5 Dariya News

ਸੂਬੇ ਭਰ ਚ 1500 ਮੁਫ਼ਤ ਕੈਂਸਰ ਚੈਕਅੱਪ ਕੈਂਪ ਲਗਾਏ ਜਾਣਗੇ: ਡਾ. ਨਵਜੋਤ ਕੌਰ ਸਿੱਧੂ

ਹਰ ਕੈਂਪ ਚ 2500 ਵਿਅਕਤੀਆਂ ਦੇ ਚੈਕਅੱਪ ਦੀ ਹੋਵੇਗੀ ਸਹੂਲਤ

5 ਦਰਿਆ ਨਿਊਜ਼

ਚੰਡੀਗੜ 25-Nov-2013

ਪੰਜਾਬ ਸਰਕਾਰ ਵਲੋਂ 'ਰੋਕੋ ਕੈਂਸਰ ਟਰੱਸਟ, ਲੰਡਨ' ਦੇ ਸਹਿਯੋਗ ਨਾਲ ਸੂਬੇ ਭਰ 'ਚ 1500 ਮੁਫ਼ਤ ਕੈਂਸਰ ਚੈਕਅੱਪ ਕੈਂਪ ਲਗਾਏ ਜਾਣਗੇ ਤਾਂ ਜੋ ਸੂਬੇ ਦੇ ਲੋਕਾਂ ਖ਼ਾਸਕਰ ਔਰਤਾਂ ਨੂੰ ਕੈਂਸਰ ਬਾਰੇ ਜਾਗਰੂਕ ਕੀਤਾ ਜਾ ਸਕੇ ਅਤੇ ਬੀਮਾਰੀ ਬਾਰੇ ਪਤਾ ਲੱਗਣ 'ਤੇ ਉਸਦਾ ਸਹੀ ਇਲਾਜ਼ ਸੰਭਵ ਬਣਾਇਆ ਜਾ ਸਕੇ। ਇਹ ਪ੍ਰਗਟਾਵਾ ਸਿਹਤ ਵਿਭਾਗ, ਪੰਜਾਬ ਦੇ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਅੱਜ ਇੱਥੇ ਹੋਈ ਪ੍ਰੈਸ ਕਾਨਫਰੰਸ ਦੌਰਾਨ ਕੀਤਾ।ਡਾ. ਸਿੱਧੂ ਨੇ ਦੱਸਿਆ ਕਿ ਕੈਂਸਰ ਵਰਗੀ ਘਾਤਕ ਬੀਮਾਰੀ ਬਾਰੇ ਜਾਗਰੂਕਤਾ ਇਸ ਬੀਮਾਰੀ ਤੋਂ ਬਚਣ ਦੀ ਇੱਕ ਅਹਿਮ ਕੜੀ ਸਿੱਧ ਹਵੇਗੀ। ਉਨਾਂ ਕਿਹਾ ਕਿ ਸੂਬਾ ਸਰਕਾਰ 'ਰੋਕੋ ਕੈਂਸਰ ਟਰੱਸਟ, ਲੰਡਨ' ਵਰਗੀ ਹਰ ਹਮਖ਼ਿਆਲ ਸੰਸਥਾ ਨਾਲ ਜੁੜਕੇ ਕੰਮ ਕਰਨ ਨੂੰ ਤਿਆਰ ਹੈ, ਜੋ ਸੂਬੇ 'ਚੋਂ ਇਸ ਖ਼ਤਰਨਾਕ ਬੀਮਾਰੀ ਪ੍ਰਤੀ ਜਾਗਰੂਕਤਾ ਕਰਨ ਅਤੇ ਖ਼ਾਤਮੇ ਲਈ ਤਤਪਰ ਹੈ। ਉਨਾਂ ਕਿਹਾ ਕਿ ਸਰਕਾਰ ਵਲੋਂ 'ਰੋਕੋ ਕੈਂਸਰ ਟਰੱਸਟ, ਲੰਡਨ' ਦੇ ਸਹਿਯੋਗ ਨਾਲ ਪੰਜਾਬ ਭਰ 'ਚ 1500 ਕੈਂਸਰ ਚੈਕਅੱਪ ਕੈਂਪ ਲਗਾਏ ਜਾਣਗੇ। ਉਨਾਂ ਦੱਸਿਆ ਕਿ ਹਰ ਕੈਂਪ 'ਚ 2500 ਵਿਅਕਤੀਆਂ ਦੇ ਚੈਕਅੱਪ ਦੀ ਸਹੂਲਤ ਹੋਵੇਗੀ ਅਤੇ ਬੀਮਾਰੀ ਸਾਹਮਣੇ ਆਉਣ 'ਤੇ ਪੀੜਤ ਨੂੰ ਗਾਈਡ ਕਰਕੇ ਉਸਦਾ ਸਹੀ ਢੰਗ ਨਾਲ ਇਲਾਜ ਕਰਵਾਇਆ ਜਾਵੇਗਾ। ਉਨਾਂ ਦੱਸਿਆ ਕਿ 2015 ਤੱਕ ਹਰ ਸੂਬਾ ਵਾਸੀ ਦਾ ਕੈਂਸਰ ਸਬੰਧੀ ਚੈਕਅੱਪ ਕਰਨਾ ਸਰਕਾਰ ਅਤੇ ਟਰੱਸਟ ਦਾ ਟੀਚਾ ਹੈ, ਜਿਸਨੂੰ ਅਸੀਂ ਸਮੇਂ ਸਿਰ ਹਾਸਲ ਕਰਨ ਦਾ ਹਰ ਸੰਭਵ ਯਤਨ ਕਰਾਂਗੇ।

ਦਾਨ ਨੂੰ ਸਿਹਤ ਅਤੇ ਸਿੱਖਿਆ ਲਈ ਸਭ ਤੋਂ ਅਹਿਮ ਕਰਾਰ ਦਿੰਦਿਆਂ ਡਾ. ਸਿੱਧੂ ਨੇ ਦੱਸਿਆ ਕਿ ਇਨਾਂ ਕੈਂਪਾਂ 'ਚ ਔਰਤਾਂ 'ਚ ਛਾਤੀ ਦਾ ਕੈਂਸਰ, ਓਰਲ ਕੈਂਸਰ, ਸਰਵਾਈਕਲ ਕੈਂਸਰ ਸਮੇਤ ਕਈ ਹੋਰ ਤਰਾਂ ਦੇ ਕੈਂਸਰਾਂ ਦੇ ਟੈਸਟ ਅਤੇ ਹੋਰ ਟੈਸਟ ਮੁਫ਼ਤ ਕੀਤੇ ਜਾਣਗੇ। ਉਨਾਂ ਕਿਹਾ ਕਿ ਜੇਕਰ ਕੈਂਸਰ ਬਾਰੇ ਸਹੀ ਸਮੇਂ ਪਤਾ ਲੱਗ ਜਾਵੇ ਤਾਂ ਕੈਂਸਰ ਦਾ ਇਲਾਜ਼ ਸੰਭਵ ਹੈ। ਉਨਾਂ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਔਰਤ ਤੇ ਆਦਮੀ ਇਨਾਂ ਕੈਂਪਾਂ ਦਾ ਲਾਹਾ ਲੈਣ ਅਤੇ ਆਪਣੀ ਜਾਂਚ ਕਰਵਾਉਣ ਤਾਂ ਜੋ ਸਮਾਂ ਰਹਿੰਦੇ ਹੋਏ ਇਸ ਨਾਮੁਰਾਦ ਬੀਮਾਰੀ ਤੋਂ ਬਚਿਆ ਜਾ ਸਕੇ।ਸ੍ਰੀ ਕੁਲਵੰਤ ਸਿੰਘ ਧਾਲੀਵਾਲ, ਚੇਅਰਪਰਸਨ, 'ਰੋਕੋ ਕੈਂਸਰ ਟਰੱਸਟ, ਲੰਡਨ' ਨੇ ਦੱਸਿਆ ਕਿ ਸਾਡੀ ਸੰਸਥਾ 27 ਦੇਸਾਂ ਅਤੇ ਭਾਰਤ ਦੇ 19 ਰਾਜਾਂ 'ਚ ਕੰਮ ਕਰ ਰਹੀ ਹੈ ਅਤੇ ਸਾਡਾ ਉਦੇਸ਼ ਕੈਂਸਰ ਦੀ ਮੁੱਢਲੀ ਸਟੇਜ 'ਤੇ ਜਾਂਚ ਕਰਨਾ ਅਤੇ ਬੀਮਾਰੀ ਪ੍ਰਤੀ ਵੱਧ ਤੋਂ ਵੱਧ ਜਾਣਕਾਰੀ ਦੇਣਾ ਹੈ। ਉਨਾਂ ਕਿਹਾ ਕਿ ਸਾਡੀ ਸੰਸਥਾ ਪੰਜਾਬ 'ਚ 1700 ਕੈਂਸਰ ਚੈਕਅੱਪ ਕੈਂਪ ਲਗਾ ਚੁੱਕੀ ਹੈ ਜਦਕਿ ਹੁਣ ਸੰਸਥਾ ਅਤੇ ਪੰਜਾਬ ਸਰਕਾਰ ਆਪਸੀ ਸਹਿਯੋਗ ਨਾਲ 1500 ਕੈਂਪ ਹੋਰ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਕੈਂਸਰ ਦੀ ਬੀਮਾਰੀ ਸਾਹਮਣੇ ਆਉਣ 'ਤੇ ਮਰੀਜ਼ ਨੂੰ ਪੰਜਾਬ ਸਰਕਾਰ ਦੇ ਸਹਿਯੋਗ ਨਾਲ 1 ਲੱਖ 50 ਹਜ਼ਾਰ ਤੱਕ ਦਾ ਇਲਾਜ਼ ਮੁਹੱਈਆ ਕਰਵਾਇਆ ਜਾਵੇਗਾ। ਉਨਾਂ ਦੱਸਿਆ ਕਿ ਸੰਸਥਾ ਨੇ ਸੂਬੇ ਭਰ 'ਚ ਕੈਂਪਾਂ ਬਾਰੇ ਜਾਗਰੂਕ ਕਰਨ ਲਈ 1 ਕਰੋੜ ਪੈਫਲੈਂਟ ਵੰਡੇ ਜਾਣਗੇ, ਇਸ ਤੋਂ ਇਲਾਵਾ ਔਰਤਾਂ ਲਈ ਉਚੇਚੇ ਤੌਰ 'ਤੇ 1 ਕਰੋੜ ਤੋਂ ਵੱਧ ਸਵੈ-ਨਿਰੀਖਣ ਦਸਤਾਨੇ (ਸੈਲਫ਼ ਐਗਜ਼ਾਮਿਨ ਗਲੱਬਜ਼) ਉਪਲੱਬਧ ਕਰਵਾਏ ਜਾਣਗੇ, ਜੋ ਕੈਂਸਰ ਛਾਤੀ ਦੇ ਕੈਂਸਰ ਬਾਰੇ ਮੁੱਢਲੀ ਸਟੇਜ 'ਤੇ ਜਾਣਕਾਰੀ ਦੇਣ 'ਚ ਸਹਾਈ ਹੋਣਗੇ।