5 Dariya News

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜ਼ਿਲ੍ਹਾ ਵਿਕਾਸ ਤੇ ਮੋਨੀਟਰਿੰਗ ਕਮੇਟੀ ਦੀ ਕੀਤੀ ਮੀਟਿੰਗ

5 Dariya News

ਬਠਿੰਡਾ 16-Dec-2019

ਕੇਂਦਰੀ ਫੂਡ ਪ੍ਰਸੋਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ 'ਚ ਜ਼ਿਲ੍ਹਾ ਵਿਕਾਸ ਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਸਭਾ ਹਲਕਾ ਬਠਿੰਡਾ ਨਾਲ ਸਬੰਧਤ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੀਆਂ ਸਕੀਮਾਂ ਦੀ ਵੀ ਸਮੀਖਿਆ ਕੀਤੀ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਅਤੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸ਼੍ਰੀ ਅਰਾਵਿੰਦ ਕੁਮਾਰ ਵੀ ਵਿਸ਼ੇਸ਼ ਤੌਰ 'ਤੇ ਉਨ੍ਹਾਂ ਨਾਲ ਮੌਜੂਦ ਸਨ।ਬੈਠਕ ਦੀ ਪ੍ਰਧਾਨਗੀ ਕਰਦਿਆਂ ਕੇਂਦਰੀ ਮੰਤਰੀ ਸ਼੍ਰੀਮਤੀ ਬਾਦਲ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਅਧੀਨ ਕੇਂਦਰ ਅਤੇ ਪੰਜਾਬ ਸਰਕਾਰ ਦੁਆਰਾ ਸਾਂਝੇ ਤੌਰ 'ਤੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆ ਕਿਹਾ ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਕਾਸ ਦੇ ਜੋ ਕਾਰਜ ਮੁਕੰਮਲ ਹੋ ਚੁੱਕੇ ਹਨ ਉਨ੍ਹਾਂ ਦੇ ਵਰਤੋਂ ਸਰਟੀਫਿਕੇਟ ਵੀ ਜਲਦ ਜਮ੍ਹਾਂ ਕਰਵਾਏ ਜਾਣ।ਲੋਕ ਭਲਾਈ ਹਿੱਤ ਚਲਾਈਆਂ ਜਾ ਰਹੀਆਂ ਵੱਖ-ਵੱਖ ਸਰਕਾਰੀ ਸਕੀਮਾਂ ਦੀ ਸਮੀਖਿਆ ਕਰਦਿਆਂ ਕੇਂਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਤਹਿਤ ਕਿਸੇ ਵੀ ਯੋਗ ਲਾਭਪਾਤਰੀ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਵਿਤਕਰਾ ਨਾ ਕੀਤਾ ਜਾਵੇ ਸਗੋਂ ਯੋਗ ਲਾਭਪਾਤਰੀ ਨੂੰ ਬਣਦਾ ਲਾਭ ਹਰ ਹਾਲਤ ਵਿਚ ਦਿੱਤਾ ਜਾਣਾ ਯਕੀਨੀ ਬਣਾਇਆ ਜਾਵੇ।ਬੈਠਕ ਦੌਰਾਨ ਕੇਂਦਰੀ ਮੰਤਰੀ ਨੇ ਬਠਿੰਡਾ ਲੋਕ ਸਭਾ ਹਲਕੇ ਅਧੀਨ ਪੈਂਦੀਆਂ ਸੜਕਾਂ, ਸੀਵਰੇਜ ਤੋਂ ਇਲਾਵਾ ਸਿੰਚਾਈ ਵਿਭਾਗ, ਖੇਤੀਬਾੜੀ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਪੰਜਾਬ ਪਾਵਰਕਾਮ ਆਦਿ ਵਿਭਾਗਾਂ ਨਾਲ ਸਬੰਧਤ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਅਧੂਰੇ ਤੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਤਹਿ ਸਮੇਂ ਅਨੁਸਾਰ ਹਰ ਹਾਲਤ ਵਿਚ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।

ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਲੋਕ ਭਲਾਈ ਹਿੱਤ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਜਿਵੇਂ ਕਿ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ, ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ, ਮਗਨਰੇਗਾ, ਮਿਡ ਡੇ ਮੀਲ, ਪ੍ਰਧਾਨ ਮੰਤਰੀ ਰੁਜ਼ਗਾਰ ਯੋਜਨਾ, ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਪੇਂਡੂ ਅਤੇ ਸ਼ਹਿਰੀ, ਈ-ਨੈਸ਼ਨਲ ਐਗਰੀਕਲਚਰ ਮਾਰਕੀਟਜ਼, ਦੀਨ ਦਿਆਲ ਗ੍ਰਾਮ ਉਦਯੋਗ ਯੋਜਨਾ, ਸਵੱਛ ਭਾਰਤ ਯੋਜਨਾ ਪੇਂਡੂ ਅਤੇ ਸ਼ਹਿਰੀ, ਆਟਾ-ਦਾਲ ਸਕੀਮ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੀਆਂ ਮਿਲਣ ਵਾਲੀਆਂ ਪੈਨਸ਼ਨਾਂ ਆਦਿ ਦੀ ਸਮੀਖਿਆ ਕੀਤੀ। ਇਸ ਦੌਰਾਨ ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਕਿਸੇ ਵੀ ਯੋਗ ਲਾਭਪਾਤਰੀ ਨੂੰ ਲਾਹਾ ਲੈਣ ਤੋਂ ਵਾਂਝਾਂ ਨਾ ਰਹਿਣ ਦਿੱਤਾ ਜਾਵੇ।ਇਸ ਮੌਕੇ ਸ਼੍ਰੀਮਤੀ ਬਾਦਲ ਨੇ ਵਿਕਾਸ ਕਾਰਜਾਂ ਤੇ ਭਲਾਈ ਸਕੀਮਾਂ 'ਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਾਰੀਆਂ ਨੂੰ ਵਧਾਈ ਦਿੱਤੀ। ਇਸ ਦੌਰਾਨ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਕੋਲੋਂ ਲੋਕ ਭਲਾਈ ਹਿੱਤ ਕੀਤੇ ਜਾਣ ਵਾਲੇ ਕਾਰਜਾਂ ਸਬੰਧੀ ਲੋੜੀਂਦੇ ਸੁਝਾਅ ਵੀ ਲਏ।ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਠਿੰਡਾ ਤੇ ਖ਼ਾਸ ਕਰਕੇ ਮਾਲਵੇ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਇਥੇ ਬਣ ਰਹੇ ਏਮਜ਼ ਹਸਪਤਾਲ ਵਿਖੇ ਕੁਝ ਓ.ਪੀ.ਡੀ. ਸੇਵਾਵਾਂ 23 ਦਸੰਬਰ ਤੋਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।ਇਸ ਮੌਕੇ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਸ਼੍ਰੀਮਤੀ ਰੁਪਿੰਦਰ ਕੌਰ ਰੂਬੀ, ਹਲਕਾ ਮੌੜ ਦੇ ਵਿਧਾਇਕ ਸ਼੍ਰੀ ਜਗਦੇਵ ਸਿੰਘ ਕਮਾਲੂ, ਕਮਿਸ਼ਨਰ ਨਗਰ ਨਿਗਮ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਪਰਮਵੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ, ਉਪ ਅਰਥ ਤੇ ਅੰਕੜਾ ਸਲਾਹਕਾਰ ਸ਼੍ਰੀ ਬਹਾਦਰ ਸਿੰਘ, ਮੇਅਰ ਨਗਰ ਨਿਗਮ ਬਠਿੰਡਾ ਸ਼੍ਰੀ ਬਲਵੰਤ ਰਾਏ ਨਾਥ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।