5 Dariya News

ਸੀਚੇਵਾਲ ਪ੍ਰੋਜੈਕਟਾਂ ਸਦਕਾ ਕੌਮੀ ਪੱਧਰ ਤੇ ਚਮਕਿਆ ਜ਼ਿਲ੍ਹੇ ਦਾ ਪਿੰਡ ਬਧੌਛੀ ਕਲਾਂ

ਗੰਦੇ ਪਾਣੀ ਨੂੰ ਸਾਫ ਕਰਕੇ ਸਿੰਚਾਈ ਲਈ ਵਰਤੇ ਜਾਣ ਲਈ ਕੇਂਦਰੀ ਖੇਤੀਬਾੜੀ ਮੰਤਰੀ ਨੇ ਪਿੰਡ ਦਾ ਨਵੀਂ ਦਿੱਲੀ ਵਿਖੇ ਕੀਤਾ ਸਨਮਾਨ

5 Dariya News

ਫ਼ਤਹਿਗੜ੍ਹ ਸਾਹਿਬ 25-Dec-2019

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਾਣੀ ਅਤੇ ਵਾਤਾਵਰਨ ਦੀ ਸੰਭਾਲ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਉਤੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਸੇ ਲੜੀ ਤਹਿਤ ਜ਼ਿਲ੍ਹੇ ਦੇ ਪਿੰਡ ਬਧੌਛੀ ਕਲਾਂ ਦੇ ਗੰਦੇ ਪਾਣੀ ਨੂੰ ਸੀਚੇਵਾਲ ਮਾਡਲ ਜ਼ਰੀਏ ਸਾਫ ਕਰਕੇ ਟੋਭੇ ਵਿੱਚ ਪਾਉਣ ਉਪਰੰਤ ਉਸ ਪਾਣੀ ਦੀ ਵਰਤੋਂ ਖੇਤੀਬਾੜੀ ਲਈ ਕੀਤੀ ਜਾ ਰਹੀ ਹੈ। ਮਗਨਰੇਗਾ ਸਬੰਧੀ ਇਸ ਪ੍ਰੋਜੈਕਟ ਲਈ ਕੇਂਦਰੀ ਪੇਂਡੂ ਵਿਕਾਸ, ਖੇਤੀਬਾੜੀ ਅਤੇ ਕਿਸਾਨ ਭਲਾਈ ਤੇ ਪੰਚਾਇਤੀ ਰਾਜ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਪਿੰਡ ਦਾ ਨਵੀਂ ਦਿੱਲੀ ਵਿਖੇ ਕਰਵਾਏ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ ਹੈ। ਪਾਣੀ ਦੀ ਸੰਭਾਲ ਲਈ ਮਗਨਰੇਗਾ ਤਹਿਤ ਢਾਂਚੇ ਬਣਾਉਣ ਦੀ ਸ਼੍ਰੇਣੀ ਵਿੱਚ ਸਨਮਾਨ ਲਈ ਦੇਸ਼ ਵਿਚਲੇ ਚਾਰ ਪਿੰਡਾਂ ਦੀ ਚੋਣ ਕੀਤੀ ਗਈ ਸੀ ਤੇ ਪੰਜਾਬ ਵਿੱਚੋਂ ਬਧੌਛੀ ਕਲਾਂ ਇਕਲੌਤਾ ਅਜਿਹਾ ਪਿੰਡ ਹੈ ਜਿਸਨੂੰ ਇਸ ਸ਼੍ਰੇਣੀ ਵਿੱਚ ਇਹ ਸਨਮਾਨ ਮਿਲਿਆ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦੇ ਸਲਾਹਕਾਰ ਤੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਹਲਕਾ ਫ਼ਤਹਿਗੜ੍ਹ ਸਾਹਿਬ ਸਮੇਤ ਜ਼ਿਲ੍ਹੇ ਦੇ 26 ਪਿੰਡਾਂ ਵਿੱਚ ਗੰਦੇ ਪਾਣੀ ਨੂੰ ਸਾਫ਼ ਕਰ ਕੇ ਉਸ ਦੀ ਸੁਚੱਜੀ ਵਰਤੋਂ ਕਰਨ ਲਈ 07 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਸੀਚੇਵਾਲ ਮਾਡਲ ਆਧਾਰਤ ਪ੍ਰੋਜੈਕਟ ਲਾਏ  ਜਾ ਰਹੇ ਹਨ।ਸ.ਨਾਗਰਾ ਨੇ ਦੱਸਿਆ ਕਿ ਸੀਚੇਵਾਲ ਮਾਡਲ ਆਧਾਰਤ ਇਸ ਪ੍ਰੋਜੈਕਟ ਤਹਿਤ ਗੰਦੇ ਪਾਣੀ ਨੂੰ ਸਾਫ਼ ਕਰ ਕੇ ਉਸ ਦੀ ਵਰਤੋਂ ਖੇਤਾਂ ਦੀ ਸਿੰਚਾਈ ਲਈ ਕੀਤੀ ਜਾਂਦੀ ਹੈ। ਗੰਦੇ ਪਾਣੀ ਨੂੰ ਪਹਿਲਾਂ ਇੱਕ ਟੈਂਕ ਵਿੱਚ ਪਾਇਆ ਜਾਂਦਾ ਹੈ, ਜਿਸ ਵਿੱਚ ਇਕ ਜਾਲੀ ਲੱਗੀ ਹੁੰਦੀ ਹੈ, ਜਿਸ ਸਦਕਾ ਕੋਈ ਵੀ ਅਜਿਹੀ ਚੀਜ਼ ਟੈਂਕ ਵਿੱਚ ਨਹੀਂ ਆਉਂਦੀ ਜਿਸ ਨਾਲ ਪਾਣੀ ਦੇ ਵਹਾਅ ਵਿੱਚ ਅੜਿੱਕਾ ਲੱਗਦਾ ਹੋਵੇ। ਇਸ ਉਪਰੰਤ ਪਾਣੀ 03 ਖੂਹਾਂ ਵਿੱਚੋਂ ਲੰਘਾ ਕੇ ਸਾਫ਼ ਕਰਨ ਉਪਰੰਤ ਪਿੰਡ ਦੇ ਟੋਭੇ ਵਿੱਚ ਪਾਇਆ ਜਾਂਦਾ ਹੈ। ਪਾਣੀ ਨੂੰ ਇਸ ਢੰਗ ਨਾਲ ਖੂਹਾਂ ਵਿੱਚ ਪਾਇਆ ਜਾਂਦਾ ਹੈ ਕਿ ਹਰ ਖੂਹ ਵਿੱਚ ਪਾਣੀ ਘੁੰਮਦਾ ਹੈ ਪਹਿਲੇ ਖੂਹ ਵਿੱਚ ਗਾਰ ਥੱਲੇ ਬੈਠ ਜਾਂਦੀ ਹੈ ਦੂਜੇ ਖੂਹ ਵਿੱਚ ਤੇਲ ਜਾਂ ਹੋਰ ਪਦਾਰਥ ਨਿੱਤਰ ਕੇ ਪਾਣੀ ਦੇ ਉਪਰ ਆ ਜਾਂਦੇ ਹਨ ਤੇ ਤੀਜੇ ਖੂਹ ਵਿੱਚ ਜਾਣ ਉਤੇ ਪਾਣੀ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ। ਉਸ ਉਪਰੰਤ ਪਾਣੀ ਨੂੰ ਟੋਭੇ ਵਿੱਚ ਪਾਇਆ ਜਾਂਦਾ ਹੈ।

ਸ. ਨਾਗਰਾ ਨੇ ਦੱਸਿਆ ਕਿ ਪਿੰਡ ਬਧੌਛੀ ਕਲਾਂ ਵਿਖੇ ਇਹ ਮਾਡਲ ਲਾਗੂ ਕੀਤੇ ਜਾਣ ਤੋਂ ਪਹਿਲਾਂ ਪਿੰਡ ਨੂੰ ਪਾਣੀ ਦੀ ਨਿਕਾਸੀ ਸਬੰਧੀ ਦਿੱਕਤਾਂ ਦਰਪੇਸ਼ ਸਨ ਤੇ ਟੋਭੇ ਦੇ ਪਾਣੀ ਦੇ ਓਵਰਫਲੋਅ ਹੋਣ ਵਰਗੀਆਂ ਦਿੱਕਤਾਂ ਦਾ ਵੀ ਪਿੰਡ ਵਾਸੀਆਂ ਨੂੰ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਇਸ ਪੂਰੇ ਪ੍ਰੋਜੈਕਟ ਤਹਿਤ ਜਿੱਥੇ ਵੀ ਘਰਾਂ ਨੂੰ ਸੀਵਰੇਜ ਦੇ ਕੁਨੈਕਸ਼ਨ ਦਿੱਤੇ ਗਏ ਹਨ, ਉਥੇ ਜਾਲੀ ਲਾਈ ਗਈ ਹੈ।ਇਸ ਤੋਂ ਇਲਾਵਾ ਜਿੱਥੇ ਜਿੱਥੇ ਹੌਦੀਆਂ ਬਣਾਈਆਂ ਗਈਆਂ ਹਨ, ਉਥੇ ਵੀ ਜਾਲੀਆਂ ਲਾਈਆਂ ਗਈਆਂ ਹਨ ਤਾਂ ਜੋ ਕੋਈ ਵੀ ਅਜਿਹੀ ਚੀਜ਼ ਸੀਵਰੇਜ ਵਿੱਚ ਨਾ ਜਾਵੇ, ਜਿਸ ਨਾਲ ਪਾਈਪਾਂ ਬੰਦ ਹੋਣ।ਇਸ ਪ੍ਰੋਜੈਕਟ ਬਾਰੇ ਐਕਸੀਅਨ ਪੰਚਾਇਤੀ ਰਾਜ, ਸ. ਜਸਬੀਰ ਸਿੰਘ ਨੇ ਦੱਸਿਆ ਕਿ ਬਧੌਛੀ ਕਲਾਂ ਵਿਖੇ ਸੀਚੇਵਾਡਲ ਤਹਿਤ ਟੋਭੇ ਵਿੱਚ ਪਾਏ ਸਾਫ਼ ਪਾਣੀ ਦੀ ਵਰਤੋਂ ਸਿੰਚਾਈ ਲਈ ਕੀਤੇ ਜਾਣ ਸਦਕਾ ਧਰਤੀ ਹੇਠਲੇ ਪਾਣੀ ਦੇ ਵਰਤੋਂ ਘਟੀ ਹੈ। ਇਸ ਦੇ ਨਾਲ-ਨਾਲ ਜਿਹੜੇ ਜਿਹੜੇ ਖੇਤਾਂ ਵਿੱਚ ਇਸ ਪਾਣੀ ਦੀ ਵਰਤੋਂ ਕੀਤੀ ਗਈ ਹੈ, ਉਥੇ ਫ਼ਸਲਾਂ ਦੇ ਝਾੜ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਟੋਭੇ 'ਤੇ ਪਰਵਾਸੀ ਪੰਛੀਆਂ ਦੀ ਆਮਦ ਵੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਡਲ ਤਹਿਤ ਪੰਚਾਇਤੀ ਜ਼ਮੀਨ ਲਈ ਸਿੰਚਾਈ ਵਾਸਤੇ ਪਾਣੀ ਉਪਲੱਬਧ ਹੋਣ ਸਦਕਾ ਪੰਚਾਇਤੀ ਦੀ ਆਮਦਨ ਵਿੱਚ ਵੀ ਵਾਧਾ ਹੋਇਆ ਹੈ। ਸੂਬੇ ਵਿੱਚੋਂ ਵੱਖ ਵੱਖ ਥਾਵਾਂ ਤੋਂ ਲੋਕ ਇਸ ਪ੍ਰੋਜੈਕਟ ਨੂੰ ਦੇਖਣ ਆਉਂਦੇ ਹਨ ਤੇ ਪਾਣੀ ਦੀ ਸੰਭਾਲ ਅਤੇ ਇਹ ਮਾਡਲ ਅਪਨਾਉਣ ਬਾਰੇ ਜਾਗਰੂਕ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਖੂਹ ਦੀ ਸਫਾਈ ਵੇਲੇ ਜਿਹੜੀ ਮਿੱਟੀ ਜਾਂ ਗਾਰ ਨਿਕਲੀ ਦੀ ਹੈ, ਉਸ ਦੀ ਵਰਤੋਂ ਪਿੰਡ ਦੇ ਆਲੇ ਦੁਆਲੇ ਦੇ ਟੋਏ ਭਰਨ ਜਾਂ ਸੜਕਾਂ ਦੇ ਬਰਮ ਉਤੇ ਪਾਉਣ ਲਈ ਕੀਤੀ ਜਾਂਦੀ ਹੈ। ਦਿੱਲੀ ਵਿਖੇ ਇਹ ਸਨਮਾਨ ਹਰਦਿਆਲ ਸਿੰਘ ਚੱਠਾ, ਡਿਪਟੀ ਡਾਇਰੈਕਟਰ , ਪੇਂਡੂ ਵਿਕਾਸ ਤੇ ਪੰਚਾਇਤ,ਭੁਪਿੰਦਰ ਸਿੰਘ ਬਧੌਛੀ, ਚੇਅਰਮੈਨ ਪੰਚਾਇਤੀ  ਰਾਜ ਸੰਗਠਨ, ਫਤਹਿਗੜ੍ਹ ਸਾਹਿਬ,ਬੀ ਡੀ ਪੀ ਓ ਹਰਕੀਤ ਸਿੰਘ ਅਤੇ ਪਰਵਿੰਦਰ ਸਿੰਘ ਪੰਚ ਨੇ ਹਾਸਲ ਕੀਤਾ।ਫੋਟੋ ਕੈਪਸ਼ਨ : ਪਿੰਡ ਬਧੌਛੀ ਕਲਾਂ ਲਈ ਸਨਮਾਨ ਪ੍ਰਾਪਤ ਕਰਦੇ ਹੋਏ ਹਰਦਿਆਲ ਸਿੰਘ ਚੱਠਾ, ਡਿਪਟੀ ਡਾਇਰੈਕਟਰ, ਪੇਂਡੂ ਵਿਕਾਸ ਤੇ ਪੰਚਾਇਤ, ਭੁਪਿੰਦਰ ਸਿੰਘ ਬਧੌਛੀ, ਚੇਅਰਮੈਨ ਪੰਚਾਇਤੀ  ਰਾਜ ਸੰਗਠਨ, ਫਤਹਿਗੜ੍ਹ ਸਾਹਿਬ,ਬੀ ਡੀ ਪੀ ਓ ਹਰਕੀਤ ਸਿੰਘ ਅਤੇ ਪਰਵਿੰਦਰ ਸਿੰਘ ਪੰਚ।