5 Dariya News

'ਦ ਬਿਗਲ ਕਾਲਸ: ਏ ਲਾਈਫ਼ ਇਨ ਦ ਇੰਡੀਅਨ ਆਰਮੀ' ਕਿਤਾਬ 'ਤੇ ਵਿਚਾਰ-ਚਰਚਾ

ਕਿਤਾਬ ਰਾਹੀਂ ਫ਼ੌਜ 'ਚ ਭਰਤੀ ਹੋਣ ਨਾਲ ਜੁੜੇ ਜਜ਼ਬਿਆਂ ਨੂੰ ਉਜਾਗਰ ਕਰਨ ਸਣੇ ਰੈਜੀਮੈਂਟਲ ਪ੍ਰਣਾਲੀ ਅਤੇ 1965 ਦੀ ਆਸਲ-ਉਤਾੜ ਦੀ ਲੜਾਈ 'ਤੇ ਪਾਇਆ ਗਿਆ ਚਾਨਣਾ

5 Dariya News

ਚੰਡੀਗੜ੍ਹ 13-Dec-2019

ਇਥੋਂ ਦੇ ਲੇਕ ਕਲੱਬ ਵਿਖੇ ਅੱਜ ਸ਼ੁਰੂ ਹੋਏ ਮਿਲਟਰੀ ਲਿਟਰੇਚਰ ਫ਼ੈਸਟੀਵਲ ਵਿੱਚ ਫ਼ੌਜ ਨਾਲ ਸਬੰਧਤ ਸਾਹਿਤ ਨਾਲ ਲੋਕਾਂ ਨੂੰ ਜੋੜਨ ਦੀ ਲੜੀ ਤਹਿਤ 'ਦ ਬਿਗਲ ਕਾਲਸ-ਏ ਲਾਈਫ਼ ਇਨ ਦ ਇੰਡੀਅਨ ਆਰਮੀ' ਕਿਤਾਬ 'ਤੇ ਵਿਚਾਰ-ਚਰਚਾ ਕੀਤੀ ਗਈ। ਵਿਚਾਰ-ਵਟਾਂਦਰਾ ਸੈਸ਼ਨ ਦਾ ਮੁੱਖ ਧੁਰਾ ਰਹੀ ਇਹ ਕਿਤਾਬ ਫ਼ੌਜ ਵਿੱਚ ਭਰਤੀ ਹੋਣ ਵਾਲੇ ਅਫ਼ਸਰ ਦੇ ਜਜ਼ਬਾਤ ਨੁੰ ਉਜਾਗਰ ਕਰਨ ਸਣੇ ਹੋਰਨਾਂ ਵੱਖ-ਵੱਖ ਪਹਿਲੂਆਂ ਨੂੰ ਦ੍ਰਿਸ਼ਮਾਨ ਕਰਦੀ ਹੈ।ਵਿਚਾਰ-ਵਟਾਂਦਰਾ ਸੈਸ਼ਨ ਦੌਰਾਨ ਪੈਨਲ ਵਿੱਚ ਮੁੱਖ ਲੇਖਕ ਲੈਫ਼ਟੀਨੈਂਟ ਕਰਨਲ (ਸੇਵਾ ਮੁਕਤ) ਨਰੇਸ਼ ਰਸਤੋਗੀ, ਸਹਿ ਲੇਖਕ ਕਿਰਨ ਦੋਸ਼ੀ ਅਤੇ ਲੈਫ਼ਟੀਨੈਂਟ ਜਨਰਲ (ਸੇਵਾ ਮੁਕਤ) ਹਰਭਜਨ ਸਿੰਘ ਸ਼ਾਮਲ ਹੋਏ ਜਦਕਿ ਵਿਚਾਰ-ਚਰਚਾ ਦੀ ਕਾਰਵਾਈ ਲੈਫ਼ਟੀਨੈਂਟ ਜਨਰਲ (ਸੇਵਾ ਮੁਕਤ) ਵਿਜੇ ਓਬਰਾਏ ਨੇ ਚਲਾਈ।ਫ਼ੌਜ ਵਿਚ ਕੈਡਿਟ ਅਤੇ ਇਕ ਅਧਿਕਾਰੀ ਵਜੋਂ ਆਪਣੇ ਦਿਨਾਂ ਨੂੰ ਯਾਦ ਕਰਦਿਆਂ ਲੈਫ਼ਟੀਨੈਂਟ ਕਰਨਲ ਰਸਤੋਗੀ ਨੇ ਕਿਹਾ ਕਿ ਕਿਤਾਬ ਦਾ ਪਹਿਲਾ ਹਿੱਸਾ ਫ਼ੌਜ ਵਿਚ ਨੌਕਰੀ ਕਰਦਿਆਂ ਉਨ੍ਹਾਂ ਦੇ ਜਜ਼ਬਾਤ ਨਾਲ ਜੁੜਿਆ ਹੋਇਆ ਹੈ ਜਦਕਿ ਦੂਜਾ ਭਾਗ 1950 ਅਤੇ 1960 ਦੇ ਦਹਾਕੇ ਦੇ ਭਾਰਤ ਨਾਲ ਸਬੰਧ ਰੱਖਦਾ ਹੈ, ਜੋ ਅੱਜ ਨਾਲੋਂ ਬਿਲਕੁਲ ਵੱਖਰਾ ਸੀ।ਆਪਣੇ ਵਿਚਾਰ ਪ੍ਰਗਟਾਉਂਦਿਆਂ ਲੈਫ਼ਟੀਨੈਂਟ ਜਨਰਲ (ਸੇਵਾ ਮੁਕਤ) ਹਰਭਜਨ ਸਿੰਘ ਨੇ ਕਿਹਾ ਕਿ ਕਿਤਾਬ ਦਾ ਸਭ ਤੋਂ ਅਹਿਮ ਹਿੱਸਾ ਸੰਨ 1965 ਦੀ ਆਸਲ-ਉਤਾੜ ਜੰਗ ਨਾਲ ਸਬੰਧਤ ਹੈ ਜਿਸ ਦਾ ਲੇਖਕ 1971 ਦੀ ਜੰਗ ਸਣੇ ਹਿੱਸਾ ਰਿਹਾ ਹੈ। ਉਨ੍ਹਾਂ ਚੇਤੇ ਕੀਤਾ ਕਿ ਕਿਵੇਂ ਆਸਲ-ਉਤਾੜ ਦੀ ਜੰਗ ਦੌਰਾਨ ਪਾਕਿਸਤਾਨੀ ਹਥਿਆਰਬੰਦ ਕਾਰਵਾਈਆਂ ਨੂੰ ਨਕਾਰਾ ਕਰ ਦਿੱਤਾ ਗਿਆ ਸੀ।ਇਸ ਤੋਂ ਇਲਾਵਾ ਹੋਰ ਪਹਿਲੂ 'ਤੇ ਚਾਨਣਾ ਪਾਉਂਦਿਆਂ ਲੈਫ਼ਟੀਨੈਂਟ ਜਨਰਲ ਹਰਭਜਨ ਸਿੰਘ ਨੇ ਕਿਹਾ ਕਿ ਫ਼ੌਜ ਵਿੱਚ ਸਥਾਪਤ ਰੈਜੀਮੈਂਟਲ ਪ੍ਰਣਾਲੀ ਜੀਵਨ ਜਿਉਣ ਦਾ ਢੰਗ ਅਤੇ ਇਸ ਸੰਸਥਾ ਦੀ ਰੀੜ੍ਹ ਦੀ ਹੱਡੀ ਹੈ। ਹਾਲਾਂਕਿ ਇਸ ਵਿਚ ਮਾਮੂਲੀ ਜਿਹੀਆਂ ਕਮੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ।