5 Dariya News

ਸਾਲਾਨਾ ਯੋਜਨਾ 2014-15 ਚ ਵਿਕਾਸ ਤੇ ਲੋਕ ਪੱਖੀ ਸਕੀਮਾਂ ਤੇ ਵਿਸ਼ੇਸ਼ ਧਿਆਨ

ਪ੍ਰੋ. ਭੰਡਾਰੀ ਨੇ ਵੱਖ-ਵੱਖ ਵਿਭਾਗਾਂ ਨਾਲ ਕੀਤੀ ਤਿੰਨ ਦਿਨਾਂ ਮੀਟਿੰਗਾਂ

5 ਦਰਿਆ ਨਿਊਜ਼

ਚੰਡੀਗੜ੍ਹ 15-Nov-2013

ਪੰਜਾਬ ਸਰਕਾਰ ਵੱਲੋਂ ਸਾਲਾਨਾ ਯੋਜਨਾ 2014-15 'ਚ ਸਮਾਜ ਭਲਾਈ, ਲੋਕ ਪੱਖੀ ਅਤੇ ਵਿਕਾਸ ਸਕੀਮਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਆਗਾਮੀ ਵਿੱਤੀ ਵਰ੍ਹੇ 'ਚ ਵਿਕਾਸ ਅਤੇ ਲੋਕ ਭਲਾਈ ਸਕੀਮਾਂ ਲਈ ਰੱਖੀ ਜਾਣ ਵਾਲੀ ਰਾਸ਼ੀ ਵੱਲ ਖਾਸ ਤਵੱਜੋਂ ਦਿੱਤੀ ਜਾ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਰਾਜ ਯੋਜਨਾ ਬੋਰਡ ਦੇ ਉਪ ਚੇਅਰਮੈਨ ਪ੍ਰੋ. ਰਾਜਿੰਦਰ ਭੰਡਾਰੀ ਨੇ ਕੀਤਾ।ਸਾਲਾਨਾ ਯੋਜਨਾ 2014-15 ਦੀ ਬਣਤਰ ਸਬੰਧੀ ਪੰਜਾਬ ਦੇ ਵੱਖ-ਵੱਖ ਵਿਭਾਗਾਂ ਨਾਲ ਤਿੰਨ ਦਿਨਾਂ ਤੱਕ ਚੱਲੀ ਦੋ-ਪੱਖੀ ਮੀਟਿੰਗ ਦੀ ਪ੍ਰਧਾਨਗੀ ਮੌਕੇ ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਖਾਸ ਹਦਾਇਤਾਂ ਦਿੱਤੀਆਂ ਕਿ ਸੂਬੇ ਦੇ ਵਿਕਾਸ ਅਤੇ ਸਮਾਜ ਭਲਾਈ ਦੀਆਂ ਸਕੀਮਾਂ ਨੂੰ ਪਹਿਲ ਦਿੱਤੀ ਜਾਵੇ। ਇੱਥੇ ਪੰਜਾਬ ਰਾਜ ਯੋਜਨਾ ਬੋਰਡ ਦੇ ਦਫਤਰ ਵਿਖੇ 13 ਤੋਂ 15 ਨਵੰਬਰ ਤੱਕ ਉਨ੍ਹਾਂ 21 ਦੇ ਕਰੀਬ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਾਲਾਨਾ ਯੋਜਨਾ ਸਬੰਧੀ ਪ੍ਰਾਪਤ ਹੋਈਆਂ ਤਜਵੀਜ਼ਾਂ 'ਤੇ ਵਿਚਾਰ-ਚਰਚਾ ਕੀਤੀ।

ਕਾਬਿਲੇਗੌਰ ਹੈ ਕਿ ਸਾਲਾਨਾ ਯੋਜਨਾ 2014-15 ਸਬੰਧੀ ਦਸਤਾਵੇਜ ਤਿਆਰ ਕਰਕੇ 31 ਦਸੰਬਰ 2013 ਤੱਕ ਯੋਜਨਾ ਕਮਿਸ਼ਨ, ਭਾਰਤ ਸਰਕਾਰ ਨੂੰ ਭੇਜਿਆ ਜਾਣਾ ਹੈ। ਇਸ ਲਈ ਪ੍ਰਬੰਧਕੀ ਵਿਭਾਗਾਂ ਨਾਲ ਕੀਤੀ ਇਹ ਮੀਟਿੰਗ ਕਾਫੀ ਅਹਿਮ ਮੰਨੀ ਜਾ ਰਹੀ ਹੈ। ਤਿੰਨ ਦਿਨਾਂ ਇਨ੍ਹਾਂ ਮੀਟਿੰਗਾਂ 'ਚ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ, ਜੰਗਲਾਤ, ਵਿਕਾਸ, ਸਥਾਨਕ ਸਰਕਾਰਾਂ, ਜਲ ਸਪਲਾਈ ਅਤੇ ਸੈਨੀਟੇਸ਼ਨ, ਪੇਂਡੂ ਵਿਕਾਸ ਤੇ ਪੰਚਾਇਤਾਂ, ਸਨਅਤ ਤੇ ਵਣਜ, ਸਕੂਲ ਸਿੱਖਿਆ, ਖੇਡਾਂ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਭਲਾਈ, ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਭਲਾਈ, ਸਿੰਚਾਈ, ਸਿਹਤ ਤੇ ਪਰਿਵਾਰ ਕਲਿਆਣ, ਲੋਕ ਨਿਰਮਾਣ ਆਦਿ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ।