਲ 20 ਕਲਾਸਾਂ ਲੱਗਣਗੀਆਂ ਭਾਵ ਢਾਈ ਮਹੀਨੇ ਦੇ ਸਮੇਂ ਨਾਲ ਮੁਫ਼ਤ ਡਰਾਈਵਿੰਗ ਸਿੱਖਿਆ ਦੇ ਕੇ ਇਨ੍ਹਾਂ ਲੜਕੀਆਂ ਨੂੰ ਡਰਾਈਵਿੰਗ ਵਿੱਚ ਨਿਪੁੰਨ ਕੀਤਾ ਜਾਵੇਗਾ। 

ਸ੍ਰੀ ਅਰੋੜਾ ਨੇ ਕਿਹਾ ਕਿ ਇਸ ਤੋਂ ਬਾਅਦ ਇਨ੍ਹਾਂ ਸਿਖਿਆਰਥਣਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਇਸ ਦੇ ਨਾਲ ਹੀ ਬੈਚ ਤੋਂ ਪਾਸ ਰਹੀਆਂ ਲੜਕੀਆਂ ਨੂੰ ਪਹਿਲ ਦੇ ਆਧਾਰ 'ਤੇ ਮੁਫ਼ਤ ਡਰਾਈਵਿੰਗ ਲਾਇਸੰਸ ਬਣਾਉਣ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੁਫ਼ਤ ਡਰਾਈਵਿੰਗ ਸਿੱਖਿਆ ਨਾਲ ਲੜਕੀਆਂ ਦਾ ਆਤਮ ਵਿਸ਼ਵਾਸ਼ ਵਧੇਗਾ ਅਤੇ ਉਹ ਮਹਿਲਾ ਸਸ਼ਕਤੀਕਰਨ ਦੀ ਮਿਸਾਲ ਦੇ ਰੂਪ ਵਿੱਚ ਹੋਰ ਲੜਕੀਆਂ ਨੂੰ ਵੀ ਪ੍ਰੇਰਿਤ ਕਰਨਗੀਆਂ।ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਭਵਿੱਖ ਵਿੱਚ ਜੇਕਰ ਡਿਮਾਂਡ ਪ੍ਰਾਪਤ ਹੁੰਦੀ ਹੈ, ਤਾਂ ਹੋਰ ਗੱਡੀਆਂ ਜਿਵੇਂ ਕਿ ਈ-ਰਿਕਸ਼ਾ, ਲਾਈਟ ਕਮਰਸ਼ਿਅਲ ਵਹੀਕਲ (ਟਾਟਾ ਏਸ ਆਦਿ) ਦੀ ਟਰੇਨਿੰਗ ਵੀ ਸ਼ਾਮਲ ਕੀਤੀ ਜਾਵੇਗੀ, ਤਾਂ ਜੋ ਲੜਕੀਆਂ ਅਤੇ ਮਹਿਲਾਵਾਂ ਇਸ ਟਰੇਨਿੰਗ ਦਾ ਫਾਇਦਾ ਆਪਣੇ ਰੋਜ਼ਗਾਰ ਪ੍ਰਾਪਤ ਕਰਨ ਵਿੱਚ ਜਾਂ ਸਵੈ ਰੋਜ਼ਗਾਰ ਦੇ ਰੂਪ ਵਿੱਚ ਹਾਸਲ ਕਰ ਸਕਣ। ਇਸ ਤੋਂ ਇਲਾਵਾ ਹੋਰ ਵੀ ਮੁਫ਼ਤ ਡਰਾਈਵਿੰਗ ਸਿੱਖਿਆ ਦੀਆਂ ਚਾਹਵਾਨ ਲੜਕੀਆਂ ਅਤੇ ਮਹਿਲਾਵਾਂ ਅਗਲੇ ਬੈਚ ਵਿੱਚ ਇਹ ਸਿੱਖਿਆ ਪ੍ਰਾਪਤ ਕਰਨ ਲਈ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ ਦੇ ਮੋਬਾਇਲ ਨੰ: 98765-91722, ਉਨ੍ਹਾਂ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਰਾਮ ਕਲੋਨੀ ਕੈਂਪ, ਹੁਸ਼ਿਆਰਪੁਰ ਜਾਂ ਈ-ਮੇਲ ਆਈ ਡੀ 4cpohsp੨੦੧੪0gmail.com 'ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਪ੍ਰੀਤ ਸਿੰਘ ਸੂਦਨ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਸਕੱਤਰ ਆਰ.ਟੀ.ਏ. ਸ੍ਰੀ ਕਰਨ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਮੁਕੇਸ਼ ਡਾਬਰ, ਦਿਹਾਤੀ ਕਾਂਗਰਸ ਪ੍ਰਧਾਨ ਕੈਪਟਨ ਕਰਮ ਚੰਦ, ਕੌਂਸਲਰ ਸ੍ਰੀ ਸੁਰਿੰਦਰ ਪਾਲ ਸਿੰਧੂ, ਸ੍ਰੀ ਦੀਪਕ ਪੁਰੀ, ਸ੍ਰੀ ਰਾਹੁਲ ਗੋਹਿਲ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।