5 Dariya News

ਧੀਆਂ ਨੂੰ ਜੀ ਆਇਆਂ ਕਹਿਣ ਦੀ ਨਿਵੇਕਲੀ ਪਹਿਲ,ਨਵਜਨਮੀਆਂ ਧੀਆਂ ਦੇ ਨਾਲ ਦਾਦੀਆਂ ਨੂੰ ਵੀ ਮਿਲੇਗਾ ਸਨਮਾਨ

ਡੀ ਸੀ ਵਿਨੈ ਬਬਲਾਨੀ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਨਵੀਂ ਪਹਿਲ

5 Dariya News

ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 23-Dec-2019

ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ, ਵਿਨੈ ਬਬਲਾਨੀ ਨੇ ਧੀਆਂ ਦੇ ਜਨਮ ਨੂੰ ਪਰਿਵਾਰਾਂ ’ਚ ਖਿੜੇ ਮੱਥੇ ਜੀ ਆਇਆਂ ਆਖਣ ਲਈ ਜ਼ਿਲ੍ਹੇ ’ਚ ਨਿਵੇਕਲੀ ਪਹਿਲ ਕੀਤੀ ਗਈ ਹੈ। ਉਨ੍ਹਾਂ ਵੱਲੋਂ ਅੱਜ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਨਵਜਨਮੀਆਂ ਧੀਆਂ ਪ੍ਰਤੀ ਪਰਿਵਾਰ ਦੇ ਬਜ਼ੁਰਗਾਂ ਦੀ ਰੂੜੀਵਾਦੀ ਸੋਚ ਨੂੰ ਤਬਦੀਲ ਕਰਨ ਦੇ ਮੰਤਵ ਨਾਲ ਧੀਆਂ ਦੇ ਜਨਮ ਮੌਕੇ ਦਾਦੀਆਂ ਨੂੰ ਸਨਮਾਨਿਤ ਕਰਦ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ।‘ਮੇਰੀ ਧੀ ਮੇਰਾ ਮਾਣ’ ਮੁਹਿੰਮ ਦੀ ਸ਼ੁਰੂਆਤ ਮੌਕੇ ਅੱਜ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵੱਲੋਂ 11 ਨਵ ਜਨਮੀਆਂ ਧੀਆਂ ਨੂੰ ਅਤੇ ਉਨ੍ਹਾਂ ਦੀਆਂ ਦਾਦੀਆਂ ਨੂੰ ਗਿਫ਼ਟ ਕਿੱਟਾਂ ਅਤੇ ਸ਼ਾਲਾਂ ਦੇ ਤੋਹਫ਼ੇ ਦੇ ਕੇ ਸਨਮਾਨਿਆ ਗਿਆ।ਉਨ੍ਹਾਂ ਸਥਾਨਕ ਡੀ ਸੀ ਦਫ਼ਤਰ ਵਿਖੇ ਇਸ ਸਬੰਧੀ ਕੀਤੇ ਸੰਖੇਪ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁਤੇ ਘਰਾਂ ’ਚ ਦੇਖਿਆ ਗਿਆ ਹੈ ਕਿ ਅੱਜ ਦੀ ਪੀੜ੍ਹੀ ਤਾਂ ਧੀਆਂ ਨੂੰ ਖਿੜੇ ਮੱਥੇ ਜੀ ਆਇਆਂ ਆਖਣ ਨੂੰ ਤਿਆਰ ਹੁੰਦੀ ਹੈ ਪਰ ਘਰ ਦੀਆਂ ਬਜ਼ੁਰਗ ਔਰਤਾਂ ਦੀ ਰੂੜੀਵਾਦੀ ਸੋਚ ਕਾਰਨ, ਨਵ ਜਨਮੀਆਂ ਧੀਆਂ ਦੇ ਆਗਮਨ ’ਤੇ ਨਾ ਤਾਂ ਖੁਸ਼ੀ ਮਨਾਈ ਜਾਂਦੀ ਹੈ ਅਤੇ ਨਾ ਹੀ ਸ਼ਗਨ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਧੀਆਂ ਨੂੰ ਭਾਰ ਮੰਨਣ ਦੀ ਉਸ ਰੂੜੀਵਾਦੀ ਸੋਚ ’ਚ ਬਦਲਾਅ ਲਿਆਉਣ ਲਈ ਜ਼ਿਲ੍ਹਾ ਪੱਧਰ ’ਤੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਬਣੀ ਟਾਸਕ ਫ਼ੋਰਸ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਲੜੀ ’ਚ ਪੁਰਾਣੀਆਂ ਬਜ਼ੁਰਗ ਔਰਤਾਂ ਨੂੰ ਸਨਮਾਨ ਦੇ ਕੇ, ਧੀਆਂ ਦੇ ਆਗਮਨ ਪ੍ਰਤੀ ਹਾਂ-ਪੱਖੀ ਸੋਚ ਅਪਨਾਉਣ ਦਾ ਯਤਨ ਆਰੰਭਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਧੀ ਵਿਸ਼ਵ ਪੱਧਰ ’ਤੇ ਹਰ ਖੇਤਰ ’ਚ ਪੁਰਸ਼ਾਂ ਤੋਂ ਵੀ ਅੱਗੇ ਲੰਘ ਚੁੱਕੀ ਹੈ ਅਤੇ ਸਾਨੂੰ ਆਪਣੀ ਪੁਰਾਣੀ ਸੋਚ ਕਿ ਇਕੱਲੀ ਲੜਕੀ ਕੀ ਕਰੇਗੀ, ਨੂੰ ਹੁਣ ਬਦਲਣਾ ਪਵੇਗਾ।ਉਨ੍ਹਾਂ ਦੱਸਿਆ ਕਿ ਇਹ ਸਨਮਾਨ ਅਸਲ ਵਿੱਚ ਘਰ ’ਚ ਆਈ ਨਵ ਜਨਮੀ ਧੀ ਦਾ ਹੈ, ਜਿਸ ਨਾਲ ਉਸ ਦੀ ਦਾਦੀ ਨੂੰ ਵੀ ਸਤਕਿਾਰ ਮਿਲ ਰਿਹਾ ਹੈ। 

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਇੱਕ-ਇੱਕੋ ਉਦੇਸ਼ ਘਰ ਦੀਆਂ ਬਜ਼ੁਰਗ ਔਰਤਾਂ ਤੱਕ ਇਹ ਸੰਦੇਸ਼ ਪਹੁੰਚਾਉਣਾ ਹੈ ਕਿ ਪੁੱਤ ਹੋਵੇ ਜਾਂ ਧੀ, ਦੋਵਾਂ ਨੂੰ ਇੱਕ ਬਰਾਬਰ ਸਮਝਿਆ ਜਾਵੇ ਅਤੇ ਉਨ੍ਹਾਂ ਦੇ ਜਨਮ ਦੀਆਂ ਇੱਕੋ-ਜਿਹੀਆਂ ਖੁਸ਼ੀਆਂ ਮਨਾਈਆਂ ਜਾਣ। ਉਨ੍ਹਾਂ ਦੱਸਿਆ ਸ਼ੁਰੂਆਤੀ ਤੌਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਹਜ਼ਾਰ ਗਿਫ਼ਟ-ਕਿੱਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਰਸਮੀ ਤੌਰ ’ਤੇ ਮੁਹਿੰਮ ਦੀ ਸ਼ੁਰੂਆਤ ਬਾਅਦ ਹੁਣ ਬਲਾਕ ਪੱਧਰ ’ਤੇ ਉੱਪ ਮੰਡਲ ਮੈਜਿਸਟ੍ਰੇਟਾਂ (ਐਸ ਡੀ ਐਮਜ਼) ਦੀ ਅਗਵਾਈ ਹੇਠ ਸਮਾਗਮ ਕਰਕੇ ਨਵਜਨਮੀਆਂ ਧੀਆਂ ਨੂੰ ਸਨਮਾਨਿਆ ਜਾਵੇਗਾ ਅਤੇ ਜਾਗਰੂਕਤਾ ਪ੍ਰੋਗਰਾਮ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਸਾਨੂੰ ਪੁਤਰਾਂ ਵਾਂਗ ਧੀਆਂ ਦੀ ਖੁਸ਼ੀ ’ਚ ਵੀ ਲੋਹੜੀ ਬਾਲਣ ਦੀ ਲੋੜ ਹੈ ਤਾਂ ਜੋ ਸਾਡੀ ਸੋਚ ’ਤੇ ਪਸਰੀ ਧੁੰਦ ਹਟ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਆਪਣੇ ਪੱਧਰ ’ਤੇ ਜ਼ਿਲ੍ਹੇ ’ਚ ਧੀਆਂ ਦੀ ਲੋਹੜੀ ਬਾਲੀ ਜਾਵੇਗੀ ਅਤੇ ਵੱਡੇ ਪੱਧਰ ’ਤੇ ਮਨਾਈ ਜਾਵੇਗੀ।ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜੀਤ ਕੌਰ, ਸੀ ਡੀ ਪੀ ਓ ਪਰਵਿੰਦਰ ਕੌਰ, ਸੁਪਰਵਾਈਜ਼ਰਾਂ ਅਤੇ ਆਂਗਨਵਾੜੀ ਵਰਕਰਾਂ ਤੋਂ ਇਲਾਵਾ ਨਵਜਨਮੀਆਂ 11 ਬੱਚੀਆਂ ਦੀਆਂ ਮਾਤਾਵਾਂ ਤੇ ਦਾਦੀਆਂ ਵੀ ਮੌਜੂਦ ਸਨ।ਅੱਜ ਜਿਨ੍ਹਾਂ ਨਵਜਨਮੀਆਂ ਧੀਆਂ ਨੂੰ ਗਿਫ਼ਟ ਕਿੱਟਾਂ ਤੇ ਉਨ੍ਹਾਂ ਦੀਆਂ ਦਾਦੀਆਂ/ਘਰ ਦੀਆਂ ਬਜ਼ੁਰਗ ਔਰਤਾਂ ਨੂੰ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ, ਉਨ੍ਹਾਂ ’ਚ ਸ਼ਾਇਨਾ ਪੁੱਤਰੀ ਲਕਸ਼ਮੀ ਪੰਡੋਰਾ ਮੁਹੱਲਾ ਨਵਾਂਸ਼ਹਿਰ, ਰੁਕਸਾਨਾ ਪੁੱਤਰੀ ਅਮਨਦੀਪ ਕੌਰ ਵਾਰਡ ਨੰ. 13 ਨਵਾਂਸ਼ਹਿਰ, ਨਾਇਰਾ ਪੁੱਤਰੀ ਪੂਜਾ ਵਾਰਡ ਨੰ. 13 ਨਵਾਂਸ਼ਹਿਰ, ਅਨੰਨਿਆ ਪੁੱਤਰੀ ਅਮਨਦੀਪ ਕੌਰ ਵਾਰਡ ਨੰ. 3 ਨਵਾਂਸ਼ਹਿਰ, ਗੁਰਸੀਰਤ ਕੌਰ ਪੁੱਤਰੀ ਭਵਨਦੀਪ ਕੌਰ ਵਾਰਡ ਨੰ. 14 ਨਵਾਂਸ਼ਹਿਰ, ਖੁਸ਼ੀ ਪੁੱਤਰੀ ਚਾਂਦਨੀ ਵਾਰਡ ਨੰ. 2 ਨਵਾਂਸ਼ਹਿਰ, ਜਪਨੀਤ ਕੌਰ ਪੁੱਤਰੀ ਭੁਪਿੰਦਰ ਕੌਰ ਵਾਹਿਗੁਰੂ ਨਗਰ ਨਵਾਂਸ਼ਹਿਰ, ਅੰਜਲੀ ਪੁੱਤਰੀ ਪੂਜਾ ਵਾਰਡ ਨੰ. 10 ਨਵਾਂਸ਼ਹਿਰ, ਪੱਲਵੀ ਪੁੱਤਰੀ ਸੁਮਨ ਵਾਰਡ ਨੰ. 1 ਨਵਾਂਸ਼ਹਿਰ, ਅਨਾਮਿਕਾ ਪੁੱਤਰੀ ਆਰਤੀ ਵਾਰਡ ਨੰ. 10 ਨਵਾਂਸ਼ਹਿਰ, ਪਰੀ ਪੁੱਤਰੀ ਮਮਤਾ ਵਾਰਡ ਨੰ. 9 ਨਵਾਂਸ਼ਹਿਰ ਅਤੇ ਰਾਧਿਕਾ ਪੁੱਤਰੀ ਮਨਦੀਪ ਕੌਰ ਵਾਰਡ ਨੰ. 3 ਸ਼ਾਮਿਲ ਹਨ।