5 Dariya News

ਮਜੀਠੀਆ ਵੱਲੋਂ ਪੱਤਰਕਾਰਾਂ ਨੂੰ ਤੱਥਾਂ ਤੇ ਅਧਾਰਤ ਹਾਂ ਪੱਖੀ ਅਤੇ ਖੋਜ ਭਰਪੂਰ ਪੱਤਰਕਾਰੀ ਕਰਨ ਦਾ ਸੱਦਾ

ਪਟਿਆਲਾ ਦੇ ਪੱਤਰਕਾਰਾਂ ਨੇ ਪੱਤਰਕਾਰੀ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਨੂੰ ਵੀ ਸਦਾ ਪਹਿਲ ਦਿੱਤੀ- ਰੱਖੜਾ

5 ਦਰਿਆ ਨਿਊਜ਼

ਪਟਿਆਲਾ 14-Nov-2013

ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਅਤੇ ਮਾਲ ਤੇ ਮੁੜ ਵਸੇਬਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨੂੰ ਤੱਥਾਂ 'ਤੇ ਅਧਾਰਤ ਹਾਂ ਪੱਖੀ ਅਤੇ ਖੋਜ ਭਰਪੂਰ ਪੱਤਰਕਾਰੀ ਕਰਨ ਦਾ ਸੱਦਾ ਦਿੰਦਿਆਂ ਲੋਕਾਂ ਦਾ ਮੀਡੀਆ 'ਤੇ ਬਣਿਆ ਵਿਸ਼ਵਾਸ ਸਦਾ ਕਾਇਮ ਰੱਖਣ ਅਤੇ ਸਮਾਜ ਸੁਧਾਰ ਪ੍ਰਤੀ ਆਪਣੀ ਜ਼ਿੰਮੇਵਾਰੀ ਵਾਲੀ ਭੂਮਿਕਾ ਨਿਭਾਉਣ ਲਈ ਆਖਿਆ ਹੈ। ਸ. ਮਜੀਠੀਆ ਅੱਜ ਇੱਥੇ ਪਟਿਆਲਾ ਮੀਡੀਆ ਕਲੱਬ ਦੇ ਦਫ਼ਤਰ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਅਤੇ ਉੱਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ ਸਿੰਘ ਵੀ ਮੌਜੂਦ ਸਨ।ਉਦਘਾਟਨ ਦੀ ਰਸਮ ਨਿਭਾਉਣ ਮਗਰੋਂ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਪੱਤਰਕਾਰਤਾ ਦੇ ਕਿੱਤੇ 'ਚ ਜੁੜੇ ਵਿਅਕਤੀਆਂ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ 'ਚ ਅੱਜ ਤੱਕ ਬਹੁਤ ਵੱਡੀ ਜ਼ਿੰਮੇਵਾਰੀ ਵਾਲੀ ਭੂਮਿਕਾ ਨਿਭਾਕੇ ਨੈਤਿਕ ਕਦਰਾਂ ਕੀਮਤਾਂ ਕਾਇਮ ਰੱਖੀਆਂ ਹਨ, ਪ੍ਰੰਤੂ ਇਸ ਕਿੱਤੇ 'ਚ ਮਾੜੇ ਅਨਸਰਾਂ ਦੀ ਸ਼ਮੂਲੀਅਤ ਨੂੰ ਰੋਕਣ ਲਈ ਵੀ ਸੁਚੇਤ ਹੋਣ ਦੀ ਲੋੜ ਹੈ, ਜਿਸ ਨਾਲ ਲੋਕਤੰਤਰ ਦੇ ਚੌਥੇ ਥੰਮ ਵਜੋਂ ਜਾਣੇ ਜਾਂਦੇ ਮੀਡੀਆ ਦੀ ਸ਼ਾਖ ਨੂੰ ਕਾਇਮ ਰੱਖਿਆ ਜਾ ਸਕੇ। 

ਮਜੀਠੀਆ ਨੇ ਕਿਹਾ ਕਿ ਪੱਤਰਕਾਰਤਾ 'ਚ ਵੀ ਮੌਜੂਦਾ ਸਮੇਂ ਵੱਡੀਆਂ ਤਬਦੀਲੀਆਂ ਆਈਆਂ ਹਨ ਤੇ ਪੁਰਾਤਨ ਸਮੇਂ ਦੇ ਮੀਡੀਆ ਦੀ ਥਾਂ ਅੱਜ ਨਵੇਂ ਮੀਡੀਆ ਸਾਧਨਾਂ ਨੇ ਲੈ ਲਈ ਹੈ, ਜਿਸ ਲਈ ਪੱਤਰਕਾਰਾਂ ਦੀ ਕਲਮ ਉਹ ਕੰਮ ਸਕਦੀ ਹੈ ਜੋ ਕੰਮ ਗੋਲੀ ਅਤੇ ਬੰਬ ਦੇ ਗੋਲੇ ਵੀ ਨਹੀਂ ਕਰ ਸਕਦੇ, ਜਿਸ ਕਰਕੇ ਮੀਡੀਆ ਦੀ ਲੋਕਾਂ 'ਚ ਇੱਜਤ ਵਧੀ ਹੈ, ਇਸ ਲਈ ਪੱਤਰਕਾਰਾਂ ਨੂੰ ਲੋਕਾਂ ਦੇ ਸਾਹਮਣੇ ਸਚਾਈ ਲਿਆਉਣ ਲਈ ਆਪਸੀ ਧੜੇਬੰਦੀ ਤੋਂ ਉਪਰ ਉਠਕੇ ਇੱਕਜੁੱਟ ਹੋਣ ਦੀ ਵੀ ਵੱਡੀ ਲੋੜ ਹੈ। ਸ. ਮਜੀਠੀਆ ਨੇ ਕਾਰਗਿਲ ਦੀ ਲੜਾਈ ਦੌਰਾਨ ਮੀਡੀਆ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਟਿਆਲਾ ਦੀ ਪ੍ਰੈਸ ਨੇ ਵੀ ਹਮੇਸ਼ਾ ਸਚਾਈ 'ਤੇ ਪਹਿਰਾ ਦਿੰਦਿਆਂ ਹਾਂ ਪੱਖੀ ਭੂਮਿਕਾ ਨਿਭਾਈ ਹੈ।ਲੋਕ ਸੰਪਰਕ ਮੰਤਰੀ ਨੇ ਪਟਿਆਲਾ ਮੀਡੀਆ ਕਲੱਬ ਵੱਲੋਂ ਉਨ੍ਹਾਂ ਦੇ ਸਨਮੁੱਖ ਰੱਖੀਆਂ ਗਈਆਂ ਮੰਗਾਂ ਮੰਨਣ ਦਾ ਭਰੋਸਾ ਦਿੰਦਿਆਂ ਪਟਿਆਲਾ ਮੀਡੀਆ ਕਲੱਬ ਲਈ ਢੁੱਕਵੀਂ ਥਾਂ ਅਲਾਟ ਕਰਕੇ ਆਧੁਨਿਕ ਇਮਾਰਤ ਉਸਾਰ ਕੇ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਇਸ 'ਤੇ ਆਉਣ ਵਾਲਾ ਸਾਰਾ ਖ਼ਰਚ ਰਾਜ ਸਰਕਾਰ ਕਰੇਗੀ। ਸ. ਮਜੀਠੀਆ ਨੇ ਕਿਹਾ ਕਿ ਪਟਿਆਲਾ ਮੀਡੀਆ ਕਲੱਬ ਵੱਲੋਂ ਬਿਹਤਰ ਪੱਤਰਕਾਰੀ ਲਈ ਹਰ ਸਾਲ ਸਮਾਗਮ ਕਰਕੇ ਇੱਕ 'ਐਵਾਰਡ' ਦੇਣ ਕੀਤਾ ਗਿਆ ਫੈਸਲਾ ਸ਼ਲਾਘਾਯੋਗ ਹੈ। ਉਨ੍ਹਾਂ ਨੇ ਮੀਡੀਆ ਕਲੱਬ ਨੂੰ ਹਰ ਵਰ੍ਹੇ ਇੱਕ ਵੈਟਰਨ ਪੱਤਰਕਾਰ ਨੂੰ ਵੀ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਦੇਣ ਦੀ ਸਲਾਹ ਵੀ ਦਿੱਤੀ।ਸ. ਮਜੀਠੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਵਿਕਾਸ ਦੇ ਮਸੀਹਾ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੱਤਰਕਾਰਾਂ ਦੀ ਭਲਾਈ ਲਈ ਵੱਡੇ ਤੇ ਇਤਿਹਾਸਕ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੱਤਰਕਾਰਾਂ ਦੀ ਲੰਮੇ ਸਮੇਂ ਤੋਂ ਲਮਕਦੀ ਆ ਰਹੀ ਮੰਗ ਪੂਰੀ ਕਰਦਿਆਂ ਪੰਜਾਬ ਸਰਕਾਰ ਨੇ ਸਾਰੇ ਵੱਡੇ ਸ਼ਹਿਰਾਂ 'ਚ ਪ੍ਰੈਸ ਕਲੱਬ ਸਥਾਪਤ ਦਾ ਫੈਸਲਾ ਕੀਤਾ ਹੈ, ਜਿਸ ਲਈ ਲੋੜੀਂਦੇ ਬਜ਼ਟ ਦਾ ਵੀ ਪ੍ਰਬੰਧ ਕਰ ਲਿਆ ਗਿਆ ਹੈ। 

ਮਜੀਠੀਆ ਨੇ ਦੱਸਿਆ ਕਿ ਪੱਤਰਕਾਰਾਂ ਦੇ ਸ਼ਨਾਖ਼ਤੀ ਕਾਰਡਾਂ ਲਈ ਸਮਾਰਟ ਕਾਰਡ ਬਣਾਏ ਜਾਣੇ ਸ਼ੁਰੂ ਕੀਤੇ ਹਨ ਅਤੇ ਐਕਰੀਡੇਟਿਡ ਪੱਤਰਕਾਰਾਂ ਨੂੰ 5 ਲੱਖ ਰੁਪਏ ਦਾ ਬੀਮਾ ਸਹੂਲਤ ਪ੍ਰਦਾਨ ਕੀਤੀ ਗਈ ਸੀ  ਪਰ ਹੁਣ ਇਸ ਬੀਮਾ ਸਹੂਲਤ ਦਾ ਘੇਰਾ ਵਧਾਕੇ ਪੀਲੇ ਕਾਰਡ ਧਾਰਕ ਪੱਤਰਕਾਰਾਂ ਨੂੰ ਵੀ ਇਸ ਸਕੀਮ 'ਚ ਸ਼ਾਮਲ ਕਰ ਲਿਆ ਗਿਆ ਹੈ ਅਤੇ 3000 ਤੋਂ ਵਧੇਰੇ ਪੱਤਰਕਾਰਾਂ ਨੂੰ 35 ਲੱਖ ਰੁਪਏ ਦੀ ਲਾਗਤ ਨਾਲ ਇਹ ਬੀਮਾ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਸ. ਮਜੀਠੀਆ ਨੇ ਦੱਸਿਆ ਕਿ ਫੀਲਡ ਪੱਤਰਕਾਰਾਂ ਦੇ ਮੁਫ਼ਤ ਬੱਸ ਪਾਸ ਦੀ ਸਹੂਲਤ ਦੀ ਰਕਮ 'ਚ ਵਾਧਾ ਕਰਕੇ ਇਸਨੂੰ 800 ਤੋਂ 1200 ਰੁਪਏ ਕਰ ਦਿੱਤਾ ਗਿਆ ਹੈ ਜਦਕਿ ਚੰਡੀਗੜ੍ਹ ਦੇ ਪੱਤਰਕਾਰਾਂ ਲਈ ਇਹ ਰਾਸ਼ੀ 1600 ਰੁਪਏ ਕੀਤੀ ਗਈ ਹੈ ਅਤੇ ਹੁਣ ਇਸ ਨੂੰ ਅਗਲੇ ਬਜ਼ਟ 'ਚ 2000 ਰੁਪਏ ਕਰ ਦਿੱਤਾ ਜਾਵੇਗਾ।ਸ. ਮਜੀਠੀਆ ਨੇ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਹੀ ਲੋਕ ਸੰਪਰਕ ਵਿਭਾਗ 'ਚ ਵੱਡੇ ਪੱਧਰ 'ਤੇ ਭਰਤੀ ਕੀਤੀ ਗਈ ਹੈ ਅਤੇ ਪੱਤਰਕਾਰਾਂ ਦੀ ਭਲਾਈ ਲਈ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ ਅਤੇ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਦੁਰਘਟਨਾ ਦਾ ਸ਼ਿਕਾਰ ਹੋਏ ਪੱਤਰਕਾਰ ਦੀ ਮੌਤ 'ਤੇ ਉਸਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਪੱਤਰਕਾਰਾਂ ਵੱਲੋਂ ਟੋਲ ਟੈਕਸ ਮੁਆਫ਼ ਕਰਵਾਉਣ ਸਬੰਧੀ ਉਠਾਈ ਗਈ ਮੰਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਲਈ ਪਿਛਲੀ ਕਾਂਗਰਸ ਸਰਕਾਰ ਵੱਲੋਂ ਬਣਾਏ ਗਏ ਨਿਯਮ ਹੀ ਜ਼ਿੰਮੇਵਾਰ ਹਨ ਪ੍ਰੰਤੂ ਉਨ੍ਹਾਂ ਵੱਲੋਂ ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਨਾਲ ਗੱਲਬਾਤ ਕਰਕੇ ਕੋਈ ਸਾਰਥਿਕ ਹੱਲ ਜਰੂਰ ਕੱਢਿਆ ਜਾਵੇਗਾ।

ਇਸ ਦੌਰਾਨ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਸੰਬੋਧਨ ਕਰਦਿਆਂ ਪਟਿਆਲਾ ਮੀਡੀਆ ਕਲੱਬ ਨੂੰ ਨਵੇਂ ਦਫ਼ਤਰ ਲਈ ਵਧਾਈ ਦਿੱਤੀ ਅਤੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਪੱਤਰਕਾਰਾਂ ਦੀ ਭਲਾਈ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਪੱਤਰਕਾਰਾਂ ਨੇ ਸੱਚੀ ਸੁੱਚੀ ਪੱਤਰਕਾਰੀ ਕਰਨ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਨੂੰ ਵੀ ਪਹਿਲ ਦਿੱਤੀ ਹੈ। ਉਨ੍ਹਾਂ ਨੇ ਪਟਿਆਲਾ ਮੀਡੀਆ ਕਲੱਬ ਦੀਆਂ ਮੰਗਾਂ ਪ੍ਰਵਾਨ ਕਰਨ ਲਈ ਜ਼ੋਰਦਾਰ ਵਕਾਲਤ ਵੀ ਕੀਤੀ।ਇਸ ਮੌਕੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ ਸਿੰਘ ਨੇ ਕਿਹਾ ਕਿ ਪੱਤਰਕਾਰਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਪਟਿਆਲਾ ਵਿਖੇ ਬਤੌਰ ਪੱਤਰਕਾਰ ਨਿਭਾਏ ਸਮੇਂ ਦੀ ਯਾਦ ਕਰਦਿਆਂ ਆਖਿਆ ਕਿ ਪੱਤਰਕਾਰਾਂ ਨੂੰ ਹਮੇਸ਼ਾ ਸਮਾਜ 'ਚ ਸੁਧਾਰਾਂ ਲਈ ਮਾਰਗਦਰਸ਼ਨ ਕਰਨਾ ਚਾਹੀਦਾ ਹੈ। ਸ੍ਰੀ ਜੰਗਵੀਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਅਤੇ ਚੰਗੇ ਕੰਮਾਂ ਨੂੰ ਵੀ ਪਹਿਲ ਦੇਕੇ ਪ੍ਰਕਾਸ਼ਤ ਕੀਤਾ ਜਾਣਾ ਚਾਹੀਦਾ ਹੈ ਅਤੇ ਗਲਤ ਨੂੰ ਗਲਤ ਕਹਿਣ ਦੀ ਵੀ ਸਮਰੱਥਾ ਰੱਖਣੀ ਚਾਹੀਦੀ ਹੈ ਪ੍ਰੰਤੂ ਸਚਾਈ ਤੋਂ ਅੱਖਾਂ ਪਰੋਖੇ ਨਹੀਂ ਕਰਨੀਆਂ ਚਾਹੀਦੀਆਂ। 

ਪਟਿਆਲਾ ਮੀਡੀਆ ਕਲੱਬ ਵੱਲੋਂ ਇਸ ਮੌਕੇ ਉੱਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ ਸਿੰਘ ਨੂੰ ਪੱਤਰਕਾਰੀ ਦੇ ਖੇਤਰ 'ਚ ਪਾਏ ਵੱਡਮੁੱਲ ਯੋਗਦਾਨ ਲਈ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਸ੍ਰੀ ਜੰਗਵੀਰ ਸਿੰਘ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਸਾਈਟੇਸ਼ਨ ਸ੍ਰੀਮਤੀ ਗਗਨ ਤੇਜਾ ਵੱਲੋਂ ਪੜ੍ਹੀ ਗਈ।ਸਮਾਗਮ ਨੂੰ ਸੰਬੋਧਨ ਕਰਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੀਡੀਆ ਦਾ ਲੋਕਤੰਤਰ ਅਤੇ ਪ੍ਰਸ਼ਾਸ਼ਨ 'ਚ ਅਹਿਮ ਸਥਾਨ ਹੈ ਅਤੇ ਮੀਡੀਆ ਹੀ ਅਣਗੌਲੇ ਲੋਕਾਂ ਦੀ ਅਵਾਜ਼ ਬਣਦਾ ਹੈ ਤੇ ਸਮਾਜ 'ਚ ਤਬਦੀਲੀ ਵੀ ਮੀਡੀਆ ਕਰਕੇ ਹੀ ਆਉਂਦੀ ਹੈ। ਇਸ ਤੋਂ ਪਹਿਲਾਂ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਸ. ਰਵੇਲ ਸਿੰਘ ਭਿੰਡਰ ਨੇ ਸ. ਮਜੀਠੀਆ, ਸ. ਰੱਖੜਾ ਅਤੇ ਸ. ਜੰਗਵੀਰ ਸਿੰਘ ਸਮੇਤ ਹੋਰ ਪਤਵੰਤਿਆਂ ਨੂੰ ਜੀ ਆਇਆਂ ਕਹਿੰਦਿਆਂ ਕਲੱਬ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ।ਇਸ ਮੌਕੇ ਪਟਿਆਲਾ ਮੀਡੀਆ ਕਲੱਬ ਵੱਲੋਂ ਸ. ਰਵੇਲ ਸਿੰਘ ਭਿੰਡਰ, ਸ. ਜਗਜੀਤ ਸਿੰਘ ਦਰਦੀ, ਸ੍ਰੀ ਵਿਸ਼ਾਲ ਰਾਮਬਾਣੀ, ਸ੍ਰੀ ਅਮਨ ਸੂਦ, ਸ. ਅਮਰਜੀਤ ਸਿੰਘ ਵੜੈਚ, ਸ. ਸਰਬਜੀਤ ਸਿੰਘ ਭੰਗੂ, ਸ.  ਜਸਪਾਲ ਸਿੰਘ ਢਿੱਲੋਂ, ਸ. ਜਸਵਿੰਦਰ ਸਿੰਘ ਦਾਖਾ, ਸ੍ਰੀ ਅਮਨਿੰਦਰਪਾਲ ਸ਼ਰਮਾ, ਸ੍ਰੀ ਪਰਮੀਤ ਸਿੰਘ, ਸ੍ਰੀ ਰਜੇਸ਼ ਪੰਜੋਲਾ, ਸ੍ਰੀ ਬਲਜਿੰਦਰ ਸ਼ਰਮਾ, ਸ੍ਰੀ ਦੀਪਕ ਮੋਦਗਿੱਲ, ਸ੍ਰੀ ਵਿਨੇ ਸ਼ੋਰੀ, ਸ੍ਰੀ ਸੰਜੇ ਵਰਮਾ, ਸ. ਗੁਰਪ੍ਰੀਤ ਸਿੰਘ ਚੱਠਾ ਅਤੇ ਹੋਰ ਮੈਂਬਰਾਂ ਵੱਲੋਂ ਸ. ਬਿਕਰਮ ਸਿੰਘ ਮਜੀਠੀਆ, ਸ. ਸੁਰਜੀਤ ਸਿੰਘ ਰੱਖੜਾ, ਮੇਅਰ ਸ. ਅਮਰਿੰਦਰ ਸਿੰਘ ਬਜਾਜ, ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ ਤੇ ਐਸ.ਐਸ.ਪੀ. ਸ. ਹਰਦਿਆਲ ਸਿੰਘ ਮਾਨ ਨੂੰ ਸਨਮਾਨਤ ਕੀਤਾ ਗਿਆ। ਇਸ ਦੌਰਾਨ ਸ. ਜਸਪਾਲ ਸਿੰਘ ਢਿੱਲੋਂ ਨੇ ਪਟਿਆਲਾ ਮੀਡੀਆ ਕਲੱਬ ਦੀ ਤਰਫ਼ੋਂ ਪੱਤਰਕਾਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਪੜ੍ਹਿਆ। ਸਮਾਗਮ ਦੇ ਅੰਤ 'ਚ ਸ੍ਰੀ ਅਮਨ ਸੂਦ ਵੱਲੋਂ ਸ. ਮਜੀਠੀਆ ਸਮੇਤ ਹੋਰ  ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ।  

ਪਟਿਆਲਾ ਮੀਡੀਆ ਕਲੱਬ ਦੇ ਦਫ਼ਤਰ ਦੇ ਉਦਘਾਟਨ ਮੌਕੇ ਪ੍ਰਧਾਨ ਸ੍ਰੀ ਰਵੇਲ ਸਿੰਘ ਭਿੰਡਰ ਦੀ ਅਗਵਾਈ ਹੇਠ ਸ੍ਰੀ ਵਿਸ਼ਾਲ ਰਾਮਬਾਣੀ, ਡਾ. ਅਮਨਿੰਦਰਪਾਲ ਸ਼ਰਮਾ, ਸ. ਜਸਵਿੰਦਰ ਸਿੰਘ ਦਾਖਾ, ਸ. ਮਨਦੀਪ ਸਿੰਘ ਜੋਸ਼ਨ, ਸ੍ਰੀ ਬਲਜਿੰਦਰ ਸ਼ਰਮਾ, ਸ. ਜਸਪਾਲ ਸਿੰਘ ਢਿੱਲੋਂ, ਸ੍ਰੀ ਰਜੇਸ਼ ਪੰਜੋਲਾ, ਸ. ਸਰਬਜੀਤ ਸਿੰਘ ਭੰਗੂ, ਸ੍ਰੀ ਨਵਦੀਪ ਢੀਂਗਰਾ, ਸ. ਗੁਰਨਾਮ ਸਿੰਘ ਅਕੀਦਾ, ਸ੍ਰੀ ਤੇਜਿੰਦਰ ਫਤਹਿਪੁਰ, ਸ. ਗੁਰਮੁੱਖ ਸਿੰਘ ਰੁਪਾਣਾ, ਸ੍ਰੀ ਰਣਧੀਰ ਰਾਣਾ, ਸ੍ਰੀ ਵਿਨੋਦ ਸ਼ਰਮਾ, ਸ. ਰਾਮ ਸਿੰਘ ਬੰਗ, ਸ੍ਰੀ ਗੁਰਵਿੰਦਰ ਸਿੰਘ ਔਲਖ, ਸ੍ਰੀ ਖੁਸ਼ਵੀਰ ਸਿੰਘ ਤੂਰ, ਪਰਮਜੀਤ ਸਿੰਘ ਪਟਵਾਰੀ, ਸ. ਪਰਮਜੀਤ ਸਿੰਘ ਪਰਵਾਨਾ, ਸ੍ਰੀ ਯੋਗੇਸ਼ ਧੀਰ ਸਮੇਤ ਹੋਰਨਾਂ ਵਲੋਂ ਸ. ਬਿਕਰਮ ਸਿੰਘ ਮਜੀਠੀਆ, ਸ. ਸੁਰਜੀਤ ਸਿੰਘ ਰੱਖੜਾ, ਸ੍ਰੀ ਜੰਗਵੀਰ ਸਿੰਘ ਤੇ ਡਵੀਜਨਲ ਕਮਿਸ਼ਨਰ ਸ. ਅਜੀਤ ਸਿੰਘ ਪੰਨੂ ਦਾ ਭਰਵਾਂ ਸਵਾਗਤ ਕੀਤਾ ਗਿਆ।    

ਸਮਾਗਮ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਡਵੀਜਨਲ ਕਮਿਸ਼ਨਰ ਸ. ਅਜੀਤ ਸਿੰਘ ਪੰਨੂ, ਨਗਰ ਨਿਗਮ ਦੇ ਮੇਅਰ ਸ. ਅਮਰਿੰਦਰ ਸਿੰਘ ਬਜਾਜ, ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਦੀਪਿੰਦਰ ਸਿੰਘ ਢਿੱਲੋਂ, ਸਾਬਕਾ ਮੰਤਰੀ ਸ. ਅਜਾਇਬ ਸਿੰਘ ਮੁਖਮੇਲਪੁਰ, ਅਧੀਨ ਸੇਵਾਵਾਂ ਚੋਣ ਬੋਰਡ ਦੇ ਸਾਬਕਾ ਚੇਅਰਮੈਨ ਸ. ਤੇਜਿੰਦਰਪਾਲ ਸਿੰਘ ਸੰਧੂ, ਪਨਸੀਡ ਦੇ ਸਾਬਕਾ ਚੇਅਰਮੈਨ ਸ. ਸੁਰਜੀਤ ਸਿੰਘ ਅਬਲੋਵਾਲ, ਚੇਅਰਮੈਨ ਜ਼ਿਲ੍ਹਾ ਪਰਿਸ਼ਦ ਸ਼੍ਰੀ ਜਸਪਾਲ ਸਿੰਘ ਕਲਿਆਣ, ਵਾਈਸ ਚੇਅਰਮੈਨ ਸ. ਅਵਤਾਰ ਸਿੰਘ ਘਲੋੜੀ, ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਸ. ਫੌਜਇੰਦਰ ਸਿੰਘ ਮੁਖਮੇਲਪੁਰ, ਏ.ਆਈ.ਜੀ ਇੰਟੈਲੀਜੈਂਸ ਸ. ਗੁਰਪ੍ਰੀਤ ਸਿੰਘ ਗਿੱਲ, ਯੂਥ ਪ੍ਰਧਾਨ ਦਿਹਾਤੀ ਸ. ਹਰਮੀਤ ਸਿੰਘ ਪਠਾਣਮਾਜਰਾ, ਸਾਬਕਾ ਚੇਅਰਮੈਨ ਸ. ਮਹਿੰਦਰ ਸਿੰਘ ਲਾਲਵਾ, ਪਟਿਆਲਾ ਬਲਾਕ ਸੰਮਤੀ ਦੇ ਚੇਅਰਮੈਨ ਸ. ਬਲਵਿੰਦਰ ਸਿੰਘ ਬਰਸਟ, ਭਾਜਪਾ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਅਨਿਲ ਬਜਾਜ, ਐਸ.ਜੀ.ਪੀ.ਸੀ ਦੇ ਕਾਰਜਕਾਰਨੀ ਮੈਂਬਰ ਸ. ਸੁਰਜੀਤ ਸਿੰਘ ਗੜ੍ਹੀ, ਪਟਿਆਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸ. ਸਤਬੀਰ ਸਿੰਘ ਖੱਟੜਾ, ਐਸ.ਓ.ਆਈ ਦੇ ਪ੍ਰਧਾਨ ਸ਼੍ਰੀ ਗੁਰਪ੍ਰੀਤ ਸਿੰਘ ਰਾਜੂ ਖੰਨਾ, ਇਸਤਰੀ ਅਕਾਲੀ ਦਲ ਸ਼ਹਿਰੀ ਦੀ ਪ੍ਰਧਾਨ ਸ਼੍ਰੀਮਤੀ ਜਸਪਾਲ ਕੌਰ ਧਾਰਨੀ, ਸਾਬਕਾ ਮੇਅਰ ਸ. ਅਜੀਤਪਾਲ ਸਿੰਘ ਕੋਹਲੀ, ਸ. ਨਰਦੇਵ ਸਿੰਘ ਆਕੜੀ, ਸ਼੍ਰੀ ਰਵੀ ਆਹਲੂਵਾਲੀਆ, ਸਾਬਕਾ ਚੇਅਰਮੈਨ ਸ. ਹਰਵਿੰਦਰ ਸਿੰਘ ਹਰਪਾਲਪੁਰ, ਸ਼੍ਰੀ ਹਰਿੰਦਰਪਾਲ ਸਿੰਘ ਟੌਹੜਾ, ਸ੍ਰੀ ਮਨਪਾਲ ਟਿਵਾਣਾ, ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਕੇ.ਡੀ. ਸਿੰਘ, ਸ. ਰਣਜੀਤ ਸਿੰਘ ਨਿੱਕੜਾ, ਸ਼੍ਰੀ ਗੁਰਪਾਲ ਜੁਨੇਜਾ, ਪ੍ਰਧਾਨ ਬਾਰ ਐਸੋਸੀਏਸ਼ਨ ਸ. ਭੁਪਿੰਦਰ ਸਿੰਘ ਵਿਰਕ, ਮੀਤ ਪ੍ਰਧਾਨ ਸ. ਬਿਕਰਮਜੀਤ ਸਿੰਘ ਭੁੱਲਰ, ਐਡਵੋਕੇਟ ਬਲਬੀਰ ਸਿੰਘ ਬਿਲਿੰਗ, ਡਾਇਰੈਕਟਰ ਸਿੱਖਿਆ ਐਸ.ਜੀ.ਪੀ.ਸੀ ਡਾ. ਧਰਮਿੰਦਰ ਸਿੰਘ ਉੱਭਾ, ਸ.  ਰਮਿੰਦਰਜੀਤ ਸਿੰਘ ਵਾਸੂ, ਡਾ. ਗੁਰਮੀਤ ਸਿੰਘ ਮਾਨ, ਡਾ. ਹਰਜਿੰਦਰਪਾਲ ਸਿੰਘ ਵਾਲੀਆ, ਡਾ. ਭੁਪਿੰਦਰ ਸਿੰਘ ਬੱਤਰਾ, ਨੈਸ਼ਨਲ ਐਵਾਰਡੀ ਸ. ਤੋਤਾ ਸਿੰਘ ਚਹਿਲ, ਪ੍ਰਿੰਸੀਪਲ ਭਰਪੂਰ ਸਿੰਘ ਲੌਟ, ਸ਼੍ਰੀ ਅਜੇ ਥਾਪਰ, ਸ਼੍ਰੀ ਪ੍ਰਾਣ ਸੱਭਰਵਾਲ, ਸਾਬਕਾ ਡੀ.ਪੀ.ਆਰ.ਓ ਸ਼੍ਰੀ ਉਜਾਗਰ ਸਿੰਘ, ਡਾ. ਡੀ.ਐਸ. ਭੁੱਲਰ, ਸ. ਜਸਵਿੰਦਰ ਸਿੰਘ ਚੀਮਾ, ਪ੍ਰਧਾਨ ਨਗਰ ਕੌਂਸਲ ਸਨੌਰ ਸ਼੍ਰੀ ਇੰਦਰ ਕੁਮਾਰ, ਡਾ. ਹਰਸ਼ਿੰਦਰ ਕੌਰ, ਸ. ਮੇਜਰ ਸਿੰਘ ਸੇਖੋਂ, ਸ਼੍ਰੀ ਹੈਰੀ ਮੁਖਮੇਲਪੁਰ, ਸ. ਸੁਖਜੀਤ ਸਿੰਘ ਬਘੌਰਾ, ਸ. ਗੁਰਵਿੰਦਰ ਸਿੰਘ ਧੀਮਾਨ, ਸ੍ਰੀਮਤੀ ਸਤਿੰਦਰਪਾਲ ਕੌਰ ਵਾਲੀਆ, ਐਸ.ਡੀ.ਐਮ ਸ਼੍ਰੀ ਗੁਰਪਾਲ ਸਿੰਘ ਚਹਿਲ, ਡੀ.ਐਸ.ਪੀ. ਕੇਸਰ ਸਿੰਘ, ਡੀ.ਐਸ.ਪੀ. ਸ. ਅਮਰਜੀਤ ਸਿੰਘ ਘੁੰਮਣ, ਤਹਿਸੀਲਦਾਰ ਸ. ਦਰਸ਼ਨ ਸਿੰਘ ਸਿੱਧੂ, ਇੰਚਾਰਜ ਟਰੈਫਿਕ ਸ. ਹਰਦੀਪ ਸਿੰਘ ਬਡੂੰਗਰ ਸਮੇਤ ਅਹਿਮ ਸ਼ਖ਼ਸੀਅਤਾਂ, ਮਿਊਂਸਪਲ ਕੌਂਸਲਰ, ਪੱਤਰਕਾਰ, ਹੋਰ ਪਤਵੰਤੇ, ਯੂਨੀਵਰਸਿਟੀ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਵਿਦਿਆਰਥੀ ਵੀ ਹਾਜ਼ਰ ਸਨ।