5 Dariya News

ਡਾ. ਹਰਸ਼ ਵਰਧਨ ਅਤੇ ਹਰਸਿਮਰਤ ਕੌਰ ਬਾਦਲ ਨੇ ਏਮਜ਼ ਬਠਿੰਡਾ ਵਿਖੇ ਓਪੀਡੀ ਸੇਵਾਵਾਂ ਦਾ ਉਦਘਾਟਨ ਕੀਤਾ

ਇਹ ਇੰਸਟੀਚਿਊਟ ਸਿਰਫ ਪੰਜਾਬ ਰਾਜ ਲਈ ਹੀ ਨਹੀਂ ਸਗੋਂ ਗੁਆਂਢੀ ਰਾਜਾਂ ਲਈ ਵੀ ਲਾਹੇਵੰਦ ਹੋਵੇਗਾ-ਡਾ. ਹਰਸ਼ ਵਰਧਨ

5 Dariya News

ਬਠਿੰਡਾ 23-Dec-2019

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ  ਮੰਤਰੀ ਡਾ. ਹਰਸ਼ ਵਰਧਨ ਅਤੇ  ਕੇਂਦਰੀ ਫੂਡ  ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਵਿਖੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਵਿਖੇ ਓਪੀਡੀ ਸੇਵਾਵਾਂ ਦਾ ਉਦਘਾਟਨ ਕੀਤਾ। ਏਮਜ਼ ਬਠਿੰਡਾ, ਪੰਜਾਬ ਲਈ ਪ੍ਰਵਾਨਗੀ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੀ ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ(ਪੀਐਮਐਸਐਸਵਾਈ) ਦੇ ਪਡ਼ਾਅ-5 ਵਿਚ ਜੁਲਾਈ, 2016 ਵਿਚ ਦਿੱਤੀ ਗਈ ਸੀ। ਪ੍ਰਾਜੈਕਟ ਦੀ ਕੁੱਲ ਲਾਗਤ 925 ਕਰੋਡ਼ ਰੁਪਏ ਹੋਵੇਗੀ ਅਤੇ ਇਸ ਨੂੰ ਜੂਨ, 2020 ਤੱਕ ਮੁਕੰਮਲ ਕੀਤਾ ਜਾਵੇਗਾ। ਏਮਜ਼ ਬਠਿੰਡਾ ਦਾ ਨੀਂਹ ਪੱਥਰ ਨਵੰਬਰ, 2016 ਵਿਚ ਰੱਖਿਆ ਗਿਆ ਸੀ। ਏਮਜ਼ ਬਠਿੰਡਾ 750 ਬਿਸਤਰਿਆਂ ਵਾਲਾ ਪ੍ਰੀਮੀਅਰ ਮੈਡੀਕਲ ਇੰਸਟੀਚਿਊਟ ਹੈ ਜੋ ਕਿ 177 ਏਕਡ਼ ਜ਼ਮੀਨ ਵਿਚ ਤਿਆਰ ਹੋ ਰਿਹਾ ਹੈ ਅਤੇ ਜਿਸ ਵਿਚ 10 ਸਪੈਸ਼ਿਲਟੀ ਅਤੇ 11 ਸੁਪਰ ਸਪੈਸ਼ਿਲਟੀ ਵਿਭਾਗ ਹਨ। ਇਸ ਵਿਚ 16 ਅਲਟਰਾ ਮਾਡਰਨ ਆਪ੍ਰੇਸ਼ਨ ਥੀਏਟਰ ਹੋਣਗੇ। ਇਸ ਵਿਚ 100 ਸੀਟਾਂ ਮੈਡੀਕਲ ਕਾਲਜ ਅਤੇ 60 ਸੀਟਾਂ ਨਰਸਿੰਗ ਕਾਲਜ ਵਿਚ ਹੋਣਗੀਆਂ। ਏਮਜ਼, ਬਠਿੰਡਾ ਦੇ ਐਮਬੀਬੀਐਸ ਦੇ ਪਹਿਲੇ ਬੈਚ ਦੀ ਸ਼ੁਰੂਆਤ ਇਸ ਸਾਲ ਆਰਜ਼ੀ ਤੌਰ ਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਰਵਿਸਿਜ਼ (ਬੀਐਫਯੂਐਚਐਸ), ਫਰੀਦਕੋਟ ਕੈਂਪਸ ਵਿਚ ਕਰ ਦਿੱਤੀ ਗਈ ਹੈ ਕਿਉਂਕਿ ਏਮਜ਼ ਦਾ ਬਠਿੰਡਾ ਕੈਂਪਸ ਉਸਾਰੀ ਅਧੀਨ ਹੈ। ਸਾਰੀਆਂ ਓਪੀਡੀਜ਼ ਸਵੇਰੇ 9 ਵਜੇ ਤੋਂ ਕੰਮ ਸ਼ੁਰੂ ਕਰਿਆ ਕਰਨਗੀਆਂ ਅਤੇ ਰਜਿਸਟ੍ਰੇਸ਼ਨ 8 ਵਜੇ ਸਵੇਰ ਤੋਂ 11 ਵਜੇ ਸਵੇਰ ਤੱਕ ਕੀਤੀ ਜਾਵੇਗੀ। ਪੈਥਾਲੋਜੀ, ਮਾਈਕ੍ਰੋਬਾਇਓਲੋਜੀ ਅਤੇ ਕੀਮੋਥੈਰੇਪੀ ਦਾ ਕੰਮ ਵੀ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਅੰਮ੍ਰਿਤ ਡਰਗ ਸਟੋਰ, ਜੋ ਕਿ ਭਾਰਤ ਸਰਕਾਰ ਦੀ ਇਕ ਪਹਿਲਕਦਮੀ ਹੈ, ਤੋਂ ਸਾਰੀਆਂ ਦਵਾਈਆਂ ਪ੍ਰਦਾਨ ਕਰਨ ਦਾ ਪ੍ਰਬੰਧ ਹੋਵੇਗਾ। ਇਹ ਦਵਾਈਆਂ ਸਸਤੀਆਂ ਦਰਾਂ ਉੱਤੇ ਮੁਹੱਈਆ ਹੋਣਗੀਆਂ। ਹੁਣ ਤੱਕ ਆਯੁਸ਼ਮਾਨ ਭਾਰਤ ਸਕੀਮ ਲਾਗੂ ਨਹੀਂ ਕੀਤੀ ਗਈ ਕਿਉਂਕਿ ਸਿਰਫ ਓਪੀਡੀ ਸੇਵਾਵਾਂ ਹੀ ਚਾਲੂ ਹੋਈਆਂ ਹਨ। ਇਹ ਸਕੀਮ ਇਨਡੋਰ ਸੇਵਾਵਾਂ ਵਿਚ ਨਵੰਬਰ, 2020 ਤੋਂ ਸ਼ੁਰੂ ਕੀਤੀ ਜਾਵੇਗੀ। ਪੀਜੀਆਈਐਮਈਆਰ, ਚੰਡੀਗਡ਼੍ਹ ਨੂੰ ਏਮਜ਼ ਬਠਿੰਡਾ ਨੂੰ ਸਲਾਹ ਦੇਣ ਦਾ ਜਿੰਮਾਂ ਸੌਂਪਿਆ ਗਿਆ ਹੈ।

ਇਸ ਮੌਕੇ ਤੇ ਬੋਲਦਿਆਂ ਡਾ. ਹਰਸ਼ ਵਰਧਨ ਨੇ ਕਿਹਾ ਕਿ ਇਹ ਇੰਸਟੀਚਿਊਟ ਸਿਰਫ ਪੰਜਾਬ ਦੇ ਲੋਕਾਂ ਲਈ ਹੀ ਨਹੀਂ ਸਗੋਂ ਗਵਾਂਢੀ ਰਾਜਾਂ ਲਈ ਵੀ ਲਾਹੇਵੰਦ ਹੋਵੇਗਾ। ਉਨ੍ਹਾਂ ਕਿਹਾ ਕਿ ਆਰਥੋਪੈਡਿਕ, ਜਨਰਲ ਸਰਜਰੀ ਜਿਸ ਵਿਚ ਸਰਜੀਕਲ ਓਨਕਾਲੋਜੀ ਅਤੇ ਯੂਰੋਲੋਜਿਸਟ ਪੈਡੀਐਟਰਿਕ ਸਰਜਰੀ ਕੰਸਲਟੇਸ਼ਨ, ਜਨਰਲ ਮੈਡੀਸਨ, ਈਐਨਟੀ, ਆਪਥੈਲਮੋਲੋਜੀ, ਸਾਈਕੈਟਰੀ, ਡਰਮੇਟਾਲੋਜੀ, ਆਬਸਟ੍ਰੈਟ੍ਰਿਕਸ ਅਤੇ ਗਾਇਨੀਕਾਲੋਜੀ, ਡੈਂਟਲ, ਰੇਡੀਆਲੋਜੀ (ਐਕਸਰੇ, ਅਲਟਰਾਸਾਊਂਡ ਅਤੇ ਕਲਰ ਡੋਪਲਰ ਬੇਸਿਕ ਬਾਇਓਕੈਮਿਸਟਰੀ ਅਤੇ ਬੇਸਿਕ ਹੇਮਾਟੇਲੋਜੀ ਟੈਸਟ) ਸੇਵਾਵਾਂ ਅੱਜ ਤੋਂ ਏਮਜ਼, ਬਠਿੰਡਾ ਵਿਚ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਕੋਈ ਐਮਰਜੈਂਸੀ ਸੇਵਾਵਾਂ ਜਾਂ ਇੰਡੋਰ ਸਹੂਲਤਾਂ ਨਹੀਂ ਹਨ ਪਰ ਇਹ ਵੀ ਨਵੰਬਰ, 2020 ਤੋਂ ਚਾਲੂ ਹੋ ਜਾਣਗੀਆਂ। ਇੰਸਟੀਚਿਊਟ ਵਿਚ ਇਕ ਵਿਸ਼ੇਸ਼ ਫੈਮਲੀ ਮੈਡੀਸਨ ਕਲੀਨਿਕ ਵੀ ਹੈ। ਏਮਜ਼ ਕੈਂਪਸ ਬਠਿੰਡਾ ਵਿਚ ਆਯੁਸ਼ ਸੈਂਟਰ ਵੀ ਹੋਵੇਗਾ। ਡਾ. ਹਰਸ਼ ਵਰਧਨ ਨੇ ਕਿਹਾ ਕਿ ਪੀਜੀਆਈਐਮਈਆਰ, ਚੰਡੀਗਡ਼੍ਹ ਦਾ ਇਕ ਸੈਟੇਲਾਈਟ ਸੈਂਟਰ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿਚ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਵਿਚ 22 ਏਮਜ਼ ਉੱਤੇ ਕੰਮ ਕਰ ਰਹੀ ਹੈ ਤਾਂ ਕਿ ਲੋਕਾਂ ਨੂੰ ਵਧੀਆ ਮੈਡੀਕਲ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ 157  ਨਵੇਂ ਮੈਡੀਕਲ ਕਾਲਜ ਦੇਸ਼ ਭਰ ਵਿਚ ਖੋਲ੍ਹੇ ਜਾ ਰਹੇ ਹਨ ਜਿਨ੍ਹਾਂ ਵਿਚੋਂ  75 ਮੈਡੀਕਲ ਕਾਲਜ ਦੇਸ਼ ਦੇ ਖਾਹਿਸ਼ੀ ਜ਼ਿਲ੍ਹਿਆਂ  ਵਿਚ ਹੋਣਗੇ। 1.5 ਲੱਖ ਸਿਹਤ ਅਤੇ ਵੈਲਨੈੱਸ ਸੈਂਟਰ ਦੇਸ਼ ਵਿਚ ਖੋਲ੍ਹੇ ਜਾ ਰਹੇ ਹਨ ਅਤੇ 20,000 ਹਸਪਤਾਲ ਆਯੁਸ਼ਮਾਨ ਭਾਰਤ ਯੋਜਨਾ ਨਾਲ ਰਜਿਸਟਰਡ ਕੀਤੇ ਗਏ ਹਨ ਅਤੇ 70 ਲੱਖ ਮਰੀਜ਼ਾਂ ਨੇ ਮੈਡੀਕਲ ਸਹੂਲਤਾਂ ਦਾ ਲਾਭ ਉਠਾਇਆ ਹੈ।ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਏਮਜ਼ ਨੇ ਅਡਵਾਂਸਡ ਸੁਪਰ ਸਪੈਸ਼ਿਲਟੀ ਸਿਹਤ ਸੰਭਾਲ ਦੀ ਸਹੂਲਤ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਮਾਲਵਾ ਖੇਤਰ ਵਿਚ ਮੁਹੱਈਆ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਕਲ੍ਹ ਦੁਪਹਿਰ 12.30 ਵਜੇ ਤੋਂ 750 ਬਿਸਤਰਿਆਂ ਵਾਲੇ ਇੰਸਟੀਚਿਊਟ ਵਿਚ ਸੇਵਾਵਾਂ ਪ੍ਰਦਾਨ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਅਤੇ 9 ਕਲੀਨਿਕਲ ਅਤੇ 3 ਮੁਢਲੀਆਂ ਸਹੂਲਤਾਂ ਆਮ ਜਨਤਾ ਨੂੰ ਸਸਤੀਆਂ ਦਰਾਂ ਉੱਤੇ ਮੁਹੱਈਆ ਹੋਣਗੀਆਂ। 

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼ੁਰੂ ਵਿਚ ਓਪੀਡੀ ਸੇਵਾਵਾਂ ਤਕਰੀਬਨ 1000 ਮਰੀਜ਼ਾਂ ਨੂੰ ਪ੍ਰਤੀ ਦਿਨ ਮੁਹੱਈਆ ਹੋਣਗੀਆਂ ਅਤੇ ਸਮੇਂ ਦੇ ਨਾਲ ਨਾਲ ਇਸ ਨੂੰ 5,000 ਮਰੀਜ਼ਾਂ ਤੱਕ ਪਹੁੰਚਾਇਆ ਜਾਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਸਾਰਾ ਇੰਸਟੀਚਿਊਟ ਅਗਲੇ ਸਾਲ ਅਗਸਤ ਮਹੀਨੇ ਤੱਕ ਚਾਲੂ ਹੋ ਜਾਵੇਗਾ। ਇਸ ਵਿਚ 750 ਬਿਸਤਰਿਆਂ ਦੇ ਇਨ-ਪੇਸ਼ੈਂਟ ਵਿਭਾਗ ਦਾ ਪ੍ਰਬੰਧ ਹੋਵੇਗਾ। ਉਨ੍ਹਾਂ ਕਿਹਾ ਕਿ 4 ਸੁਪਰ ਸਪੈਸ਼ਿਲਟੀ ਵਿਭਾਗ ਯੂਰੋਲੋਜੀ, ਪੈਡੀਐਟਰਿਕ ਸਰਜਰੀ, ਸਰਜੀਕਲ ਓਨਕੋਲੋਜੀ ਅਤੇ ਨਿਊਰੋਲੋਜੀ ਜਲਦੀ ਹੀ ਡਾਕਟਰਾਂ ਦੇ ਆਉਣ ਨਾਲ ਕੰਮ ਕਰਨਾ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ 45 ਬਿਸਤਰਿਆਂ ਵਾਲਾ ਇਕ ਟ੍ਰਾਮਾ ਸੈਂਟਰ ਅਗਲੇ ਸਾਲ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਤੋਂ ਇਲਾਵਾ ਮੈਡੀਕਲ ਅਤੇ ਨਰਸਿੰਗ ਕਾਲਜ ਵੀ ਕੰਮ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਜਿਸ ਨੇ ਕਿ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਨੂੰ ਅਗਲੇ ਸਾਲ ਬਠਿੰਡਾ ਤਬਦੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਪਾਰਟੀ ਲੀਹਾਂ ਤੋਂ ਉੱਪਰ ਉਠ ਕੇ ਦੇਸ਼ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਅਤੇ "ਸਬ ਕਾ ਸਾਥ, ਸਬ ਕਾ ਵਿਕਾਸ ਅਤੇ ਸਬ ਕਾ ਵਿਸ਼ਵਾਸ" ਦੇ ਮੰਤਰ ਨੂੰ ਅਪਣਾਉਣ।ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੁਪਰ ਸਪੈਸ਼ਿਲਟੀ ਸੇਵਾਵਾਂ ਯਕੀਨੀ ਬਣਾਉਣ ਲਈ ਮਾਲਵਾ ਖੇਤਰ ਨੂੰ ਸਸਤੀਆਂ ਦਰਾਂ ਉੱਤੇ ਇਲਾਜ ਸਹੂਲਤਾਂ ਲਈ ਬਠਿੰਡਾ ਨੂੰ ਏਮਜ਼ ਦੇਣ ਉੱਤੇ ਧੰਨਵਾਦ ਕਰਦੇ ਹੋਏ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਇਹ ਤਸੱਲੀ ਦੀ ਗੱਲ ਹੈ ਕਿ ਬਠਿੰਡਾ ਏਮਜ਼ ਦੀ ਸਹੂਲਤ ਦੇਸ਼ ਵਿਚ ਪ੍ਰਵਾਨਤ 13 ਏਮਜ਼ ਸਹੂਲਤਾਂ ਵਿਚੋਂ ਪਹਿਲੀ ਹੈ। ਦੋਹਾਂ ਮੰਤਰੀਆਂ ਨੇ ਏਮਜ਼ ਦੇ ਨਵੇਂ ਖੁਲ੍ਹੇ ਓਪੀਡੀ ਬਲਾਕਾਂ ਦਾ ਦੌਰਾ ਵੀ ਕੀਤਾ।ਪੰਜਾਬ ਦੇ ਮੈਡੀਕਲ ਵਿੱਦਿਆ ਅਤੇ ਖੋਜ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਏਮਜ਼ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਅਤੇ ਯਕੀਨ ਦਿਵਾਇਆ ਕਿ ਪੰਜਾਬ ਸਰਕਾਰ ਇਸ ਨੂੰ ਪੂਰਾ ਸਹਿਯੋਗ ਅਤੇ ਸਹਾਇਤਾ ਦੇਵੇਗੀ ਤਾਂਕਿ ਸਭ ਲਈ ਸਿਹਤ ਦਾ ਟੀਚਾ ਪੂਰਾ ਹੋ ਸਕੇ। ਸ਼੍ਰੀ ਸੁਖਬੀਰ ਸਿੰਘ ਬਾਦਲ ਐਮਪੀ, ਸ਼੍ਰੀ ਬਲਵਿੰਦਰ ਸਿੰਘ ਭੂੰਦਡ਼ ਐਮਪੀ, ਸ਼੍ਰੀ ਸੁਨੀਲ ਸ਼ਰਮਾ ਜਾਇੰਟ ਸਕੱਤਰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਪ੍ਰੋਫੈਸਰ ਜਗਤ ਰਾਮ, ਡਾਇਰੈਕਟਰ ਪੀਜੀਆਈਐਮਈਆਰ, ਚੰਡੀਗਡ਼੍ਹ ਨੇ ਵੀ ਇਸ ਮੌਕੇ ਤੇ ਵਿਚਾਰ ਰੱਖੇ।