5 Dariya News

ਕਾਰਗਿਲ ਜੰਗ ਦੀਆਂ ਅਣਕਹੀਆਂ ਘਟਨਾਵਾਂ 'ਤੇ ਝਾਤ ਪਾਉਂਦੀ ਹੈ 'ਦਾ ਕਾਰਗਿਲ ਵਿਕਟਰੀ; ਫਰੌਮ ਪੀਕ ਟੂ ਪੀਕ'

ਨਵੀਂ ਪੀੜ੍ਹੀ ਨੂੰ ਸੂਰਬੀਰਾਂ ਦੀ ਗਾਥਾ ਤੋਂ ਪ੍ਰੇਰਨਾ ਮਿਲੇਗੀ: ਕਰਨਲ ਐਸ.ਸੀ. ਤਿਆਗੀ

5 Dariya News

ਚੰਡੀਗੜ੍ਹ 13-Dec-2019

ਕਾਰਗਿਲ ਦੀ ਜੰਗ ਆਜ਼ਾਦ ਭਾਰਤ ਦੇ ਇਤਿਹਾਸ ਦੀ ਸਭ ਤੋਂ ਔਖੀ ਤੇ ਚੁਣੌਤੀਪੂਰਨ ਜੰਗ ਸੀ ਜਿਹੜੀ ਭਾਰਤੀ ਫੌਜ ਦੀ ਸੂਰਬੀਰ ਗਾਥਾ ਬਿਆਨਦੀ ਹੈ। ਕਰਨਲ ਐਸ.ਸੀ.ਤਿਆਗੀ ਵੱਲੋਂ ਲਿਖੀ ਪੁਸਤਕ 'ਦਾ ਕਾਰਗਿਲ ਵਿਕਟਰੀ; ਫਰੌਮ ਪੀਕ ਟੂ ਪੀਕ' ਕਾਰਗਿਲ ਜੰਗ ਦੀਆਂ ਅਣਕਹੀਆਂ ਘਟਨਾਵਾਂ 'ਤੇ ਝਾਤ ਪਾਉਂਦੀ ਪੁਸਤਕ ਹੈ ਜਿਹੜੀ ਨਵੀਂ ਪੀੜ੍ਹੀ ਲਈ ਪ੍ਰੇਰਨਾ ਦਾ ਸ੍ਰੋਤ ਹੈ।ਇਹ ਗੱਲ ਪੰਜਾਬ ਸਰਕਾਰ ਵੱਲੋਂ ਸਥਾਨਕ ਲੇਕ ਕਲੱਬ ਵਿਖੇ ਕਰਵਾਏ ਜਾ ਰਹੇ ਤੀਜੇ ਮਿਲਟਰੀ ਲਿਟਰੇਚਰ ਫੈਸਟੀਵਲ 2019 ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਪੁਸਤਕ ਚਰਚਾ ਸੈਸ਼ਨ ਦੌਰਾਨ ਕਰਨਲ ਪੀ.ਕੇ. ਵਾਸੂਦੇਵਾ, ਲੇਖਕ ਕਰਨਲ ਐਸ.ਸੀ. ਤਿਆਗੀ ਤੇ ਵਿਕਰਮ ਜੀਤ ਸਿੰਘ ਆਧਾਰਿਤ ਪੈਨਲ ਵੱਲੋਂ ਉਕਤ ਪੁਸਤਕ 'ਤੇ ਵਿਚਾਰ ਚਰਚਾ ਦੌਰਾਨ ਉਭਰ ਕੇ ਸਾਹਮਣੇ ਆਏ। ਇਸ ਸੈਸ਼ਨ ਦੌਰਾਨ ਟੀ.ਵੀ.ਪੱਤਰਕਾਰ ਬਰਖਾ ਦੱਤ ਵੱਲੋਂ ਉਸ ਵੇਲੇ ਸਟਾਰ ਪਲੱਸ ਲਈ ਗਰਾਊਂਡ ਜ਼ੀਰੋ ਤੋਂ ਕੀਤੀ ਕਵਰੇਜ਼ ਦੀ ਵੀਡਿਓ ਫੋਟੇਜ਼ ਵੀ ਦਿਖਾਈ ਗਈ।ਸੈਸ਼ਨ ਦੌਰਾਨ ਸੱਤਵੀਂ ਕਲਾਸ ਦੇ ਇਕ ਵਿਦਿਆਰਥੀ ਅਦਿਤਿਆ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕਰਨਲ ਤਿਆਗੀ ਨੇ ਕਿਹਾ ਕਿ ਕਾਰਗਿਲ ਦੀ ਲੜਾਈ ਸਮੁੰਦਰੀ ਤਲ ਤੋਂ 18000 ਫੁੱਟ ਦੀ ਉਚਾਈ 'ਤੇ ਲੜੀ ਗਈ ਜਿੱਥੇ ਦੁਸ਼ਮਣ ਰਣਨੀਤੀਕ ਤੌਰ 'ਤੇ ਬਿਹਤਰ ਤੇ ਉਚੀ ਥਾਂ ਉਤੇ ਬੈਠਾ ਸੀ ਜਿਸ ਕਾਰਨ ਇਸ ਲੜਾਈ ਨੂੰ ਸਰ ਕਰਨਾ ਹੋਰ ਵੀ ਕਠਨ ਸੀ। ਉਨ੍ਹਾਂ ਕਿਹਾ ਕਿ ਹੱਡ ਚੀਰਵੀਂ ਠੰਡ ਦੌਰਾਨ ਹਥਿਆਰ ਲੈ ਕੇ ਚੜ੍ਹਾਈ ਚੜ੍ਹਨਾ ਹੋਰ ਵੀ ਔਖਾ ਸੀ।ਵਿਕਰਮ ਜੀਤ ਸਿੰਘ ਨੇ ਕਿਹਾ ਕਿ ਕਰਨਲ ਤਿਆਗੀ ਵੱਲੋਂ ਲਿਖੀ ਪੁਸਤਕ ਦੀ ਸਭ ਤੋਂ ਵੱਡੀ ਪ੍ਰਮਾਣਿਕਤਾ ਇਹ ਹੈ ਕਿ ਉਨ੍ਹਾਂ ਕੋਲ ਗਰਾਊਂਡ ਜ਼ੀਰੋ ਦਾ ਨਿੱਜੀ ਤਜ਼ਰਬਾ ਸੀ ਜਦੋਂ ਕਿ ਹੋਰ ਪੱਤਰਕਾਰ ਜਾਂ ਲੇਖਕ ਇਹ ਅਨੁਭਵ ਹਾਸਲ ਨਹੀਂ ਕਰ ਸਕਦਾ ਸੀ। ਉਨ੍ਹਾਂ ਕਿਹਾ ਕਿ ਇਹ ਪੁਸਤਕ ਕਾਰਗਿਲ ਜੰਗ ਦੀਆਂ ਕਈ ਅਣਕਹੇ ਪੱਖਾਂ 'ਤੇ ਝਾਤ ਪਾਉਂਦੀ ਹੋਣ ਕਰ ਕੇ ਪੜ੍ਹਨਯੋਗ ਤੇ ਸਾਂਭਣਯੋਗ ਹੈ।